ਸਵਾਈਨ ਫਲੂ ਤੋਂ ਬਾਅਦ ਹੁਣ ਸਕ੍ਰਬ ਟਾਈਫਸ ਨੇ ਵਧਾਈ ਚਿੰਤਾ, 165 ਦੀ ਜਾਂਚ ’ਚ 36 ਮਾਮਲੇ ਸ਼ੱਕੀ ਆਏ ਅਲਮੋੜਾ ’ਚ ਸਵਾਈਨ ਫਲੂ ਤੋਂ ਬਾਅਦ ਹੁਣ ਸਕ੍ਰਬ ਟਾਈਫਸ ਨੇ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਸਤੰਬਰ ’ਚ 165 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 36 ’ਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ 11 ਬਲਾਕਾਂ ’ਚ ਨਿਗਰਾਨੀ ਵਧਾ ਦਿੱਤੀ ਗਈ ਹੈ।
Publish Date: Wed, 16 Sep 2026 03:32 PM (IST)
Updated Date: Wed, 16 Sep 2026 03:38 PM (IST)
ਹੇਮੰਤ ਬਿਸ਼ਟ, ਅਲਮੋੜਾ : ਜ਼ਿਲ੍ਹੇ ’ਚ ਸਵਾਈਨ ਫਲੂ ਦੇ ਖਤਰੇ ਦਰਮਿਆਨ ਹੁਣ ਸਕ੍ਰਬ ਟਾਈਫਸ ਨੇ ਵੀ ਸਿਹਤ ਵਿਭਾਗ ਦੀ ਚਿੰਤਾ ਵਧਾ ਦਿੱਤੀ ਹੈ। ਸਤੰਬਰ ’ਚ ਬੇਸ ਹਸਪਤਾਲ ਦੀ ਮਾਈਕ੍ਰੋਬਾਇਓਲੋਜੀ ਲੈਬ ’ਚ ਸਕ੍ਰਬ ਟਾਈਫਸ ਦੀ ਆਸ਼ੰਕਾ ਦੇ ਚਲਦਿਆਂ 165 ਲੋਕਾਂ ਦੀ ਜਾਂਚ ਕੀਤੀ ਗਈ, ਜਿਸ ’ਚ 36 ਲੋਕਾਂ ’ਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ’ਚੋਂ ਚਾਰ ਮਰੀਜ਼ਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਹੋਰ ਮਰੀਜ਼ ਡਾਕਟਰੀ ਸਲਾਹ ਮੁਤਾਬਕ ਘਰ ’ਚ ਇਲਾਜ ਕਰਵਾ ਰਹੇ ਹਨ। ਸ਼ੱਕੀ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਸਾਰੇ 11 ਬਲਾਕਾਂ ’ਚ ਨਿਗਰਾਨੀ ਵਧਾ ਦਿੱਤੀ ਹੈ। ਸਿਹਤ ਵਿਭਾਗ ਮੁਤਾਬਕ ਸਵਾਈਨ ਫਲੂ ਦੇ ਚਾਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪਹਿਲਾਂ ਹੀ ਸਾਵਧਾਨੀ ਵਰਤੀ ਜਾ ਰਹੀ ਸੀ। ਹੁਣ ਸਕ੍ਰਬ ਟਾਈਫਸ ਦੇ ਮਰੀਜ਼ ਮਿਲਣ ਤੋਂ ਬਾਅਦ ਸਿਹਤ ਕੇਂਦਰਾਂ ਨੂੰ ਵੀ ਅਲਰਟ ਕੀਤਾ ਗਿਆ ਹੈ। ਸਾਰੇ ਸੀਐਚਸੀ ’ਚ ਕਮਿਊਨਿਟੀ ਹੈਲਥ ਅਫਸਰਾਂ (ਸੀਐਚਓ) ਨੂੰ ਸ਼ੱਕੀ ਲੱਛਣਾਂ ਵਾਲੇ ਮਰੀਜ਼ਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਗੰਭੀਰ ਮਰੀਜ਼ਾਂ ਨੂੰ ਜ਼ਿਲ੍ਹਾ ਮੁੱਖ ਦਫ਼ਤਰ ਸਥਿਤ ਹਸਪਤਾਲ ’ਚ ਆਈਸੀਯੂ ਸਮੇਤ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਪੇਂਡੂ ਖੇਤਰਾਂ ’ਚ ਵੀ ਮਿਲੇ ਸੰਕਰਮਿਤ ਬੇਸ ਹਸਪਤਾਲ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਮੁਤਾਬਕ ਜਾਂਚ ’ਚ ਸੰਕਰਮਿਤ ਮਿਲੇ ਮਰੀਜ਼ਾਂ ’ਚ ਅਲਮੋੜਾ ਸ਼ਹਿਰ ਦੇ ਨਾਲ-ਨਾਲ ਪੇਂਡੂ ਖੇਤਰਾਂ ਦੇ ਲੋਕ ਵੀ ਸ਼ਾਮਲ ਹਨ। ਡਾਕਟਰਾਂ ਨੇ ਲੋਕਾਂ ਨੂੰ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰਨ ਤੇ ਸਮੇਂ ਸਿਰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਪਿਛਲੇ ਸਾਲ ਧੌਲਾਦੇਵੀ ਬਲਾਕ ’ਚ ਸਕ੍ਰਬ ਟਾਈਫਸ ਕਾਰਨ ਚਾਰ ਤੋਂ ਵੱਧ ਲੋਕਾਂ ਦੀ ਮੌਤ ਵੀ ਹੋਈ ਸੀ।
ਕੀ ਹੈ ਸਕ੍ਰਬ ਟਾਈਫਸ? ਸਕ੍ਰਬ ਟਾਈਫਸ ਓਰੀਐਂਟੀਆ ਤਸੁਤਸੁਗਾਮੁਸ਼ੀ (Orientia tsutsugamushi) ਨਾਮਕ ਬੈਕਟੀਰੀਆ ਕਾਰਨ ਹੋਣ ਵਾਲਾ ਸੰਕਰਮਣ ਹੈ। ਇਹ ਸੰਕਰਮਿਤ ਚਿਗਰਸ ਅਰਥਾਤ ਲਾਰਵਾ ਮਾਈਟਸ ਦੇ ਕੱਟਣ ਨਾਲ ਫੈਲਦਾ ਹੈ। ਝਾੜੀਆਂ, ਘਾਹ ਤੇ ਪੇਂਡੂ ਖੇਤਰਾਂ ’ਚ ਇਸ ਦੇ ਸੰਕਰਮਣ ਦਾ ਖਤਰਾ ਵੱਧ ਰਹਿੰਦਾ ਹੈ।
ਲੱਛਣ ਤੇਜ਼ ਬੁਖਾਰ ਤੇ ਠੰਢ ਲੱਗਣਾ ਤੇਜ਼ ਸਿਰਦਰਦ ਤੇ ਮਾਸਪੇਸ਼ੀਆਂ ’ਚ ਦਰਦ ਕੱਟਣ ਵਾਲੀ ਥਾਂ ’ਤੇ ਕਾਲਾ ਜ਼ਖ਼ਮ ਜਾਂ ਨਿਸ਼ਾਨ ਸਰੀਰ ’ਤੇ ਲਾਲ ਚਕੱਤੇ ਪੈਣਾ
ਬਚਾਅ ਲਈ ਸਾਵਧਾਨੀ ਜ਼ਰੂਰੀ ਝਾੜੀਆਂ ਤੇ ਜ਼ਿਆਦਾ ਘਾਹ ਵਾਲੇ ਖੇਤਰਾਂ ’ਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ। ਜੇ ਅਜਿਹੀਆਂ ਥਾਵਾਂ ’ਤੇ ਜਾਣਾ ਜ਼ਰੂਰੀ ਹੋਵੇ ਤਾਂ ਪੂਰੀ ਬਾਂਹਾਂ ਵਾਲੇ ਕੱਪੜੇ ਪਾ ਕੇ ਸਰੀਰ ਨੂੰ ਢੱਕ ਕੇ ਰੱਖਣ ਲਈ ਕਿਹਾ ਗਿਆ ਹੈ। ਬੁਖਾਰ ਜਾਂ ਹੋਰ ਲੱਛਣ ਦਿਖਾਈ ਦੇਣ ’ਤੇ ਆਪਣੇ ਆਪ ਦਵਾਈ ਲੈਣ ਦੀ ਬਜਾਏ ਡਾਕਟਰ ਨਾਲ ਸਲਾਹ ਕਰਨ ਦੀ ਸਲਾਹ ਦਿੱਤੀ ਗਈ ਹੈ।
“ਸਕ੍ਰਬ ਟਾਈਫਸ ਨੂੰ ਲੈ ਕੇ ਵਿਭਾਗ ਪੂਰੀ ਤਰ੍ਹਾਂ ਸਚੇਤ ਹੈ। ਜ਼ਿਲ੍ਹੇ ’ਚ ਲਗਾਤਾਰ ਜਾਗਰੂਕਤਾ ਮੁਹਿੰਮ ਚਲਾਈਆਂ ਜਾ ਰਹੀਆਂ ਹਨ ਤੇ ਸਾਰੇ ਬਲਾਕਾਂ ’ਚ ਨਿਗਰਾਨੀ ਵਧਾਈ ਗਈ ਹੈ। ਸ਼ੱਕੀ ਮਰੀਜ਼ਾਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਲਈ ਸਿਹਤ ਕਰਮਚਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਗਏ ਹਨ।”
— ਡਾ. ਕਮਲੇਸ਼ ਜੋਸ਼ੀ, ਜ਼ਿਲ੍ਹਾ ਸਰਵਿਲਾਂਸ ਅਧਿਕਾਰੀ, ਅਲਮੋੜਾ
“ਸਤੰਬਰ ’ਚ ਸਕ੍ਰਬ ਟਾਈਫਸ ਦੀ ਆਸ਼ੰਕਾ ਦੇ ਚਲਦਿਆਂ 165 ਲੋਕਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚ 36 ’ਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਸੰਕਰਮਿਤ ਮਰੀਜ਼ਾਂ ’ਚ ਮੁੱਖ ਦਫ਼ਤਰ ਦੇ ਨਾਲ-ਨਾਲ ਪੇਂਡੂ ਖੇਤਰਾਂ ਦੇ ਲੋਕ ਵੀ ਸ਼ਾਮਲ ਹਨ।”
— ਡਾ. ਵਿਕਰਾਂਤ ਨੇਗੀ, ਅਸਿਸਟੈਂਟ ਪ੍ਰੋਫੈਸਰ, ਮਾਈਕ੍ਰੋਬਾਇਓਲੋਜੀ ਵਿਭਾਗ, ਬੇਸ ਹਸਪਤਾਲ ਅਲਮੋੜਾ