CJP ਤੋਂ ਬਾਅਦ ਹੁਣ 'ਦਿਮਾਗੀ ਨਕਸਲ ਪਾਰਟੀ' ਦਾ ਬਣਿਆ ਇੰਸਟਾਗ੍ਰਾਮ ਅਕਾਊਂਟ, 24 ਘੰਟਿਆਂ ’ਚ 1.7 ਲੱਖ ਤੋਂ ਵੱਧ ਫਾਲੋਅਰਜ਼
ਇੰਸਟਾਗ੍ਰਾਮ 'ਤੇ ਮੌਜੂਦ ਜਾਣਕਾਰੀ ਦੇ ਅਨੁਸਾਰ, ਇਹ ਅਕਾਊਂਟ ਇਸੇ ਮਹੀਨੇ ਬਣਾਇਆ ਗਿਆ ਸੀ। ਲੌਗ ਤੋਂ ਪਤਾ ਲੱਗਦਾ ਹੈ ਕਿ ਯੂਜ਼ਰਨੇਮ ਇੱਕ ਵਾਰ ਬਦਲਿਆ ਗਿਆ ਸੀ। ਇਸ ਅਕਾਊਂਟ 'ਤੇ ਹੁਣ ਤੱਕ 63 ਪੋਸਟਾਂ ਕੀਤੀਆਂ ਗਈਆਂ ਹਨ। ਇਹ ਲਗਪਗ 35 ਲੋਕਾਂ ਨੂੰ ਫਾਲੋ ਕਰਦਾ ਹੈ। ਹਾਲਾਂਕਿ, ਇਸ ਦਾ ਸੰਚਾਲਨ ਕੌਣ ਕਰ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
Publish Date: Mon, 17 Aug 2026 11:17 AM (IST)
Updated Date: Mon, 17 Aug 2026 11:19 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 'ਕਾਕਰੋਚ ਜਨਤਾ ਪਾਰਟੀ' (CJP) ਤੋਂ ਬਾਅਦ ਹੁਣ 'ਦਿਮਾਗੀ ਨਕਸਲ ਪਾਰਟੀ' ਨਾਮ ਦਾ ਇੱਕ ਨਵਾਂ ਅਕਾਊਂਟ ਰਾਤੋ-ਰਾਤ ਸੁਰਖੀਆਂ ਵਿੱਚ ਆ ਗਿਆ ਹੈ। ਇਸ ਅਕਾਊਂਟ ਨੇ ਸਿਰਫ਼ 24 ਘੰਟਿਆਂ ਵਿੱਚ 1.7 ਲੱਖ ਤੋਂ ਵੱਧ ਫਾਲੋਅਰਜ਼ ਹਾਸਲ ਕਰ ਲਏ ਹਨ।
ਇੰਸਟਾਗ੍ਰਾਮ 'ਤੇ ਮੌਜੂਦ ਜਾਣਕਾਰੀ ਦੇ ਅਨੁਸਾਰ, ਇਹ ਅਕਾਊਂਟ ਇਸੇ ਮਹੀਨੇ ਬਣਾਇਆ ਗਿਆ ਸੀ। ਲੌਗ ਤੋਂ ਪਤਾ ਲੱਗਦਾ ਹੈ ਕਿ ਯੂਜ਼ਰਨੇਮ ਇੱਕ ਵਾਰ ਬਦਲਿਆ ਗਿਆ ਸੀ। ਇਸ ਅਕਾਊਂਟ 'ਤੇ ਹੁਣ ਤੱਕ 63 ਪੋਸਟਾਂ ਕੀਤੀਆਂ ਗਈਆਂ ਹਨ। ਇਹ ਲਗਪਗ 35 ਲੋਕਾਂ ਨੂੰ ਫਾਲੋ ਕਰਦਾ ਹੈ। ਹਾਲਾਂਕਿ, ਇਸ ਦਾ ਸੰਚਾਲਨ ਕੌਣ ਕਰ ਰਿਹਾ ਹੈ, ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਕਿਵੇਂ ਹੋਈ 'ਦਿਮਾਗੀ ਨਕਸਲ ਪਾਰਟੀ' ਦੀ ਸ਼ੁਰੂਆਤ?
ਦਰਅਸਲ, ਇਹ ਮਾਮਲਾ ਅਜਿਹੇ ਸਮੇਂ ਵਿੱਚ ਸਾਹਮਣੇ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਦੇ ਆਪਣੇ ਭਾਸ਼ਣ ਵਿੱਚ ਹਥਿਆਰਬੰਦ ਨਕਸਲੀਆਂ ਦੇ ਖ਼ਾਤਮੇ ਦਾ ਜ਼ਿਕਰ ਕਰਦੇ ਹੋਏ ਦੇਸ਼ ਨੂੰ ਘਾਤ ਲਾ ਕੇ ਬੈਠੇ 'ਬੁੱਧੀਜੀਵੀ/ਦਿਮਾਗੀ ਨਕਸਲੀਆਂ' ਤੋਂ ਸੁਚੇਤ ਰਹਿਣ ਦਾ ਸੱਦਾ ਦਿੱਤਾ ਸੀ। ਜਿਸ ਤੋਂ ਬਾਅਦ 'ਦਿਮਾਗੀ ਨਕਸਲ ਪਾਰਟੀ' ਚਰਚਾ ਵਿੱਚ ਆਈ ਹੈ। ਇਸ ਨਾਮ ਨਾਲ ਇੰਸਟਾਗ੍ਰਾਮ 'ਤੇ ਕਈ ਅਕਾਊਂਟ ਦਿਖਾਈ ਦੇ ਰਹੇ ਹਨ।
ਪੀ.ਐੱਮ. ਮੋਦੀ ਨੇ ਕੀ ਕਿਹਾ ਸੀ?
ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲ੍ਹੇ ਦੀ ਪਰਾਚੀਰ ਤੋਂ ਪੀ.ਐੱਮ. ਮੋਦੀ ਨੇ ਆਪਣੇ ਭਾਸ਼ਣ ਵਿੱਚ ਕਿਹਾ, "ਭਾਵੇਂ ਜੰਗਲ ਵਿੱਚ ਹਥਿਆਰ ਚੁੱਕਣ ਵਾਲੇ ਨਕਸਲੀ ਖ਼ਤਮ ਹੋ ਗਏ ਹੋਣ ਪਰ ਦਿਮਾਗੀ ਨਕਸਲੀ ਹੁਣ ਵੀ ਮੌਕੇ ਦੀ ਤਲਾਸ਼ ਵਿੱਚ ਹਨ। ਉਹ ਹਿੰਸਾ ਦੇ ਤਰੀਕੇ ਲੱਭ ਰਹੇ ਹਨ ਅਤੇ ਦੇਸ਼ ਨੂੰ ਗ਼ਲਤ ਰਸਤੇ 'ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਅਲੱਗ-ਥਲੱਗ ਕੀਤਾ ਜਾਣਾ ਚਾਹੀਦਾ ਹੈ।"
ਕੌਣ ਹਨ 'ਦਿਮਾਗੀ ਨਕਸਲੀ'? ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਦੱਸੀ ਪਛਾਣ
ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਆਪਣੀ ਪੋਸਟ ’ਚ ਸਾਫ਼ ਕੀਤਾ ਕਿ 'ਦਿਮਾਗੀ ਨਕਸਲ' ਸ਼ਬਦ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਲੋਕਾਂ ਲਈ ਕੀਤੀ ਗਈ ਹੈ ਜੋ ਮਾਓਵਾਦੀਆਂ ਦਾ ਸਮਰਥਨ ਕਰਦੇ ਹਨ ਅਤੇ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ। ਵੱਖਵਾਦੀਆਂ ਦੇ ਨਾਲ ਖੜ੍ਹੇ ਹੁੰਦੇ ਹਨ ਅਤੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਦਾ ਸਮਰਥਨ ਕਰਦੇ ਹਨ। ਭਾਰਤ ਦੇ ਉੱਤਰ-ਪੂਰਬੀ ਹਿੱਸੇ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਖ ਕਰਨ ਲਈ 'ਚਿਕਨਜ਼ ਨੇਕ' (ਕੁੱਕੜ ਦੀ ਗਰਦਨ) ਨੂੰ ਕੱਟਣ ਦੀ ਸਾਜ਼ਿਸ਼ ਰਚਦੇ ਹਨ।