ਮੌਤ ਬਣ ਕੇ ਡਿੱਗਿਆ ਨਿਰਮਾਣ ਅਧੀਨ ਢਾਂਚਾ, ਮਲਬੇ ਹੇਠ 14 ਮਜ਼ਦੂਰ ਦੱਬੇ; 8 ਦੀ ਹਾਲਤ ਗੰਭੀਰ
ਮਹਾਰਾਸ਼ਟਰ ਦੇ ਰਾਏਗੜ੍ਹ ’ਚ ਨਿਰਮਾਣ ਅਧੀਨ ਢਾਂਚਾ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ 8 ਮਜ਼ਦੂਰ ਜ਼ਖ਼ਮੀ ਹੋ ਗਏ ਹਨ, ਜਦਕਿ 14 ਮਜ਼ਦੂਰ ਮਲਬੇ ਹੇਠ ਦੱਬੇ ਹੋਏ ਹਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹੈ।
Publish Date: Tue, 13 Oct 2026 01:51 PM (IST)
Updated Date: Tue, 13 Oct 2026 01:55 PM (IST)
ਡਿਜੀਟਲ ਡੈਸਕ, ਮੁੰਬਈ। ਮਹਾਰਾਸ਼ਟਰ ਦੇ ਰਾਏਗੜ੍ਹ ਤੋਂ ਇੱਕ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਖਾਲਾਪੁਰ ਤਾਲੁਕਾ ਦੇ ਮਨਕੀਵਲੀ ਪਿੰਡ ’ਚ ਨਿਰਮਾਣ ਕਾਰਜ ਦੌਰਾਨ ਇੱਕ ਢਾਂਚਾ ਡਿੱਗ ਗਿਆ। ਇਸ ਹਾਦਸੇ ’ਚ ਅੱਠ ਮਜ਼ਦੂਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਹਨ।
ਉੱਥੇ ਹੀ, 14 ਮਜ਼ਦੂਰ ਮਲਬੇ ਹੇਠ ਦੱਬੇ ਹੋਏ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਬਚਾਅ ਕਾਰਜ ਲਈ ਰੈਸਕਿਊ ਟੀਮ ਨੂੰ ਮੌਕੇ ’ਤੇ ਭੇਜਿਆ ਜਾ ਚੁੱਕਾ ਹੈ। ਰਾਹਤ ਤੇ ਬਚਾਅ ਕਾਰਜ ਲਗਾਤਾਰ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਲਬਾ ਹਟਾਉਣ ਲਈ ਕਰੇਨ ਤੇ ਹਾਈਡਰਾ ਸਮੇਤ ਭਾਰੀ ਮਸ਼ੀਨਾਂ ਦੀ ਲੋੜ ਪੈ ਸਕਦੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਪ੍ਰਸ਼ਾਸਨ ਤੇ ਬਚਾਅ ਟੀਮ ਮੌਕੇ ’ਤੇ ਪਹੁੰਚ ਗਈ। ਮਜ਼ਦੂਰਾਂ ਨੂੰ ਮਲਬੇ ’ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨਿਰਮਾਣ ਅਧੀਨ ਢਾਂਚਾ ਕਿਨ੍ਹਾਂ ਕਾਰਨਾਂ ਕਰਕੇ ਡਿੱਗਿਆ। ਇਸ ਦੌਰਾਨ ਪੁਲਿਸ ਨੇ ਢਾਂਚੇ ਦੇ ਨਿਰਮਾਣ ਨਾਲ ਜੁੜੇ ਲੋਕਾਂ ਵਿਰੁੱਧ ਸ਼ਿਕਾਇਤ ਦਰਜ ਕਰਨ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।