ਤੇਜ਼ ਰਫ਼ਤਾਰ BMW ਬੈਰੀਅਰ ਤੋੜ ਕੇ ਪੁਲ ਦੇ ਹੇਠਾਂ ਡਿੱਗੀ, ਡਿੱਗਣ ਤੋਂ ਪਹਿਲਾਂ ਇੱਕ ਜੋੜੇ ਨੂੰ ਮਾਰੀ ਸੀ ਟੱਕਰ; ਵੀਡੀਓ ਵਾਇਰਲ
ਮੁੰਬਈ ਦੇ ਕੋਸਟਲ ਰੋਡ ’ਤੇ ਐਤਵਾਰ ਨੂੰ ਇੱਕ ਤੇਜ਼ ਰਫ਼ਤਾਰ BMW ਕਾਰ ਬੈਰੀਅਰ ਤੋੜ ਕੇ ਹੇਠਾਂ ਡਿੱਗ ਗਈ, ਜਿਸ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ।
Publish Date: Mon, 21 Sep 2026 04:06 PM (IST)
Updated Date: Mon, 21 Sep 2026 04:09 PM (IST)
ਡਿਜੀਟਲ ਡੈਸਕ, ਮੁੰਬਈ : ਮੁੰਬਈ ਦੇ ਕੋਸਟਲ ਰੋਡ ’ਤੇ ਐਤਵਾਰ ਨੂੰ ਤੇਜ਼ ਰਫ਼ਤਾਰ BMW ਕਾਰ ਬੈਰੀਅਰ ਤੋੜ ਕੇ ਪੁਲ ਤੋਂ ਹੇਠਾਂ ਡਿੱਗ ਗਈ, ਜਿਸ ’ਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਹ ਕਾਰ ਪਹਿਲਾਂ ਵੀ ਇੱਕ ਘਟਨਾ ’ਚ ਸ਼ਾਮਲ ਰਹੀ ਸੀ ਤੇ ਇਸ ਸਾਲ ਮਾਰਚ ’ਚ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਦੋਸ਼ ’ਚ ਗਾਮਦੇਵੀ ਪੁਲਿਸ ਥਾਣੇ ’ਚ ਇਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ। ਛੇ ਮਹੀਨੇ ਪੁਰਾਣੀ ਉਸ ਘਟਨਾ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਓਂਕਾਰ ਸ਼ਿਰਕੇ ਆਪਣੀ ਪਤਨੀ ਨਾਲ ਸਫ਼ਰ ਕਰ ਰਹੇ ਸਨ, ਉਦੋਂ 29 ਮਾਰਚ ਨੂੰ BMW ਨੇ ਉਨ੍ਹਾਂ ਨੂੰ ਟੱਕਰ ਮਾਰੀ ਸੀ।
ਪੀੜਤਾਂ ਨੇ ਬਣਾਈ ਸੀ ਵੀਡੀਓ ਸ਼ਿਰਕੇ ਨੇ ਉਸ ਸਮੇਂ ਘਟਨਾ ਦੀ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀ। ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ’ਚ ਮਾਰਚ ਦੀ ਘਟਨਾ ਦੌਰਾਨ ਸ਼ਿਰਕੇ ਤੇ BMW ਚਲਾਉਣ ਵਾਲਾ ਵਿਅਕਤੀ ਨਜ਼ਰ ਆ ਰਹੇ ਹਨ। ਇਹ ਸ਼ਿਕਾਇਤ ਐਤਵਾਰ ਨੂੰ ਵਾਪਰੇ ਹਾਦਸੇ ਤੋਂ ਪਹਿਲਾਂ ਦਰਜ ਕੀਤੀ ਗਈ ਸੀ।
ਕੋਸਟਲ ਰੋਡ ’ਤੇ ਜਾਨਲੇਵਾ ਹਾਦਸਾ ਮਾਰਚ 2024 ’ਚ ਕੋਸਟਲ ਰੋਡ ਖੁੱਲ੍ਹਣ ਤੋਂ ਬਾਅਦ ਇੱਥੇ ਵਾਪਰੇ ਹਾਦਸਿਆਂ ’ਚ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਕਰ ਇਸ ਨਾਲ ਜੁੜੇ ਬੀਕੇਸੀ ਸਟ੍ਰੈਚ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਜਾਂਦੀ ਹੈ। ਐਤਵਾਰ ਸਵੇਰੇ ਕਰੀਬ 5:20 ਵਜੇ ਵਰਲੀ ’ਚ ਲੋਟਸ ਜੈਟੀ ਨੇੜੇ ਇੱਕ ਨਿਰਮਾਣ ਅਧੀਨ ਸਾਈਟ ’ਤੇ BMW ਕਾਰ ਤੇਜ਼ ਰਫ਼ਤਾਰ ’ਚ ਕੋਸਟਲ ਰੋਡ ਦਾ ਬੈਰੀਅਰ ਤੋੜ ਕੇ ਕਰੀਬ 75 ਮੀਟਰ ਹੇਠਾਂ ਜਾ ਡਿੱਗੀ। ਇਸ ਹਾਦਸੇ ’ਚ ਤਿੰਨ ਵਿਦਿਆਰਥੀਆਂ, ਜਿਨ੍ਹਾਂ ’ਚ ਇੱਕ ਨਾਬਾਲਗ ਵੀ ਸ਼ਾਮਲ ਸੀ, ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਸੀਸੀਟੀਵੀ ਫੁਟੇਜ ’ਚ ਕਾਰ ਨੂੰ ਮਰੀਨ ਡਰਾਈਵ ਤੋਂ ਹਾਜੀ ਅਲੀ ਵੱਲ ਜਾਂਦੇ ਹੋਏ ਦੂਜੇ ਪੱਧਰ ਦੇ ਰੈਂਪ ਤੋਂ ਹੇਠਾਂ ਡਿੱਗਣ ਤੋਂ ਪਹਿਲਾਂ ਤੇਜ਼ ਰਫ਼ਤਾਰ ’ਚ ਦੇਖਿਆ ਗਿਆ। ਪੁਲਿਸ ਨੇ ਕਿਹਾ ਕਿ ਤੇਜ਼ ਰਫ਼ਤਾਰ ਕਾਰਨ ਡਰਾਈਵਰ ਦਾ ਵਾਹਨ ’ਤੇ ਕੰਟਰੋਲ ਖੋ ਗਿਆ ਸੀ। ਮ੍ਰਿਤਕਾਂ ਦੀ ਪਛਾਣ ਧੈਰਿਆ ਸੇਠ (17), ਆਦਿਤਿਆ ਜਕਸਾਨੀਆ (19) ਤੇ ਸ਼ਨਾਯ ਗੱਜਰ (21) ਵਜੋਂ ਹੋਈ ਹੈ। ਸ਼ਨਾਯ ਆਪਣੇ ਪਰਿਵਾਰ ਦੀ ਕਾਰ ਚਲਾ ਰਿਹਾ ਸੀ।੍ਯ
ਆਦਿਤਿਆ ਓਸਵਾਲ (23) ਨੂੰ ਕਈ ਸੱਟਾਂ ਲੱਗੀਆਂ ਹਨ ਤੇ ਉਸ ਦਾ ਇਲਾਜ ਬੀਵਾਈਐੱਲ ਨਾਇਰ ਹਸਪਤਾਲ ’ਚ ਚੱਲ ਰਿਹਾ ਹੈ। ਇਹ ਚਾਰੇ ਗੁਜਰਾਤ ਦੇ ਰਹਿਣ ਵਾਲੇ ਸਨ ਤੇ ਮੁੰਬਈ ਦੇ ਦੋ ਕਾਲਜਾਂ ’ਚ ਪੜ੍ਹਾਈ ਕਰ ਰਹੇ ਸਨ।