ਇਨਸਾਨੀਅਤ ਦੀ ਅਨੋਖੀ ਮਿਸਾਲ : ਦੋ ਮੁਸਲਿਮ ਭਰਾਵਾਂ ਨੇ ਹਿੰਦੂ ਔਰਤ ਦਾ ਕੀਤਾ ਸਸਕਾਰ, ਪਿਛਲੇ 50 ਸਾਲਾਂ ਤੋਂ ਕਰ ਰਹੇ ਸਨ ਦੇਖਭਾਲ
ਕੇਰਲ ’ਚ ਦੋ ਮੁਸਲਿਮ ਭਰਾਵਾਂ ਨੇ 85 ਸਾਲਾ ਹਿੰਦੂ ਔਰਤ ਦਾ ਅੰਤਿਮ ਸੰਸਕਾਰ ਕੀਤਾ। ਦੋਵੇਂ ਪਿਛਲੇ ਪੰਜ ਦਹਾਕਿਆਂ ਤੋਂ ਉਨ੍ਹਾਂ ਦੀ ਦੇਖਭਾਲ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਨੂੰ ਆਪਣੀ ਮਾਂ ਵਾਂਗ ਮੰਨਦੇ ਸਨ। ਪਰਿਵਾਰਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੱਪੈਨਾਡ ਪੰਚਾਇਤ ਦੇ ਚਿੱਤਰਗਿਰੀ ’ਚ ਰਹਿਣ ਵਾਲੀ ਕਲਿਆਣੀ ਅੰਮਾ ਦਾ ਦੇਹਾਂਤ ਹੋ ਗਿਆ
Publish Date: Wed, 11 Nov 2026 12:04 PM (IST)
Updated Date: Wed, 11 Nov 2026 12:11 PM (IST)
ਵਾਇਨਾਡ, (ਪੀਟੀਆਈ) : ਕੇਰਲ ’ਚ ਦੋ ਮੁਸਲਿਮ ਭਰਾਵਾਂ ਨੇ 85 ਸਾਲਾ ਹਿੰਦੂ ਔਰਤ ਦਾ ਅੰਤਿਮ ਸੰਸਕਾਰ ਕੀਤਾ। ਦੋਵੇਂ ਪਿਛਲੇ ਪੰਜ ਦਹਾਕਿਆਂ ਤੋਂ ਉਨ੍ਹਾਂ ਦੀ ਦੇਖਭਾਲ ਕਰਦੇ ਆ ਰਹੇ ਸਨ ਅਤੇ ਉਨ੍ਹਾਂ ਨੂੰ ਆਪਣੀ ਮਾਂ ਵਾਂਗ ਮੰਨਦੇ ਸਨ। ਪਰਿਵਾਰਕ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੁੱਪੈਨਾਡ ਪੰਚਾਇਤ ਦੇ ਚਿੱਤਰਗਿਰੀ ’ਚ ਰਹਿਣ ਵਾਲੀ ਕਲਿਆਣੀ ਅੰਮਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਕੋਈ ਬੱਚਾ ਜਾਂ ਹੋਰ ਰਿਸ਼ਤੇਦਾਰ ਨਹੀਂ ਸੀ। ਅਜਿਹੇ ’ਚ ਰੱਜ਼ਾਕ ਅਤੇ ਸੁਲੇਮਾਨ ਅੱਗੇ ਆਏ ਅਤੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ।
ਦੋਵਾਂ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਕਲਿਆਣੀ ਅੰਮਾ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। ਉਹ ਲਗਪਗ 50 ਸਾਲਾਂ ਤੋਂ ਉਨ੍ਹਾਂ ਦੇ ਗੁਆਂਢੀ ਸਨ। ਉਹ ਹਮੇਸ਼ਾ ਕਲਿਆਣੀ ਅੰਮਾ ਦਾ ਧਿਆਨ ਰੱਖਦੇ, ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਦੇ, ਦਵਾਈਆਂ ਦਾ ਪ੍ਰਬੰਧ ਕਰਦੇ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਹਸਪਤਾਲ ਵੀ ਲੈ ਜਾਂਦੇ ਸਨ।
ਕਲਿਆਣੀ ਅੰਮਾ ਪਰਿਵਾਰਕ ਸਮਾਗਮਾਂ ਵਿਚ ਵੀ ਸ਼ਾਮਲ ਹੁੰਦੇ ਸਨ ਅਤੇ ਸਮੇਂ ਦੇ ਨਾਲ ਉਨ੍ਹਾਂ ਵਿਚਕਾਰ ਪਿਆਰ ਹੋਰ ਗੂੜ੍ਹਾ ਹੁੰਦਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਲਿਆਣੀ ਅੰਮਾ ਦੀ ਇੱਛਾ ਸੀ ਕਿ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਰੱਜ਼ਾਕ ਅਤੇ ਸੁਲੇਮਾਨ ਹੀ ਉਨ੍ਹਾਂ ਦਾ ਆਖ਼ਰੀ ਸੰਸਕਾਰ ਕਰਨ। ਉਹ ਦੋਵਾਂ ਨੂੰ ਆਪਣੇ ਸਕੇ ਪੁੱਤਰਾਂ ਵਾਂਗ ਮੰਨਦੇ ਸਨ। ਉਨ੍ਹਾਂ ਦੀ ਇਸੇ ਇੱਛਾ ਮੁਤਾਬਕ ਦੋਵਾਂ ਭਰਾਵਾਂ ਨੇ ਉਨ੍ਹਾਂ ਦੀ ਚਿਤਾ ਨੂੰ ਮੁਖਾਗਨੀ ਦਿੱਤੀ।