ਲਾਲ ਕ੍ਰਿਸ਼ਨ ਅਡਵਾਨੀ ਨੇ 100ਵੇਂ ਵਰ੍ਹੇ 'ਚ ਰੱਖਿਆ ਕਦਮ: ਭਾਜਪਾ ਮੁੱਖ ਦਫ਼ਤਰ 'ਚ ਹੋਇਆ ਹਵਨ, ਪਹੁੰਚੇ ਪੀਐੱਮ ਮੋਦੀ
ਸਵੇਰੇ ਹੋਏ ਹਵਨ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਅਡਵਾਨੀ ਦੀ ਧੀ ਪ੍ਰਤਿਭਾ ਅਡਵਾਨੀ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਦੇ ਲੰਮੇ ਜਨਤਕ ਜੀਵਨ, ਦੇਸ਼ ਪ੍ਰਤੀ ਅਟੁੱਟ ਸਮਰਪਣ ਤੇ ਜਥੇਬੰਦਕ ਯੋਗਦਾਨ ਨੂੰ ਦਰਸਾਉਂਦੀ 20 ਮਿੰਟ ਦੀ ਖ਼ਾਸ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਇਸ ਵਿਚ ਉਨ੍ਹਾਂ ਦੇ ਜੀਵਨ ਦੇ ਅਹਿਮ ਪੜਾਵਾਂ ਅਤੇ ਭਾਸ਼ਣਾਂ ਨੂੰ ਯਾਦ ਕੀਤਾ ਗਿਆ।
Publish Date: Tue, 10 Nov 2026 12:52 PM (IST)
Updated Date: Tue, 10 Nov 2026 12:57 PM (IST)
ਨਵੀਂ ਦਿੱਲੀ (ਪੀਟੀਆਈ)। ਭਾਜਪਾ ਨੇ ਐਤਵਾਰ ਨੂੰ ਆਪਣੇ ਸੰਸਥਾਪਕ ਮੈਂਬਰਾਂ ਵਿੱਚੋਂ ਇਕ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੇ 100ਵੇਂ ਵਰ੍ਹੇ ਵਿਚ ਕਦਮ ਰੱਖਣ ਮੌਕੇ ਪਾਰਟੀ ਦੇ ਕੌਮੀ ਮੁੱਖ ਦਫ਼ਤਰ ਵਿਚ ਖ਼ਾਸ ਪੂਜਾ-ਪਾਠ ਤੇ ਹਵਨ ਕਰਵਾਇਆ। ਦੀਵਾਲੀ ਦੇ ਪਵਿੱਤਰ ਤਿਉਹਾਰ ਨਾਲ ਜੁੜੇ ਇਸ ਖ਼ਾਸ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ ਤੇ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
ਸਵੇਰੇ ਹੋਏ ਹਵਨ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ, ਅਡਵਾਨੀ ਦੀ ਧੀ ਪ੍ਰਤਿਭਾ ਅਡਵਾਨੀ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਰਹੇ। ਇਸ ਮੌਕੇ ਉਨ੍ਹਾਂ ਦੇ ਲੰਮੇ ਜਨਤਕ ਜੀਵਨ, ਦੇਸ਼ ਪ੍ਰਤੀ ਅਟੁੱਟ ਸਮਰਪਣ ਤੇ ਜਥੇਬੰਦਕ ਯੋਗਦਾਨ ਨੂੰ ਦਰਸਾਉਂਦੀ 20 ਮਿੰਟ ਦੀ ਖ਼ਾਸ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਇਸ ਵਿਚ ਉਨ੍ਹਾਂ ਦੇ ਜੀਵਨ ਦੇ ਅਹਿਮ ਪੜਾਵਾਂ ਅਤੇ ਭਾਸ਼ਣਾਂ ਨੂੰ ਯਾਦ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਖ਼ਾਸ ਲੇਖ ਰਾਹੀਂ ਅਡਵਾਨੀ ਹੁਰਾਂ ਦੀ ਵਿਚਾਰਕ ਸਪੱਸ਼ਟਤਾ, ਬੌਧਿਕ ਤਿੱਖਾਪਣ ਅਤੇ ਧਰਮ-ਨਿਰਪੱਖਤਾ ਬਾਰੇ ਉਨ੍ਹਾਂ ਦੀ ਸੋਚ ਦੀ ਸ਼ਲਾਘਾ ਕੀਤੀ ਸੀ। ਉਨ੍ਹਾਂ ਕਿਹਾ ਕਿ ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜੋੜੀ ਨੇ ਮਿਲ ਕੇ ਭਾਰਤੀ ਰਾਜਨੀਤੀ ਦੀ ਦਿਸ਼ਾ ਅਤੇ ਦਸ਼ਾ ਹਮੇਸ਼ਾ ਲਈ ਬਦਲ ਦਿੱਤੀ।
ਅੱਠ ਨਵੰਬਰ 1927 ਨੂੰ ਜਨਮੇ ਲਾਲ ਕ੍ਰਿਸ਼ਨ ਅਡਵਾਨੀ ਦਾ ਜੀਵਨ ਭਾਰਤ ਦੀ ਰਾਜਨੀਤੀ ਦੇ ਦਿੱਗਜ ਆਗੂ ਦੀ ਗੌਰਵਮਈ ਯਾਤਰਾ ਹੈ। ਦੇਸ਼ ਦੀ ਵੰਡ ਦੇ ਭਿਆਨਕ ਦੁੱਖ ਤੋਂ ਲੈ ਕੇ ਜਨਸੰਘ ਨੂੰ ਮਜ਼ਬੂਤ ਕਰਨ, ਐਮਰਜੈਂਸੀ ਦੌਰਾਨ ਲੋਕਤੰਤਰ ਦੀ ਰੱਖਿਆ ਲਈ ਸੰਘਰਸ਼ ਕਰਨ, ਸੋਮਨਾਥ ਤੋਂ ਅਯੁੱਧਿਆ ਤੱਕ ਇਤਿਹਾਸਕ ਰਥ ਯਾਤਰਾ ਕੱਢਣ ਤੇ ਸਰਕਾਰ ਵਿਚ ਰਹਿ ਕੇ ਦੇਸ਼ ਦੀ ਸੇਵਾ ਕਰਨ ਤੱਕ-ਉਨ੍ਹਾਂ ਦੇ ਜੀਵਨ ਵਿਚ ਕਈ ਅਹਿਮ ਅਧਿਆਏ ਸ਼ਾਮਲ ਹਨ। ਇਸ ਸਮਾਗਮ ਨੇ ਉਨ੍ਹਾਂ ਦੀ ਕੱਦਾਵਰ ਸ਼ਖ਼ਸੀਅਤ ਤੇ ਮੁਲਕ ਦੀ ਉਸਾਰੀ ਵਿਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਮੁੜ ਚੇਤੇ ਕਰਵਾਇਆ।
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪਾਰਟੀ ਮੁੱਖ ਦਫ਼ਤਰ ਵਿਚ ਹੋਏ ਖ਼ਾਸ ਸਮਾਗਮ ਦੌਰਾਨ ਕਿਹਾ ਕਿ ਵਿਰੋਧੀ ਧਿਰ ਨੂੰ ਅਡਵਾਨੀ ਹੁਰਾਂ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਦੇਸ਼ ਸਾਹਮਣੇ ਸੰਕਟ ਆਉਣ ’ਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਸੰਸਦ ਵਿਚ ਅਡਵਾਨੀ ਦੇ ਉਨ੍ਹਾਂ ਭਾਸ਼ਣਾਂ ਨੂੰ ਯਾਦ ਕੀਤਾ, ਜਿਨ੍ਹਾਂ ਰਾਹੀਂ ਉਨ੍ਹਾਂ ਨੇ ਵਿਰੋਧੀ ਧਿਰ ਵਿਚ ਹੁੰਦਿਆਂ ਵੀ ਕੌਮੀ ਸੁਰੱਖਿਆ ਦੇ ਮੁੱਦਿਆਂ ’ਤੇ ਸਰਕਾਰ ਦੇ ਨਾਲ ਖੜ੍ਹੇ ਰਹਿਣ ਦਾ ਸਪੱਸ਼ਟ ਸੰਦੇਸ਼ ਦਿੱਤਾ ਸੀ।
ਨਬੀਨ ਨੇ ਕਿਹਾ ਕਿ ਅੱਜ ਦੇ ਦੌਰ ਵਿਚ ਵੀ ਸਿਆਸਤਦਾਨਾਂ ਨੂੰ ਇਸ ਰਵੱਈਏ ਨੂੰ ਅਪਣਾਉਣ ਦੀ ਲੋੜ ਹੈ। ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਬੇਮਿਸਾਲ ਸਾਂਝ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵੱਖਰੇ ਸੁਭਾਅ ਦੇ ਬਾਵਜੂਦ ਇੱਕੋ ਟੀਚੇ ਤੇ ਇੱਕੋ ਸੁਰ ਨਾਲ ਕੰਮ ਕਰਨ ਦੀ ਉਨ੍ਹਾਂ ਦੀ ਸ਼ੈਲੀ ਹਰ ਵਰਕਰ ਲਈ ਵੱਡੀ ਪ੍ਰੇਰਨਾ ਹੈ।