110 ਰੁਪਏ ਦੀ ਸਾਈਕਲ, 4 ਹਜ਼ਾਰ ਵਿੱਚ ਬਾਈਕ: ਇਸ ਜ਼ਿਲ੍ਹੇ ’ਚ ਸਸਤੀ ਗੱਡੀ ਖ਼ਰੀਦਣ ਦਾ ਸੁਨਹਿਰੀ ਮੌਕਾ ਬਕਸਰ ਵਿੱਚ ਬਿਹਾਰ ਸ਼ਰਾਬਬੰਦੀ ਕਾਨੂੰਨ ਤਹਿਤ ਜ਼ਬਤ ਕੀਤੇ ਗਏ ਕੁੱਲ 26 ਵਾਹਨਾਂ ਦੀ ਜਨਤਕ ਨਿਲਾਮੀ 13 ਅਕਤੂਬਰ ਨੂੰ ਹੋਵੇਗੀ। ਇਸ ਨਿਲਾਮੀ ਵਿੱਚ ਸਾਈਕਲ ਤੋਂ ਲੈ ਕੇ ਕਾਰ ਤੱਕ ਕਈ ਤਰ੍ਹਾਂ ਦੇ ਵਾਹਨ ਸ਼ਾਮਲ ਹਨ, ਜਿਨ੍ਹਾਂ ਦੀ ਬੋਲੀ ਜ਼ਿਲ੍ਹਾ ਕਲੈਕਟਰੇਟ ਦੇ ਸਭਾ ਹਾਲ ਵਿੱਚ ਲਗਾਈ ਜਾਵੇਗੀ।
Publish Date: Fri, 09 Oct 2026 04:44 PM (IST)
Updated Date: Fri, 09 Oct 2026 04:47 PM (IST)
ਜਾਗਰਣ ਸੰਵਾਦਦਾਤਾ, ਬਕਸਰ । ਬਿਹਾਰ ਸ਼ਰਾਬਬੰਦੀ ਤੇ ਆਬਕਾਰੀ ਕਾਨੂੰਨ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਜ਼ਬਤ ਕਰਕੇ ਸਰਕਾਰ ਦੇ ਅਧਿਕਾਰ ਹੇਠ ਲਏ ਗਏ ਕੁੱਲ 26 ਵਾਹਨਾਂ ਦੀ ਜਨਤਕ ਨਿਲਾਮੀ ਆਉਣ ਵਾਲੀ 13 ਅਕਤੂਬਰ ਨੂੰ ਕਰਵਾਈ ਜਾਵੇਗੀ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਕਲੈਕਟਰ ਅਦਾਲਤ ਦੇ ਹੁਕਮਾਂ ਅਨੁਸਾਰ ਇਹ ਪ੍ਰਕਿਰਿਆ ਸਵੇਰੇ 11 ਵਜੇ ਤੋਂ ਜ਼ਿਲ੍ਹਾ ਕਲੈਕਟਰੇਟ ਦੇ ਸਭਾ ਹਾਲ ’ਚ ਸ਼ੁਰੂ ਹੋਵੇਗੀ। ਇਸ ਨਿਲਾਮੀ ’ਚ 110 ਰੁਪਏ ਦੀ ਸਾਈਕਲ ਤੋਂ ਲੈ ਕੇ 4,000 ਰੁਪਏ ਦੀ ਮੋਟਰਸਾਈਕਲ ਤੱਕ ਸ਼ਾਮਲ ਹੈ।
ਖ਼ਰੀਦਦਾਰ ਨੂੰ ਵਾਹਨ ਜਿਸ ਹਾਲਤ ’ਚ ਹੈ, ਉਸੇ ਹਾਲਤ ’ਚ ਸਵੀਕਾਰ ਕਰਨਾ ਹੋਵੇਗਾ। ਜੇਕਰ ਨਿਰਧਾਰਤ ਮਿਤੀ ਨੂੰ ਸਾਰੇ ਵਾਹਨਾਂ ਦੀ ਨਿਲਾਮੀ ਨਹੀਂ ਹੋ ਸਕਦੀ ਤਾਂ ਬਾਕੀ ਰਹਿੰਦੇ ਵਾਹਨਾਂ ਦੀ ਬੋਲੀ 14 ਅਕਤੂਬਰ ਨੂੰ ਲਗਾਈ ਜਾਵੇਗੀ। ਇਸ ਤੋਂ ਬਾਅਦ ਵੀ ਜੇਕਰ ਕੁਝ ਵਾਹਨ ਬਾਕੀ ਰਹਿ ਜਾਂਦੇ ਹਨ ਤਾਂ ਹਰ ਮੰਗਲਵਾਰ ਨੂੰ ਉਨ੍ਹਾਂ ਦੀ ਘੱਟੋ-ਘੱਟ ਕੀਮਤ ’ਚ ਲਗਾਤਾਰ 10 ਫ਼ੀਸਦੀ ਦੀ ਕਟੌਤੀ ਕਰਕੇ ਦੁਬਾਰਾ ਨਿਲਾਮੀ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ।
ਇਨ੍ਹਾਂ ਵਾਹਨਾਂ ’ਚ ਸਭ ਤੋਂ ਵੱਧ ਗਿਣਤੀ ਦੋਪਹੀਆ ਵਾਹਨਾਂ ਦੀ ਹੈ। ਇਸ ਸ਼੍ਰੇਣੀ ’ਚ ਕੁੱਲ ਨੌਂ ਮੋਟਰਸਾਈਕਲਾਂ ਸ਼ਾਮਲ ਹਨ। ਇਨ੍ਹਾਂ ’ਚ ਟੀਵੀਐੱਸ ਅਪਾਚੇ, ਬਜਾਜ ਪਲਸਰ, ਪਲੈਟੀਨਾ, ਹੌਂਡਾ ਤੇ ਰਿਵੋਲਟ ਇਲੈਕਟ੍ਰਿਕ ਵਰਗੀਆਂ ਬਾਈਕਾਂ ਦੀ ਘੱਟੋ-ਘੱਟ ਕੀਮਤ 3,958 ਰੁਪਏ ਤੋਂ ਲੈ ਕੇ 44,484 ਰੁਪਏ ਤੱਕ ਨਿਰਧਾਰਤ ਕੀਤੀ ਗਈ ਹੈ।
ਜਨਤਕ ਆਵਾਜਾਈ ਨਾਲ ਸਬੰਧਤ ਤਿੰਨ ਪਹੀਆ ਵਾਹਨਾਂ ਦੀ ਸ਼੍ਰੇਣੀ ’ਚ ਕੁੱਲ 12 ਵਾਹਨ ਸ਼ਾਮਲ ਹਨ। ਇਨ੍ਹਾਂ ’ਚ ਅੱਠ ਸੀਐੱਨਜੀ ਜਾਂ ਡੀਜ਼ਲ ਆਟੋ-ਰਿਕਸ਼ਿਆਂ ਦੀ ਕੀਮਤ 16,360 ਤੋਂ 53,810 ਰੁਪਏ ਤੱਕ ਰੱਖੀ ਗਈ ਹੈ, ਜਦਕਿ ਚਾਰ ਈ-ਰਿਕਸ਼ਿਆਂ ਦੀ ਘੱਟੋ-ਘੱਟ ਕੀਮਤ 21,956 ਤੋਂ 32,287 ਰੁਪਏ ਤੱਕ ਨਿਰਧਾਰਤ ਕੀਤੀ ਗਈ ਹੈ।
ਚਾਰ ਪਹੀਆ ਵਾਹਨਾਂ ਦੀ ਗੱਲ ਕਰੀਏ ਤਾਂ ਇਸ ਸ਼੍ਰੇਣੀ ’ਚ ਤਿੰਨ ਕਾਰਾਂ—ਇੰਡੀਗੋ, ਹੁੰਡਈ ਆਈ-10 ਤੇ ਸੈਂਟਰੋ—ਸ਼ਾਮਲ ਹਨ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 23,678 ਤੋਂ 43,910 ਰੁਪਏ ਦੇ ਵਿਚਕਾਰ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਚੀ ’ਚ ਐਵਨ ਤੇ ਐਟਲਸ ਕੰਪਨੀਆਂ ਦੀਆਂ ਦੋ ਸਾਈਕਲਾਂ ਵੀ ਸ਼ਾਮਲ ਹਨ, ਜਿਨ੍ਹਾਂ ਦੀ ਘੱਟੋ-ਘੱਟ ਕੀਮਤ ਕ੍ਰਮਵਾਰ 110 ਤੇ 132 ਰੁਪਏ ਰੱਖੀ ਗਈ ਹੈ। ਨਿਲਾਮੀ ’ਚ ਹਿੱਸਾ ਲੈਣ ਦੇ ਚਾਹਵਾਨ ਬੋਲੀਦਾਤਾਵਾਂ ਨੂੰ ਸਬੰਧਤ ਵਾਹਨ ਲਈ ਨਿਰਧਾਰਤ 10 ਫ਼ੀਸਦੀ ਅਗਾਊਂ ਰਕਮ 10 ਅਕਤੂਬਰ ਤੱਕ ਆਬਕਾਰੀ ਸੁਪਰਡੈਂਟ ਦੇ ਦਫ਼ਤਰ ’ਚ ਜਮ੍ਹਾਂ ਕਰਵਾਉਣੀ ਹੋਵੇਗੀ।
ਸਫ਼ਲ ਬੋਲੀਦਾਤਾਵਾਂ ਨੂੰ 16 ਅਕਤੂਬਰ ਤੱਕ ਪੂਰੀ ਰਕਮ ਜਮ੍ਹਾਂ ਕਰਵਾ ਕੇ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਤੋਂ ਰਜਿਸਟ੍ਰੇਸ਼ਨ ਫ਼ੀਸ ਦੀ ਰਸੀਦ ਲੈਣੀ ਹੋਵੇਗੀ। ਇਸ ਤੋਂ ਬਾਅਦ ਹੀ ਸਬੰਧਤ ਥਾਣੇ ਦੇ ਅਹਾਤੇ ’ਚੋਂ ਵਾਹਨ ਛੁਡਵਾਏ ਜਾ ਸਕਣਗੇ। ਨਿਰਧਾਰਤ ਸਮੇਂ ਅੰਦਰ ਪੂਰੀ ਰਕਮ ਜਮ੍ਹਾਂ ਨਾ ਕਰਵਾਉਣ ’ਤੇ ਅਗਾਊਂ ਜਮ੍ਹਾਂ ਰਕਮ ਜ਼ਬਤ ਕਰ ਲਈ ਜਾਵੇਗੀ ਤੇ ਦੂਜੇ ਨੰਬਰ ’ਤੇ ਬੋਲੀ ਲਗਾਉਣ ਵਾਲੇ ਵਿਅਕਤੀ ਨੂੰ ਮੌਕਾ ਦਿੱਤਾ ਜਾਵੇਗਾ।