ਨੋਇਡਾ-ਗ੍ਰੇਟਰ ਨੋਇਡਾ ’ਚ ਬਣਨਗੇ 9 ਹੋਸਟਲ, 1,000 ਰੁਪਏ ਕਿਰਾਇਆ ਦੇ ਕੇ 10 ਹਜ਼ਾਰ ਮਹਿਲਾਵਾਂ ਰਹਿ ਸਕਣਗੀਆਂ ਸੁਰੱਖਿਅਤ ਨੋਇਡਾ, ਗ੍ਰੇਟਰ ਨੋਇਡਾ ਤੇ ਯਮੁਨਾ ਸਿਟੀ ’ਚ ਕੁੱਲ 9 ਕਿਰਤੀਆਂ ਦੇ ਹੋਸਟਲ ਬਣਾਏ ਜਾਣਗੇ। ਇਸ ਨਾਲ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਤੇ ਕੰਮਕਾਜੀ ਮਹਿਲਾਵਾਂ ਨੂੰ ਸੁਰੱਖਿਅਤ ਤੇ ਕਿਫ਼ਾਇਤੀ ਰਿਹਾਇਸ਼ ਮਿਲੇਗੀ। ਯਮੁਨਾ ਸਿਟੀ ’ਚ 10,000 ਮਹਿਲਾਵਾਂ ਦੀ ਸਮਰੱਥਾ ਵਾਲਾ ਵਿਸ਼ੇਸ਼ ਹੋਸਟਲ ਬਣਾਉਣ ਦੀ ਯੋਜਨਾ ਹੈ।
Publish Date: Fri, 16 Oct 2026 11:40 AM (IST)
Updated Date: Fri, 16 Oct 2026 11:42 AM (IST)
ਜਾਗਰਣ ਸੰਵਾਦਦਾਤਾ, ਗ੍ਰੇਟਰ ਨੋਇਡਾ। ਉਦਯੋਗਿਕ ਸ਼ਹਿਰ ਨੋਇਡਾ, ਗ੍ਰੇਟਰ ਨੋਇਡਾ ਤੇ ਯਮੁਨਾ ਸਿਟੀ ’ਚ ਰੋਜ਼ੀ-ਰੋਟੀ ਲਈ ਨੌਕਰੀ ਦੀ ਭਾਲ ’ਚ ਆਉਣ ਵਾਲੇ ਲੋਕਾਂ ਦੀ ਖੁੱਲ੍ਹੇ ਅਸਮਾਨ ਹੇਠ ਰਾਤ ਗੁਜ਼ਾਰਨ ਦੀ ਚਿੰਤਾ ਜਲਦੀ ਹੀ ਦੂਰ ਹੋ ਸਕਦੀ ਹੈ। ਕਿਰਤ ਵਿਭਾਗ ਨੇ ਨੋਇਡਾ, ਗ੍ਰੇਟਰ ਨੋਇਡਾ ਤੇ ਯਮੁਨਾ ਸਿਟੀ ’ਚ ਕਿਰਤੀ ਹੋਸਟਲ ਬਣਾਉਣ ਲਈ ਪਲਾਟਾਂ ਦਾ ਕਬਜ਼ਾ ਮਿਲਣ ਤੋਂ ਬਾਅਦ ਸਰਕਾਰ ਨੂੰ ਪ੍ਰਸਤਾਵ ਭੇਜ ਦਿੱਤਾ ਹੈ।
ਯਮੁਨਾ ਸਿਟੀ ’ਚ ਭਵਿੱਖ ’ਚ ਕੰਮਕਾਜੀ ਮਹਿਲਾਵਾਂ ਦੀਆਂ ਰਿਹਾਇਸ਼ੀ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਸੈਕਟਰ 23 ’ਚ ਜ਼ਮੀਨ ਰਾਖਵੀਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇੱਥੇ 10,000 ਤੱਕ ਕੰਮਕਾਜੀ ਮਹਿਲਾਵਾਂ ਦੇ ਰਹਿਣ ਦੀ ਸਮਰੱਥਾ ਵਾਲਾ ਹੋਸਟਲ ਬਣਾਇਆ ਜਾ ਸਕੇਗਾ।
ਸਹੂਲਤਾਂ ਦੀ ਘਾਟ ਵਿਚਾਲੇ ਗੁਜ਼ਾਰਾ ਕਰ ਰਹੇ ਕਿਰਤੀ
ਉਦਯੋਗਿਕ ਸ਼ਹਿਰ ਨੋਇਡਾ, ਗ੍ਰੇਟਰ ਨੋਇਡਾ ਤੇ ਯਮੁਨਾ ਐਕਸਪ੍ਰੈੱਸਵੇਅ ਉਦਯੋਗਿਕ ਵਿਕਾਸ ਅਥਾਰਟੀ (ਯੀਡਾ) ਸਿਟੀ ਨੂੰ ਪ੍ਰਵਾਸੀ ਕਾਮਿਆਂ ਨੇ ਆਪਣੇ ਪਸੀਨੇ ਤੇ ਮਿਹਨਤ ਨਾਲ ਤਿਆਰ ਕੀਤਾ ਹੈ। ਜ਼ਿਲ੍ਹੇ ਦੇ ਹਜ਼ਾਰਾਂ ਛੋਟੇ-ਵੱਡੇ ਉਦਯੋਗਾਂ ਦੀ ਨੀਂਹ ਕਿਰਤੀ ਹਨ। ਬਹੁਮੰਜ਼ਿਲਾ ਇਮਾਰਤਾਂ ਬਣਾਉਣ ਵਾਲੇ ਮਜ਼ਦੂਰਾਂ ਕੋਲ ਖ਼ੁਦ ਸਿਰ ਲੁਕਾਉਣ ਲਈ ਛੱਤ ਦੀ ਘਾਟ ਹੈ। ਉਦਯੋਗਾਂ ’ਚ ਨੌਕਰੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨ ਵਾਲੇ ਕਾਮੇ ਉਦਯੋਗਿਕ ਖੇਤਰਾਂ ਦੇ ਨਾਲ ਲੱਗਦੇ ਪਿੰਡਾਂ ’ਚ ਸਹੂਲਤਾਂ ਦੀ ਘਾਟ ਵਿਚਕਾਰ ਗੁਜ਼ਾਰਾ ਕਰ ਰਹੇ ਹਨ।
ਦੋ ਕਿਰਤੀ ਹੋਸਟਲਾਂ ਦਾ ਹੋਵੇਗਾ ਨਿਰਮਾਣ ਨੋਇਡਾ ’ਚ ਕਿਰਤੀਆਂ ਨਾਲ ਜੁੜੀ ਹਿੰਸਾ ਦੀ ਘਟਨਾ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਦੀ ਲੋੜ ਸਰਕਾਰ, ਪ੍ਰਸ਼ਾਸਨ ਤੇ ਵਿਕਾਸ ਅਥਾਰਟੀਆਂ ਦੀਆਂ ਤਰਜੀਹਾਂ ’ਚ ਸ਼ਾਮਲ ਹੋ ਗਈ ਹੈ। ਕਿਰਤ ਵਿਭਾਗ ਨੋਇਡਾ ’ਚ ਦੋ, ਗ੍ਰੇਟਰ ਨੋਇਡਾ ’ਚ ਦੋ ਤੇ ਯੀਡਾ ਖੇਤਰ ’ਚ ਚਾਰ ਕਿਰਤੀ ਹੋਸਟਲ ਬਣਾਉਣ ਜਾ ਰਿਹਾ ਹੈ। ਨੋਇਡਾ ਅਥਾਰਟੀ ਆਪਣੇ ਪੱਧਰ ’ਤੇ ਵੀ ਦੋ ਕਿਰਤੀ ਹੋਸਟਲ ਬਣਾਏਗੀ। ਕਿਰਤ ਵਿਭਾਗ ਨੂੰ ਨੋਇਡਾ ਤੋਂ ਦੋ, ਗ੍ਰੇਟਰ ਨੋਇਡਾ ਤੋਂ ਇੱਕ ਤੇ ਯੀਡਾ ਤੋਂ ਚਾਰ ਕਿਰਤੀ ਹੋਸਟਲਾਂ ਲਈ ਜ਼ਮੀਨ ਮਿਲ ਚੁੱਕੀ ਹੈ। ਇਸ ਤੋਂ ਬਾਅਦ ਵਿਭਾਗ ਨੇ ਸਰਕਾਰ ਨੂੰ ਪ੍ਰਸਤਾਵ ਭੇਜ ਦਿੱਤਾ ਹੈ।
ਜ਼ਿਲ੍ਹੇ ’ਚ ਬਣਨਗੇ ਨੌਂ ਹੋਸਟਲ ਨੋਇਡਾ ਦੇ ਦੋਵੇਂ ਹੋਸਟਲਾਂ ਵਿੱਚੋਂ ਹਰੇਕ ਦੀ ਸਮਰੱਥਾ 1,000 ਕਿਰਤੀਆਂ ਦੀ ਹੋਵੇਗੀ। ਇੱਥੇ ਰਹਿਣ ਲਈ ਪ੍ਰਤੀ ਵਿਅਕਤੀ 1,000 ਤੋਂ 1,500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਜਗ੍ਹਾ ਮਿਲੇਗੀ। ਗ੍ਰੇਟਰ ਨੋਇਡਾ ’ਚ 3,000-3,000 ਵਰਗ ਮੀਟਰ ਜ਼ਮੀਨ ’ਤੇ ਹੋਸਟਲ ਬਣਾਏ ਜਾਣਗੇ। ਯੀਡਾ ’ਚ ਕਿਰਤੀ ਹੋਸਟਲਾਂ ਲਈ ਕਿਰਤ ਵਿਭਾਗ ਨੂੰ 5,000-5,000 ਵਰਗ ਮੀਟਰ ਜ਼ਮੀਨ ਦਿੱਤੀ ਗਈ ਹੈ।
ਕੰਮਕਾਜੀ ਮਹਿਲਾਵਾਂ ਨੂੰ ਮਿਲੇਗਾ ਸੁਰੱਖਿਅਤ ਟਿਕਾਣਾ ਜ਼ਿਲ੍ਹੇ ’ਚ ਕੱਪੜਾ ਉਦਯੋਗ ਤੋਂ ਲੈ ਕੇ ਇਲੈਕਟ੍ਰਾਨਿਕਸ ਇਕਾਈਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਨ੍ਹਾਂ ’ਚ ਵੱਡੀ ਗਿਣਤੀ ’ਚ ਮਹਿਲਾਵਾਂ ਨੂੰ ਰੁਜ਼ਗਾਰ ਮਿਲਦਾ ਹੈ। ਯੀਡਾ ’ਚ ਇਲੈਕਟ੍ਰਾਨਿਕਸ ਮੈਨੂਫੈਕਚਰਿੰਗ ਕਲੱਸਟਰ ਤੋਂ ਇਲਾਵਾ ਸੈਮੀਕੰਡਕਟਰ ਉਦਯੋਗ, ਅਪੈਰਲ ਪਾਰਕ ਤੇ ਖਿਡੌਣਾ ਪਾਰਕ ਵੀ ਵਿਕਸਤ ਕੀਤੇ ਜਾਣੇ ਹਨ। ਇਨ੍ਹਾਂ ’ਚ ਵੀ ਹਜ਼ਾਰਾਂ ਮਹਿਲਾਵਾਂ ਨੂੰ ਰੁਜ਼ਗਾਰ ਮਿਲੇਗਾ।
ਇਸ ਕਾਰਨ ਮਹਿਲਾਵਾਂ ਲਈ ਰਿਹਾਇਸ਼ ਦੀ ਲੋੜ ਵੀ ਵਧੇਗੀ। ਇਸੇ ਨੂੰ ਧਿਆਨ ’ਚ ਰੱਖਦਿਆਂ ਯੀਡਾ ਨੇ ਸੈਕਟਰ 23 ’ਚ ਕੰਮਕਾਜੀ ਮਹਿਲਾਵਾਂ ਦੇ ਹੋਸਟਲ ਲਈ ਜ਼ਮੀਨ ਰਾਖਵੀਂ ਕਰਨ ਦਾ ਫ਼ੈਸਲਾ ਕੀਤਾ ਹੈ। ਇੱਥੇ 10,000 ਤੱਕ ਮਹਿਲਾਵਾਂ ਦੇ ਰਹਿਣ ਦੀ ਸਮਰੱਥਾ ਹੋਣ ਦੀ ਸੰਭਾਵਨਾ ਹੈ। ਨੋਇਡਾ, ਗ੍ਰੇਟਰ ਨੋਇਡਾ ਤੇ ਯੀਡਾ ਸਿਟੀ ’ਚ ਕਿਰਤ ਵਿਭਾਗ ਵੱਲੋਂ ਬਣਾਏ ਜਾਣ ਵਾਲੇ ਹੋਸਟਲਾਂ ’ਚ ਵੀ ਮਹਿਲਾਵਾਂ ਦੇ ਰਹਿਣ ਦੀ ਸਮਰੱਥਾ ਦਾ ਫ਼ੈਸਲਾ ਸਰਕਾਰ ਦੇ ਪੱਧਰ ’ਤੇ ਕੀਤਾ ਜਾਵੇਗਾ।
ਕਿਰਤੀਆਂ ਨੂੰ ਮਿਲਣਗੀਆਂ ਕਈ ਸਹੂਲਤਾਂ ਹੋਸਟਲਾਂ ’ਚ ਕਿਰਤੀਆਂ ਨੂੰ ਸਿਰਫ਼ ਸੁਰੱਖਿਅਤ ਰਿਹਾਇਸ਼ ਹੀ ਨਹੀਂ ਮਿਲੇਗੀ, ਸਗੋਂ ਹੋਰ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਇਨ੍ਹਾਂ ’ਚ ਜੌਬ ਕਾਰਡ, ਕੰਟੀਨ ਤੇ ਸਿਹਤ ਜਾਂਚ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋਣਗੀਆਂ। ਜ਼ਿਲ੍ਹੇ ’ਚ ਨੌਂ ਕਿਰਤੀ ਹੋਸਟਲਾਂ ਦੇ ਨਿਰਮਾਣ ਲਈ ਤਿੰਨਾਂ ਵਿਕਾਸ ਅਥਾਰਟੀਆਂ ਵੱਲੋਂ ਪਲਾਟਾਂ ਦਾ ਕਬਜ਼ਾ ਦੇ ਦਿੱਤਾ ਗਿਆ ਹੈ। ਹੋਸਟਲਾਂ ਦਾ ਪ੍ਰਸਤਾਵ ਸਰਕਾਰ ਨੂੰ ਭੇਜ ਦਿੱਤਾ ਗਿਆ ਹੈ। ਜਲਦੀ ਹੀ ਇਸ ਬਾਰੇ ਫ਼ੈਸਲਾ ਹੋਣ ਦੀ ਸੰਭਾਵਨਾ ਹੈ।
— ਰਾਕੇਸ਼ ਦਿਵੇਦੀ, ਉਪ ਕਿਰਤ ਕਮਿਸ਼ਨਰ