ਉਫ ਯੇ ਮੁਹੱਬਤ... 70 ਸਾਲਾ ‘ਦਾਦਾ ਜੀ’ ਦਾ 32 ਸਾਲਾ ਮੁਟਿਆਰ ’ਤੇ ਆਇਆ ਦਿਲ, ਪੂਰੀ ਪੈਨਸ਼ਨ ਲੁਟਾ ਰਹੇ; ਥਾਣੇ ਪਹੁੰਚੀ ਦਾਦੀ 70 ਸਾਲਾ ਪਤੀ ਦੀ ਨੌਜਵਾਨ ਮਹਿਲਾ ਦੋਸਤ ਤੋਂ ਪਰੇਸ਼ਾਨ 62 ਸਾਲਾ ਪਤਨੀ ਨੇ ਆਗਰਾ ਦੇ ਸ਼ਾਹਗੰਜ ਥਾਣੇ ’ਚ ਮਾਮਲਾ ਦਰਜ ਕਰਵਾਇਆ ਹੈ। ਪਤਨੀ ਦਾ ਦੋਸ਼ ਹੈ ਕਿ ਉਸ ਦਾ ਪਤੀ ਆਪਣੀ ਪੂਰੀ ਪੈਨਸ਼ਨ ਮਹਿਲਾ ਦੋਸਤ ’ਤੇ ਖਰਚ ਕਰ ਰਿਹਾ ਹੈ ਤੇ ਜਾਇਦਾਦ ਵੀ ਉਸ ਦੇ ਨਾਮ ਕਰਨ ਦੀ ਧਮਕੀ ਦੇ ਰਿਹਾ ਹੈ।
Publish Date: Sat, 19 Sep 2026 04:20 PM (IST)
Updated Date: Sat, 19 Sep 2026 04:23 PM (IST)
ਜਾਗਰਣ ਸੰਵਾਦਦਾਤਾ, ਆਗਰਾ : Agra News: 70 ਸਾਲਾ ਦਾਦਾ ਜੀ ਦੀ ਨੌਜਵਾਨ ਮਹਿਲਾ ਦੋਸਤ ਤੋਂ ਪਰੇਸ਼ਾਨ ਦਾਦੀ ਨੇ ਕਈ ਵਾਰ ਆਪਣੇ ਪਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਬੱਚਿਆਂ ਤੇ ਦੋਹਤੇ-ਦੋਹਤੀਆਂ ਦਾ ਹਵਾਲਾ ਦੇ ਕੇ ਵੀ ਪਤੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਦਾਦਾ ਜੀ ਦੀਆਂ ਆਦਤਾਂ ’ਚ ਕੋਈ ਸੁਧਾਰ ਨਹੀਂ ਆਇਆ। ਉਹ ਆਪਣੀ ਪੂਰੀ ਪੈਨਸ਼ਨ ਨੌਜਵਾਨ ਮਹਿਲਾ ਦੋਸਤ ’ਤੇ ਖਰਚ ਕਰਨ ਲੱਗ ਪਏ। ਜਦੋਂ ਉਨ੍ਹਾਂ ਨੇ ਆਪਣੀ ਜਾਇਦਾਦ ਵੀ ਮਹਿਲਾ ਦੋਸਤ ਦੇ ਨਾਮ ਕਰਨ ਦਾ ਐਲਾਨ ਕਰ ਦਿੱਤਾ ਤਾਂ ਦਾਦੀ ਚੁੱਪ ਨਹੀਂ ਰਹਿ ਸਕੀ। ਉਸ ਨੇ ਆਪਣੇ ਪਤੀ ਖ਼ਿਲਾਫ਼ ਸ਼ਾਹਗੰਜ ਥਾਣੇ ’ਚ ਮਾਮਲਾ ਦਰਜ ਕਰਵਾ ਦਿੱਤਾ।
ਇਹ ਮਾਮਲਾ ਸ਼ਾਹਗੰਜ ਥਾਣਾ ਖੇਤਰ ਦਾ ਹੈ। 62 ਸਾਲਾ ਬਜ਼ੁਰਗ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਉਸ ਦੇ 70 ਸਾਲਾ ਪਤੀ ਦਾ ਵਿਵਹਾਰ ਬਦਲ ਗਿਆ ਹੈ। ਉਸ ਦੇ ਪਤੀ ਨੂੰ ਇੱਕ ਮਹਿਲਾ ਦੇ ਫ਼ੋਨ ਆਉਂਦੇ ਹਨ। ਪਤੀ ਆਪਣੀ ਪੈਨਸ਼ਨ ਦਾ ਇੱਕ ਵੀ ਰੁਪਇਆ ਘਰ ਦੇ ਖਰਚਿਆਂ ’ਤੇ ਨਹੀਂ ਲਗਾਉਂਦਾ।
ਉਹ ਆਪਣੀ ਪੂਰੀ ਪੈਨਸ਼ਨ ਆਪਣੀ ਨੌਜਵਾਨ ਮਹਿਲਾ ਦੋਸਤ ਤੇ ਉਸ ਦੇ ਪਤੀ ’ਤੇ ਖਰਚ ਕਰ ਦਿੰਦਾ ਹੈ। ਜਦੋਂ ਪਤਨੀ ਨੇ ਇਸ ਦਾ ਵਿਰੋਧ ਕੀਤਾ ਤੇ ਘਰ ਦੇ ਖਰਚ ਲਈ ਪੈਸੇ ਦੇਣ ਲਈ ਕਿਹਾ ਤਾਂ ਪਤੀ ਨੇ ਸਾਫ਼ ਇਨਕਾਰ ਕਰ ਦਿੱਤਾ। ਮਹਿਲਾ ਦਾ ਦੋਸ਼ ਹੈ ਕਿ ਉਸ ਦਾ ਪਤੀ ਪਿਛਲੇ ਦੋ ਸਾਲਾਂ ਤੋਂ ਉਸ ਨੂੰ ਮਾਨਸਿਕ ਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰ ਰਿਹਾ ਹੈ।
70 ਸਾਲਾ ਪਤੀ ’ਤੇ ਦੂਜੀ ਮਹਿਲਾ ’ਤੇ ਪੂਰੀ ਪੈਨਸ਼ਨ ਖਰਚ ਕਰਨ ਦਾ ਦੋਸ਼
ਬਜ਼ੁਰਗ ਮਹਿਲਾ ਦਾ ਦੋਸ਼ ਹੈ ਕਿ 3 ਮਈ ਦੀ ਰਾਤ ਨੂੰ ਜਦੋਂ ਉਸ ਨੇ ਪਤੀ ਦੀਆਂ ਹਰਕਤਾਂ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਨਾਲ ਕੁੱਟਮਾਰ ਕੀਤੀ। ਪੂਰੀ ਘਟਨਾ ਘਰ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਰਿਕਾਰਡ ਹੋ ਗਈ ਹੈ। ਬਜ਼ੁਰਗ ਪਤਨੀ ਦਾ ਦੋਸ਼ ਹੈ ਕਿ ਨੌਜਵਾਨ ਜੋੜੇ ਨੇ ਉਸ ਦੇ ਪਤੀ ਨੂੰ ਆਪਣੇ ਜਾਲ ’ਚ ਫਸਾ ਲਿਆ ਹੈ ਤੇ ਉਸ ਤੋਂ ਉਸ ਦੀ ਸਾਰੀ ਰਕਮ ਖਰਚ ਕਰਵਾ ਰਹੇ ਹਨ। ਮਹਿਲਾ ਨੇ ਆਪਣੀ ਤੇ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਏਸੀਪੀ ਲੋਹਾਮੰਡੀ ਗੌਰਵ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਬਜ਼ੁਰਗ ਮਹਿਲਾ ਵੱਲੋਂ ਲਗਾਏ ਗਏ ਦੋਸ਼ਾਂ ਦੇ ਮੱਦੇਨਜ਼ਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।