- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਅਪ੍ਰੈਲ 2026 ਵਿੱਚ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਮੂਲ ਹਲਕਾਬੰਦੀ ਬਿੱਲ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਥਾਂ ਇੱਕ ਨਵਾਂ ਸੋਧਿਆ ਹੋਇਆ ਬਿੱਲ ‘ਹਲਕਾਬੰਦੀ (ਦੂਜਾ) ਬਿੱਲ, 2026’ ਲਿਆਂਦਾ ਜਾ ਰਿਹਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ। ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਠੀਕ ਪਹਿਲਾਂ ਕੇਂਦਰ ਸਰਕਾਰ ਨੇ ਅਪ੍ਰੈਲ 2026 ਵਿੱਚ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਮੂਲ ਹਲਕਾਬੰਦੀ ਬਿੱਲ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਦੀ ਥਾਂ ਇੱਕ ਨਵਾਂ ਸੋਧਿਆ ਹੋਇਆ ਬਿੱਲ ‘ਹਲਕਾਬੰਦੀ (ਦੂਜਾ) ਬਿੱਲ, 2026’ ਲਿਆਂਦਾ ਜਾ ਰਿਹਾ ਹੈ। ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਰਜੁਨ ਰਾਮ ਮੇਘਵਾਲ ਵੱਲੋਂ 27 ਨਵੰਬਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਮੂਲ ਬਿੱਲ ਵਾਪਸ ਲੈਣ ਦਾ ਕਾਰਨ ਸਬੰਧਤ ਸੰਵਿਧਾਨਕ ਸੋਧ ਬਿੱਲ ਨੂੰ ਵਿਸ਼ੇਸ਼ ਬਹੁਮਤ ਨਾ ਮਿਲ ਸਕਣਾ ਸੀ।
- ਸੀਟਾਂ ਵਿੱਚ 50 ਫ਼ੀਸਦੀ ਦਾ ਇਕਸਾਰ ਵਾਧਾ: ਪਹਿਲੀ ਹਲਕਾਬੰਦੀ ਪ੍ਰਕਿਰਿਆ ਵਿੱਚ ਹਰੇਕ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਲੋਕ ਸਭਾ ਸੀਟਾਂ ਅਤੇ ਸਬੰਧਤ ਵਿਧਾਨ ਸਭਾਵਾਂ ਦੀਆਂ ਕੁੱਲ ਸੀਟਾਂ ਵਿੱਚ 50 ਫ਼ੀਸਦੀ ਦਾ ਇਕਸਾਰ ਵਾਧਾ ਕਰਨ ਦਾ ਪ੍ਰਸਤਾਵ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਨੁਮਾਇੰਦਗੀ ਵਧੇਗੀ, ਪਰ ਸੂਬਿਆਂ ਵਿਚਕਾਰ ਮੌਜੂਦਾ ਅਨੁਪਾਤ ਬਰਕਰਾਰ ਰਹੇਗਾ।
- 2011 ਦੀ ਜਨਗਣਨਾ ਦੀ ਵਰਤੋਂ: ਹਲਕਾਬੰਦੀ ਲਈ ‘ਨਵੀਨਤਮ ਜਨਗਣਨਾ ਦੇ ਅੰਕੜਿਆਂ’ ਦੀ ਵਰਤੋਂ ਕੀਤੀ ਜਾਵੇਗੀ। ਜੇਕਰ ਬਿੱਲ ਲਾਗੂ ਹੋਣ ਤੱਕ ਨਵੀਂ ਜਨਗਣਨਾ ਦੇ ਅੰਕੜੇ ਪ੍ਰਕਾਸ਼ਿਤ ਨਹੀਂ ਹੁੰਦੇ ਤਾਂ 2011 ਦੀ ਜਨਗਣਨਾ ਦੇ ਅੰਕੜਿਆਂ ਦੇ ਆਧਾਰ ’ਤੇ ਕੰਮ ਕੀਤਾ ਜਾਵੇਗਾ।
- ਮਹਿਲਾ ਰਾਖਵਾਂਕਰਨ: ਬਿੱਲ ਵਿੱਚ ਮਹਿਲਾ ਰਾਖਵਾਂਕਰਨ ਲਾਗੂ ਕਰਨ ਦੇ ਪ੍ਰਬੰਧ ਸ਼ਾਮਲ ਕੀਤੇ ਗਏ ਹਨ। ਔਰਤਾਂ ਲਈ ਰਾਖਵੀਆਂ ਸੀਟਾਂ ਰੋਟੇਸ਼ਨ ਦੇ ਆਧਾਰ ’ਤੇ ਅਲਾਟ ਕੀਤੀਆਂ ਜਾਣਗੀਆਂ। ਇਸ ਦੀ ਪ੍ਰਕਿਰਿਆ ਹਲਕਾਬੰਦੀ ਕਮਿਸ਼ਨ ਤੈਅ ਕਰੇਗਾ। 2023 ਦੀ ਸੋਧ ਮੁਤਾਬਕ ਇਹ ਰਾਖਵਾਂਕਰਨ 15 ਸਾਲਾਂ ਤੱਕ ਲਾਗੂ ਰਹੇਗਾ, ਜਿਸ ਨੂੰ ਸੰਸਦ ਕਾਨੂੰਨ ਬਣਾ ਕੇ ਵਧਾ ਸਕਦੀ ਹੈ।
- ਕਮਿਸ਼ਨ ਦਾ ਜਲਦੀ ਗਠਨ: ਬਿੱਲ ਲਾਗੂ ਹੁੰਦੇ ਹੀ ਕੇਂਦਰ ਸਰਕਾਰ ਨੂੰ ਜਲਦੀ ਤੋਂ ਜਲਦੀ ਹਲਕਾਬੰਦੀ ਕਮਿਸ਼ਨ ਦਾ ਗਠਨ ਕਰਨਾ ਹੋਵੇਗਾ। ਮੂਲ ਬਿੱਲ ਵਿੱਚ ‘ਸਮੇਂ-ਸਮੇਂ ’ਤੇ’ ਕਮਿਸ਼ਨ ਬਣਾਉਣ ਦੀ ਵਿਵਸਥਾ ਸੀ।
ਮੂਲ ਹਲਕਾਬੰਦੀ ਬਿੱਲ 16 ਅਪ੍ਰੈਲ 2026 ਨੂੰ ਸੰਵਿਧਾਨ (131ਵੀਂ ਸੋਧ) ਬਿੱਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ (ਸੋਧ) ਬਿੱਲ ਦੇ ਨਾਲ ਪੇਸ਼ ਕੀਤਾ ਗਿਆ ਸੀ। ਸੰਵਿਧਾਨ ਸੋਧ ਬਿੱਲ ਨੂੰ ਵਿਸ਼ੇਸ਼ ਬਹੁਮਤ ਨਾ ਮਿਲਣ ਕਾਰਨ ਸਬੰਧਤ ਬਿੱਲ ਅੱਗੇ ਨਹੀਂ ਵਧ ਸਕੇ ਸਨ।
ਸਰਕਾਰ ਨੇ ਕਿਹਾ ਹੈ ਕਿ ਨਵਾਂ ਬਿੱਲ ਮੂਲ ਪ੍ਰਬੰਧਾਂ ਵਿੱਚ ਕਾਫ਼ੀ ਬਦਲਾਅ ਕਰਦਾ ਹੈ। ਇਸ ਲਈ ਨਿਯਮ 110 ਤਹਿਤ ਮੂਲ ਬਿੱਲ ਵਾਪਸ ਲਿਆ ਜਾ ਰਿਹਾ ਹੈ। ਇਸ ਪ੍ਰਬੰਧ ਨਾਲ ਦ੍ਰਮੁਕ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ ਧੜੇ ਅਤੇ ਵਾਈਐੱਸਆਰਸੀਪੀ ਵਰਗੀਆਂ ਪਾਰਟੀਆਂ ਦੀਆਂ ਚਿੰਤਾਵਾਂ ਦੂਰ ਹੋ ਗਈਆਂ ਹਨ ਅਤੇ ਉਨ੍ਹਾਂ ਵੱਲੋਂ ਬਿੱਲ ਨੂੰ ਸਮਰਥਨ ਦੇਣ ਦੇ ਸੰਕੇਤ ਵੀ ਮਿਲੇ ਹਨ।
ਸਰਕਾਰ ਹੁਣ ਇਸ ਬਿੱਲ ਨੂੰ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਵਿਸ਼ੇਸ਼ ਸੈਸ਼ਨ ਵਿੱਚ ਪੇਸ਼ ਕਰ ਸਕਦੀ ਹੈ। ਲੋਕ ਸਭਾ ਦੀ ਬੈਠਕ 30 ਨਵੰਬਰ ਤੋਂ ਅਤੇ ਰਾਜ ਸਭਾ ਦੀ ਬੈਠਕ 2 ਦਸੰਬਰ ਤੋਂ ਹੋਣੀ ਹੈ।