ਆਂਗਣਵਾੜੀ ਕੇਂਦਰ ’ਚ 5 ਸਾਲਾ ਬੱਚੇ ਨੂੰ ਸੱਪ ਨੇ ਡੰਗਿਆ, ਹਸਪਤਾਲ ਭੇਜਣ ਦੀ ਬਜਾਏ ਘਰ ਤੋਰਿਆ; ਮੌਤ ਮਗਰੋਂ ਹੰਗਾਮਾ ਬਿਹਾਰ ਦੇ ਬਾੜ੍ਹ ਇਲਾਕੇ ਦੇ ਬੇਢਨਾ ਪਿੰਡ ’ਚ ਆਂਗਣਵਾੜੀ ਕੇਂਦਰ ’ਚ ਸੱਪ ਦੇ ਡੰਗਣ ਕਾਰਨ 5 ਸਾਲਾ ਮਾਸੂਮ ਇਸ਼ੂ ਕੁਮਾਰ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਆਂਗਣਵਾੜੀ ਮੁਲਾਜ਼ਮਾਂ ਨੇ ਬੱਚੇ ਨੂੰ ਹਸਪਤਾਲ ਭੇਜਣ ਦੀ ਬਜਾਏ ਘਰ ਤੋਰ ਦਿੱਤਾ। ਇਸ ਤੋਂ ਬਾਅਦ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ NH-30A ਜਾਮ ਕਰਕੇ ਪ੍ਰਦਰਸ਼ਨ ਕੀਤਾ।
Publish Date: Fri, 09 Oct 2026 01:03 PM (IST)
Updated Date: Fri, 09 Oct 2026 01:06 PM (IST)
ਸੰਵਾਦ ਸਹਿਯੋਗੀ, ਬਾੜ੍ਹ : ਥਾਣਾ ਖੇਤਰ ਅਧੀਨ ਆਉਂਦੇ ਬੇਢਨਾ ਪਿੰਡ ਦੇ ਪੋਥਮਾ ਟੋਲੇ ’ਚ ਵੀਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ 5 ਸਾਲਾ ਮਾਸੂਮ ਇਸ਼ੂ ਕੁਮਾਰ, ਪੁੱਤਰ ਟੁਨਟੁਨ ਮਹਤੋ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਇਹ ਘਟਨਾ ਆਂਗਣਵਾੜੀ ਕੇਂਦਰ ਦੀ ਦੱਸੀ ਜਾ ਰਹੀ ਹੈ। ਬੱਚੇ ਦੀ ਮੌਤ ਤੋਂ ਬਾਅਦ ਗੁੱਸੇ ’ਚ ਆਏ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇਅ NH-30A ਜਾਮ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
ਪਿੰਡ ਵਾਸੀਆਂ ਅਨੁਸਾਰ, ਮਾਸੂਮ ਰੋਜ਼ਾਨਾ ਦੀ ਤਰ੍ਹਾਂ ਪਿੰਡ ਦੇ ਆਂਗਣਵਾੜੀ ਕੇਂਦਰ ’ਚ ਪੜ੍ਹਨ ਗਿਆ ਸੀ। ਕੇਂਦਰ ਦੇ ਅਹਾਤੇ ’ਚ ਹੀ ਉਸ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੰਗ ਲਿਆ।
ਆਂਗਣਵਾੜੀ ਕੇਂਦਰ ਦੇ ਮੁਲਾਜ਼ਮਾਂ ਨੇ ਪਰਿਵਾਰ ਨੂੰ ਨਹੀਂ ਦਿੱਤੀ ਸੂਚਨਾ
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਘਟਨਾ ਤੋਂ ਬਾਅਦ ਆਂਗਣਵਾੜੀ ਕੇਂਦਰ ਦੇ ਮੁਲਾਜ਼ਮਾਂ ਨੇ ਗੰਭੀਰ ਲਾਪਰਵਾਹੀ ਵਰਤੀ। ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਣ ਜਾਂ ਮੁੱਢਲੀ ਡਾਕਟਰੀ ਸਹਾਇਤਾ ਦਿਵਾਉਣ ਦੀ ਬਜਾਏ ਸਿੱਧਾ ਘਰ ਭੇਜ ਦਿੱਤਾ ਗਿਆ। ਮਾਸੂਮ ਲਗਭਗ 50 ਮੀਟਰ ਦੂਰ ਸਥਿਤ ਆਪਣੇ ਘਰ ਪਹੁੰਚਿਆ ਤੇ ਆਪਣੀ ਮਾਂ ਨੂੰ ਸੱਪ ਦੇ ਡੰਗਣ ਬਾਰੇ ਦੱਸਿਆ। ਆਸ-ਪਾਸ ਦੇ ਲੋਕਾਂ ਦੀ ਸਲਾਹ ’ਤੇ ਪਰਿਵਾਰਕ ਮੈਂਬਰ ਕਾਹਲੀ ’ਚ ਬੱਚੇ ਨੂੰ ਝਾੜ-ਫੂਕ ਕਰਵਾਉਣ ਲਈ ਬੜਹੀਆ ਲੈ ਗਏ।
ਉੱਥੇ ਇੱਕ ਪੁਜਾਰੀ ਨੇ ਉਸ ਨੂੰ ਮ੍ਰਿਤਕ ਦੱਸਿਆ। ਇਸ ਤੋਂ ਬਾਅਦ ਪਰਿਵਾਰ ਬੱਚੇ ਨੂੰ ਬੜਹੀਆ ਦੇ ਹੀ ਇੱਕ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਮੌਤ ਤੋਂ ਬਾਅਦ ਪਿੰਡ ਵਾਸੀਆਂ ’ਚ ਰੋਸ ਫੈਲ ਗਿਆ ਤੇ ਉਨ੍ਹਾਂ ਨੇ NH-30A ਜਾਮ ਕਰਕੇ ਪ੍ਰਦਰਸ਼ਨ ਕੀਤਾ।