- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਿਆਜੀਤ ਰੇ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ (SRFTI) ਵਿੱਚ ਸ਼ਨੀਵਾਰ ਤੜਕੇ ਇੱਕ ਵਾਰ ਫਿਰ ਮਾਹੌਲ ਤਣਾਅਪੂਰਨ ਹੋ ਗਿਆ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਵੇਰੇ ਕਰੀਬ 6 ਵਜੇ 300 ਤੋਂ ਵੱਧ ਪੁਲਿਸ ਮੁਲਾਜ਼ਮ ਕੈਂਪਸ ਵਿੱਚ ਦਾਖ਼ਲ ਹੋਏ। ਇਨ੍ਹਾਂ ਵਿੱਚੋਂ ਕਈ ਪੁਲਿਸ ਮੁਲਾਜ਼ਮਾਂ ਦੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ।

ਜਾਗਰਣ ਸੰਵਾਦਦਾਤਾ, ਕੋਲਕਾਤਾ - ਸਤਿਆਜੀਤ ਰੇ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ (SRFTI) ਵਿੱਚ ਸ਼ਨੀਵਾਰ ਤੜਕੇ ਇੱਕ ਵਾਰ ਫਿਰ ਮਾਹੌਲ ਤਣਾਅਪੂਰਨ ਹੋ ਗਿਆ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਸਵੇਰੇ ਕਰੀਬ 6 ਵਜੇ 300 ਤੋਂ ਵੱਧ ਪੁਲਿਸ ਮੁਲਾਜ਼ਮ ਕੈਂਪਸ ਵਿੱਚ ਦਾਖ਼ਲ ਹੋਏ। ਇਨ੍ਹਾਂ ਵਿੱਚੋਂ ਕਈ ਪੁਲਿਸ ਮੁਲਾਜ਼ਮਾਂ ਦੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ।
ਪੁਲਿਸ ਨੇ ਵਿਦਿਆਰਥੀਆਂ ਦਾ ਧਰਨਾ ਮੰਚ ਤੋੜ ਕੇ ਹਟਾ ਦਿੱਤਾ ਅਤੇ ਉੱਥੇ ਰੱਖਿਆ ਫਰਨੀਚਰ ਤੇ ਹੋਰ ਸਾਮਾਨ ਦੋ ਛੋਟੀਆਂ ਪਿਕਅੱਪ ਵੈਨਾਂ ਵਿੱਚ ਲੱਦ ਕੇ ਕੈਂਪਸ ਤੋਂ ਬਾਹਰ ਲੈ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਸਾਮਾਨ ਸੰਸਥਾ ਦੀ ਹੀ ਜਾਇਦਾਦ ਸੀ।
ਵਿਦਿਆਰਥੀਆਂ ਨਾਲ ਧੱਕਾ-ਮੁੱਕੀ, ਵਿਦਿਆਰਥਣਾਂ ਨਾਲ ਬਦਸਲੂਕੀ ਦਾ ਦੋਸ਼
ਇਸ ਕਾਰਵਾਈ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜੰਮ ਕੇ ਧੱਕਾ-ਮੁੱਕੀ ਹੋਈ। ਵਿਦਿਆਰਥੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਤਾਕਤ ਦੀ ਵਰਤੋਂ ਕੀਤੀ, ਕਈ ਵਿਦਿਆਰਥੀਆਂ ਨੂੰ ਘੜੀਸ ਕੇ ਉੱਥੋਂ ਹਟਾਇਆ ਅਤੇ ਵਿਦਿਆਰਥਣਾਂ ਨਾਲ ਵੀ ਬਦਸਲੂਕੀ ਤੇ ਖਿੱਚ-ਧੂਹ ਕੀਤੀ ਗਈ। ਘਟਨਾ ਦੀ ਵੀਡੀਓ ਬਣਾ ਰਹੇ ਵਿਦਿਆਰਥੀਆਂ ਦੇ ਮੋਬਾਈਲ ਫ਼ੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ।
ਇੱਕ ਵਿਦਿਆਰਥੀ ਨੇ ਦਾਅਵਾ ਕੀਤਾ ਕਿ ਬਿਨਾਂ ਕਿਸੇ ਉਕਸਾਵੇ ਦੇ ਇਹ ਕਾਰਵਾਈ ਕੀਤੀ ਗਈ। ਸਵੇਰੇ ਸਾਢੇ 7 ਵਜੇ ਤੱਕ ਪੂਰੇ ਕੈਂਪਸ ਵਿੱਚ ਭਾਰੀ ਪੁਲਿਸ ਬਲ ਤਾਇਨਾਤ ਰਿਹਾ। ਵਿਦਿਆਰਥੀਆਂ ਨੂੰ ਹੋਸਟਲ ਤੋਂ ਮੁੱਖ ਗੇਟ ਵੱਲ ਜਾਣ ਅਤੇ ਕੈਂਪਸ ਤੋਂ ਬਾਹਰ ਨਿਕਲਣ ਤੋਂ ਰੋਕ ਦਿੱਤਾ ਗਿਆ, ਜਿਸ ਕਾਰਨ ਉਹ ਆਪਸ ਵਿੱਚ ਸੰਪਰਕ ਵੀ ਨਹੀਂ ਕਰ ਪਾ ਰਹੇ ਹਨ।
ਪ੍ਰਸ਼ਾਸਨ ਦੀ ਸਫ਼ਾਈ ਅਤੇ 27 ਸਤੰਬਰ ਤੋਂ ਜਾਰੀ ਰੇੜਕਾ
ਪੂਰੇ ਮਾਮਲੇ ’ਤੇ SRFTI ਪ੍ਰਸ਼ਾਸਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਇੱਕ ਵਰਗ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਕੈਂਪਸ ਦੇ ਅੰਦਰ ਗ਼ੈਰ-ਕਾਨੂੰਨੀ ਤਰੀਕੇ ਨਾਲ ਧਰਨਾ ਦੇ ਰਿਹਾ ਸੀ। ਅਦਾਲਤ ਦੇ ਦਖ਼ਲ ਅਤੇ ਕੋਲਕਾਤਾ ਪੁਲਿਸ ਦੀ ਮਦਦ ਨਾਲ ਇਸ ਗ਼ੈਰ-ਕਾਨੂੰਨੀ ਢਾਂਚੇ ਨੂੰ ਹਟਾਇਆ ਗਿਆ ਹੈ।
ਪ੍ਰਸ਼ਾਸਨ ਨੇ ਦੋਸ਼ ਲਾਇਆ ਕਿ 'ਸ਼ਾਂਤਮਈ ਵਿਰੋਧ' ਦੀ ਆੜ ਵਿੱਚ ਵਿਦਿਆਰਥੀ ਅੱਗ ਬਾਲਣ, ਉੱਚੀ ਆਵਾਜ਼ ਵਿੱਚ ਗਾਣੇ ਵਜਾਉਣ, ਦੇਰ ਰਾਤ ਤੱਕ ਪਾਰਟੀਆਂ ਕਰਨ, ਬਾਹਰੀ ਲੋਕਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਬੁਲਾ ਕੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਡਰਾਉਣ ਅਤੇ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ 27 ਸਤੰਬਰ ਤੋਂ ਜਾਰੀ ਇਸ ਵਿਵਾਦ ਕਾਰਨ ਪ੍ਰਸ਼ਾਸਨ ਨੇ ਪਹਿਲਾਂ ਹੀ ਵਿਸ਼ੇਸ਼ ਨੋਟਿਸ ਜਾਰੀ ਕਰਕੇ 11 ਦਸੰਬਰ ਤੱਕ ਪੜ੍ਹਾਈ-ਲਿਖਾਈ ਬੰਦ ਰੱਖੀ ਹੋਈ ਹੈ।