ਚੱਲਦੀ ਟਰੇਨ ਤੋਂ ਲਾਪਤਾ ਹੋਈ 20 ਸਾਲਾ ਆਦਿਵਾਸੀ ਵਿਦਿਆਰਥਣ, ਆਂਧਰਾ ਪ੍ਰਦੇਸ਼ ਦੇ ਜੰਗਲੀ ਇਲਾਕੇ ’ਚੋਂ ਮਿਲੀ ਲਾਸ਼
ਅਸਾਮ ਦੀ ਇੱਕ 20 ਸਾਲਾ ਆਦਿਵਾਸੀ ਵਿਦਿਆਰਥਣ ਟਰੇਨ ਯਾਤਰਾ ਦੌਰਾਨ ਲਾਪਤਾ ਹੋ ਗਈ ਸੀ। ਬਾਅਦ ’ਚ ਉਸ ਦੀ ਲਾਸ਼ ਆਂਧਰਾ ਪ੍ਰਦੇਸ਼ ਦੇ ਇੱਕ ਜੰਗਲੀ ਇਲਾਕੇ ਤੋਂ ਬਰਾਮਦ ਹੋਈ ਹੈ।
Publish Date: Thu, 08 Oct 2026 12:44 PM (IST)
Updated Date: Thu, 08 Oct 2026 12:47 PM (IST)
ਡਿਜੀਟਲ ਡੈਸਕ, ਗੁਵਾਹਾਟੀ : ਟਰੇਨ ਯਾਤਰਾ ਦੌਰਾਨ ਲਾਪਤਾ ਹੋਈ ਅਸਾਮ ਦੀ ਇੱਕ ਵਿਦਿਆਰਥਣ ਦੀ ਲਾਸ਼ ਆਂਧਰਾ ਪ੍ਰਦੇਸ਼ ’ਚ ਮਿਲੀ ਹੈ। ਅਸਾਮ ਦੇ ਕਾਮਰੂਪ ਜ਼ਿਲ੍ਹੇ ਦੀ ਰਹਿਣ ਵਾਲੀ 20 ਸਾਲਾ ਆਦਿਵਾਸੀ ਵਿਦਿਆਰਥਣ ਵਿਸ਼ਾਖਾਪਟਨਮ ਤੋਂ ਗੁਵਾਹਾਟੀ ਜਾ ਰਹੀ ਸੀ। ਵਿਦਿਆਰਥਣ ਦੀ ਮਾਂ ਦੀ ਸ਼ਿਕਾਇਤ ਮੁਤਾਬਕ, ਉਹ ਡਿਬਰੂਗੜ੍ਹ ਵਿਵੇਕ ਐਕਸਪ੍ਰੈੱਸ (ਟਰੇਨ ਨੰਬਰ 22503) ਰਾਹੀਂ ਯਾਤਰਾ ਕਰ ਰਹੀ ਸੀ। ਉਸ ਨੇ 5 ਅਕਤੂਬਰ ਦੀ ਰਾਤ 11:50 ਵਜੇ ਵਿਸ਼ਾਖਾਪਟਨਮ ਤੋਂ ਟਰੇਨ ਫੜੀ ਸੀ ਤੇ ਗੁਹਾਟੀ ਜਾ ਰਹੀ ਸੀ। ਟਰੇਨ ਰਾਤ 12:10 ਵਜੇ ਵਿਸ਼ਾਖਾਪਟਨਮ ਤੋਂ ਰਵਾਨਾ ਹੋਈ ਸੀ ਤੇ ਉਸ ਨੂੰ 7 ਅਕਤੂਬਰ ਸਵੇਰੇ 9:05 ਵਜੇ ਗੁਹਾਟੀ ਪਹੁੰਚਣਾ ਸੀ।
ਘਰ ਵਾਪਸ ਆ ਰਹੀ ਸੀ ਵਿਦਿਆਰਥਣ ਪਰਿਵਾਰ ਮੁਤਾਬਕ, ਗੁਹਾਟੀ ਦੇ ਬੀ. ਬਰੂਆ ਕਾਲਜ ਦੀ ਵਿਦਿਆਰਥਣ ਆਂਧਰਾ ਪ੍ਰਦੇਸ਼ ’ਚ ਡਾਂਸ ਪਰਫਾਰਮੈਂਸ ਲਈ ਗਈ ਸੀ ਤੇ ਉੱਥੋਂ ਘਰ ਵਾਪਸ ਆ ਰਹੀ ਸੀ। ਪਰਿਵਾਰ ਨੇ ਉਸ ਨਾਲ ਆਖਰੀ ਵਾਰ ਮੰਗਲਵਾਰ, 6 ਅਕਤੂਬਰ ਨੂੰ ਸਵੇਰੇ 2:39 ਵਜੇ ਗੱਲ ਕੀਤੀ ਸੀ।
ਆਖਰੀ ਮੈਸੇਜ ’ਚ ਲਿਖਿਆ- 'ਮੈਨੂੰ ਡਰ ਲੱਗ ਰਿਹਾ ਹੈ' ਆਪਣੇ ਆਖਰੀ ਮੈਸੇਜ ’ਚ ਵਿਦਿਆਰਥਣ ਨੇ ਕਿਹਾ ਸੀ ਕਿ ਉਹ ਡਰੀ ਹੋਈ ਹੈ, ਕਿਉਂਕਿ ਉਸ ਦੇ ਆਲੇ-ਦੁਆਲੇ ਬਹੁਤ ਸਾਰੇ ਆਦਮੀ ਹਨ। ਗੁਹਾਟੀ ’ਚ ਸਰਕਾਰੀ ਰੇਲਵੇ ਪੁਲਿਸ (GRP) ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤੇ ਰੇਲਵੇ ਹੈਲਪਲਾਈਨ 139 ਰਾਹੀਂ ਵੀ ਸੂਚਨਾ ਦਿੱਤੀ ਗਈ। ਸ਼ਿਕਾਇਤ ਤੋਂ ਬਾਅਦ ਡਿਬਰੂਗੜ੍ਹ ਵਿਵੇਕ ਐਕਸਪ੍ਰੈੱਸ ਦੇ S2 ਕੋਚ ’ਚ ਵਿਦਿਆਰਥਣ ਦਾ ਬੈਗ ਮਿਲਿਆ। ਇਸ ਤੋਂ ਬਾਅਦ ਰੇਲਵੇ ਪੁਲਿਸ ਨੇ ਟਰੇਨ ਦੇ ਰੂਟ 'ਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਰੇਲਵੇ ਸੁਰੱਖਿਆ ਬਲ (RPF) ਨੂੰ 20 ਸਾਲਾ ਆਦਿਵਾਸੀ ਵਿਦਿਆਰਥਣ ਦੀ ਲਾਸ਼ ਮਿਲੀ। RPF ਦੇ ਇੱਕ ਅਧਿਕਾਰੀ ਮੁਤਾਬਕ, ਲਾਸ਼ ਆਂਧਰਾ ਪ੍ਰਦੇਸ਼ ਦੇ ਮਲਯਪੁਰਮ ਨੇੜੇ ਇੱਕ ਜੰਗਲੀ ਇਲਾਕੇ ਤੋਂ ਬਰਾਮਦ ਕੀਤੀ ਗਈ। ਰੇਲਵੇ ਪੁਲਿਸ ਦੇ ਸੂਤਰਾਂ ਮੁਤਾਬਕ, ਵਿਦਿਆਰਥਣ ਦੀ ਮੌਤ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਦਿਆਰਥਣ ਦਾ ਪਰਿਵਾਰ ਕਾਮਰੂਪ ਜ਼ਿਲ੍ਹੇ ਦੇ ਬੋਂਡਾ ਪੋਸਟ ਆਫਿਸ ਦੇ ਅਧੀਨ ਆਉਂਦੇ ਚਾਪਈਡਾਂਗ ਪਿੰਡ ਦਾ ਰਹਿਣ ਵਾਲਾ ਦੱਸਿਆ ਗਿਆ ਹੈ।