ਪੀਐੱਮ ਸ਼੍ਰੀ ਸਕੂਲ ਦੇ ਕੈਂਪਸ ’ਚ ਕਰੋੜਾਂ ਦੀ ਚੋਰੀ, ਅਧਿਆਪਕਾ ਦੇ ਘਰੋਂ 160 ਤੋਲੇ ਸੋਨਾ ਤੇ 8 ਕਿਲੋ ਚਾਂਦੀ ਲੈ ਉੱਡੇ ਚੋਰ
ਦਵਾਰਕਾ ਦੇ ਜਾਫਰਪੁਰ ਸਥਿਤ ਪੀਐੱਮ ਸ਼੍ਰੀ ਸਕੂਲ ਦੇ ਕੈਂਪਸ ’ਚ ਵੱਡੀ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇੱਕ ਅਧਿਆਪਕਾ ਦੇ ਘਰੋਂ 160 ਤੋਲੇ ਸੋਨਾ, 8 ਕਿਲੋ ਚਾਂਦੀ ਤੇ 85 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋ ਗਈ।
Publish Date: Wed, 14 Oct 2026 11:19 AM (IST)
Updated Date: Wed, 14 Oct 2026 11:21 AM (IST)
ਜਾਗਰਣ ਸੰਵਾਦਦਾਤਾ, ਪੱਛਮੀ ਦਿੱਲੀ। ਦਵਾਰਕਾ ਦੇ ਜਾਫਰਪੁਰ ਸਥਿਤ ਰਾਓ ਤੁਲਾਰਾਮ ਦੇ ਜਵਾਹਰ ਨਵੋਦਿਆ ਵਿਦਿਆਲਿਆ (ਪੀਐੱਮ ਸ਼੍ਰੀ ਸਕੂਲ) ਦੇ ਕੈਂਪਸ ’ਚ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰ ਕੈਂਪਸ ’ਚ ਰਹਿਣ ਵਾਲੀ ਇੱਕ ਅਧਿਆਪਕਾ ਦੇ ਘਰੋਂ ਕਰੀਬ 160 ਤੋਲੇ ਸੋਨਾ, 8 ਕਿਲੋ ਚਾਂਦੀ ਤੇ 85 ਹਜ਼ਾਰ ਰੁਪਏ ਦੀ ਨਕਦੀ ਲੈ ਗਏ।
ਅਧਿਆਪਕਾ ਮਮਤਾ ਯਾਦਵ ਮੁਤਾਬਕ, ਚੋਰੀ ਹੋਏ ਸੋਨੇ ਤੇ ਚਾਂਦੀ ਦੀ ਕੀਮਤ ਕਰੀਬ ਢਾਈ ਕਰੋੜ ਰੁਪਏ ਹੈ। ਇਸ ਦੌਰਾਨ ਚੋਰਾਂ ਨੇ ਇੱਕੋ ਰਾਤ ’ਚ ਕੈਂਪਸ ਦੇ ਦੋ ਹੋਰ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਤੇ ਵਿਜੀਲੈਂਸ ਦੀ ਟੀਮ ਜਾਂਚ ’ਚ ਜੁਟ ਗਈ ਹੈ।
11 ਅਕਤੂਬਰ ਨੂੰ ਮਿਲੀ ਘਟਨਾ ਦੀ ਸੂਚਨਾ
ਜਾਣਕਾਰੀ ਅਨੁਸਾਰ, ਮਮਤਾ ਯਾਦਵ 9 ਅਕਤੂਬਰ ਦੀ ਸਵੇਰ ਆਪਣੀ ਭੈਣ ਦੇ ਫਰੀਦਾਬਾਦ ਸਥਿਤ ਘਰ ਗਈ ਸੀ। ਦਿੱਲੀ ’ਚ ਵਿਰੋਧ ਪ੍ਰਦਰਸ਼ਨਾਂ ਕਾਰਨ ਮੈਟਰੋ ਤੇ ਰੇਲ ਸੇਵਾਵਾਂ ’ਚ ਵਿਘਨ ਪੈਣ ਕਰਕੇ ਉਹ ਉੱਥੇ ਹੀ ਰੁਕ ਗਈ। ਇਸ ਤੋਂ ਬਾਅਦ 11 ਅਕਤੂਬਰ ਨੂੰ ਸਕੂਲ ਵੱਲੋਂ ਫੋਨ ਕਰਕੇ ਉਨ੍ਹਾਂ ਨੂੰ ਘਰ ’ਚ ਚੋਰੀ ਹੋਣ ਦੀ ਸੂਚਨਾ ਦਿੱਤੀ ਗਈ।
ਉਨ੍ਹਾਂ ਨੂੰ ਦੱਸਿਆ ਗਿਆ ਕਿ ਘਰ ਦਾ ਦਰਵਾਜ਼ਾ ਖੁੱਲ੍ਹਾ ਪਿਆ ਹੈ। ਘਰ ਪਹੁੰਚਣ ’ਤੇ ਸਾਰਾ ਸਾਮਾਨ ਖਿਲਰਿਆ ਹੋਇਆ ਸੀ, ਜਦਕਿ ਅਲਮਾਰੀ ਦੇ ਲਾਕਰ ’ਚ ਰੱਖੇ ਸੋਨੇ ਤੇ ਚਾਂਦੀ ਦੇ ਗਹਿਣੇ ਤੇ ਨਕਦੀ ਗਾਇਬ ਸਨ। ਮਮਤਾ ਯਾਦਵ ਨੇ ਦੱਸਿਆ ਕਿ ਘਰੋਂ ਚੋਰੀ ਹੋਏ ਗਹਿਣੇ ਉਨ੍ਹਾਂ ਦੀ ਉਮਰ ਭਰ ਦੀ ਕਮਾਈ ਸਨ। ਇਨ੍ਹਾਂ ’ਚ ਉਨ੍ਹਾਂ ਦੇ ਪੁੱਤਰ ਤੇ ਨੂੰਹ ਨੂੰ ਤੋਹਫ਼ੇ ਵਜੋਂ ਦਿੱਤੇ ਗਏ ਸੋਨੇ ਦੇ ਗਹਿਣੇ ਵੀ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਵਿੱਚੋਂ ਕਰੀਬ 90 ਫ਼ੀਸਦੀ ਦੇ ਦਸਤਾਵੇਜ਼ ਉਨ੍ਹਾਂ ਕੋਲ ਮੌਜੂਦ ਹਨ।
ਵਿਜੀਲੈਂਸ ਟੀਮ ਨੇ ਘਟਨਾ ਵਾਲੀ ਥਾਂ ਦਾ ਕੀਤਾ ਨਿਰੀਖਣ
ਜਾਂਚ ਦੌਰਾਨ ਪੁਲਿਸ ਦੇ ਨਾਲ-ਨਾਲ ਵਿਜੀਲੈਂਸ ਦੀ ਟੀਮ ਨੇ ਵੀ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ। ਇੱਕੋ ਰਾਤ ’ਚ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਕਾਰਨ ਪੁਲਿਸ ਵਾਰਦਾਤ ਦੇ ਤਰੀਕੇ ਤੇ ਕੈਂਪਸ ’ਚ ਹੋਈਆਂ ਸ਼ੱਕੀ ਗਤੀਵਿਧੀਆਂ ਦੀ ਜਾਂਚ ਕਰ ਰਹੀ ਹੈ। ਹੋਰ ਦੋ ਘਰ ਵੀ ਸਕੂਲ ਦੇ ਸਟਾਫ਼ ਦੇ ਹਨ, ਜਿੱਥੋਂ ਚੋਰ ਬਾਹਰ ਪਿਆ ਕੁਝ ਸਾਮਾਨ ਹੀ ਲਿਜਾ ਸਕੇ।
ਉੱਧਰ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਅਧਿਆਪਕਾ ਦੇ ਘਰ ’ਚ ਇੰਨੀ ਵੱਡੀ ਮਾਤਰਾ ’ਚ ਸੋਨਾ ਤੇ ਚਾਂਦੀ ਰੱਖੇ ਹੋਣ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਨਜ਼ਦੀਕੀ ਲੋਕਾਂ ਤੋਂ ਇਲਾਵਾ ਕਿਸੇ ਹੋਰ ਨੂੰ ਨਹੀਂ ਸੀ। ਹਾਲਾਂਕਿ, ਚੋਰਾਂ ਨੇ ਬੜੀ ਸਟੀਕਤਾ ਨਾਲ ਉਸੇ ਅਲਮਾਰੀ ਨੂੰ ਨਿਸ਼ਾਨਾ ਬਣਾਇਆ, ਜਿਸ ’ਚ ਇਹ ਕੀਮਤੀ ਸਾਮਾਨ ਰੱਖਿਆ ਹੋਇਆ ਸੀ। ਪੁਲਿਸ ਇਸ ਮਾਮਲੇ ਦੀ ਤਕਨੀਕੀ ਤੇ ਮੈਨੂਅਲ, ਦੋਵਾਂ ਤਰੀਕਿਆਂ ਨਾਲ ਜਾਂਚ ਕਰ ਰਹੀ ਹੈ।