- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਸਰਕਾਰ ਸੋਮਵਾਰ ਨੂੰ ਲੋਕ ਸਭਾ ਵਿੱਚ ਸੰਵਿਧਾਨ (132ਵਾਂ ਸੋਧ) ਬਿੱਲ, 2026 ਪੇਸ਼ ਕਰਨ ਜਾ ਰਹੀ ਹੈ। ਇਸ ਦਾ ਉਦੇਸ਼ ਨਵੀਂ ਹਲਕਾਬੰਦੀ ਪ੍ਰਕਿਰਿਆ ਰਾਹੀਂ ਸੰਸਦ ਅਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਇਕ-ਤਿਹਾਈ ਰਾਖਵਾਂਕਰਨ ਲਾਗੂ ਕਰਨਾ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ - ਕੇਂਦਰ ਸਰਕਾਰ ਸੋਮਵਾਰ ਨੂੰ ਲੋਕ ਸਭਾ ਵਿੱਚ ਸੰਵਿਧਾਨ (132ਵਾਂ ਸੋਧ) ਬਿੱਲ, 2026 ਪੇਸ਼ ਕਰਨ ਜਾ ਰਹੀ ਹੈ। ਇਸ ਦਾ ਉਦੇਸ਼ ਨਵੀਂ ਹਲਕਾਬੰਦੀ ਪ੍ਰਕਿਰਿਆ ਰਾਹੀਂ ਸੰਸਦ ਅਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਇਕ-ਤਿਹਾਈ ਰਾਖਵਾਂਕਰਨ ਲਾਗੂ ਕਰਨਾ ਹੈ।
ਪ੍ਰਸਤਾਵਿਤ ਕਾਨੂੰਨ ਅਪ੍ਰੈਲ ਵਿੱਚ ਲੋਕ ਸਭਾ ਵਿੱਚ ਰੱਦ ਹੋਏ ਸੰਵਿਧਾਨ (131ਵਾਂ ਸੋਧ) ਬਿੱਲ ਤੋਂ ਮੁੱਖ ਤੌਰ ’ਤੇ ਹਲਕਾਬੰਦੀ, ਸੂਬਿਆਂ ਵਿਚਕਾਰ ਸੀਟਾਂ ਦੀ ਵੰਡ ਅਤੇ ਚੋਣ ਹਲਕਿਆਂ ਦੀ ਮੁੜ ਹਲਕਾਬੰਦੀ ਲਈ ਵਰਤੇ ਜਾਣ ਵਾਲੇ ਜਨਗਣਨਾ ਦੇ ਅੰਕੜਿਆਂ ਦੇ ਮਾਮਲੇ ਵਿੱਚ ਵੱਖਰਾ ਹੈ।
ਦੋਵਾਂ ਪ੍ਰਸਤਾਵਾਂ ਵਿਚਕਾਰ ਕੀ ਹੈ ਅੰਤਰ?
1. ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਸੀਟਾਂ ਵਿੱਚ ਇੱਕੋ ਜਿਹੇ 50 ਫ਼ੀਸਦੀ ਵਾਧੇ ਦੀ ਤਜਵੀਜ਼
132ਵੇਂ ਸੋਧ ਬਿੱਲ ਵਿੱਚ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਇਸ ਵਿੱਚ ਲੋਕ ਸਭਾ ਅਤੇ ਹਰ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ ਵਿਧਾਨ ਸਭਾਵਾਂ ਵਿੱਚ ਸੀਟਾਂ ਦੀ ਗਿਣਤੀ ਵਿੱਚ ਇੱਕੋ ਜਿਹਾ 50 ਫ਼ੀਸਦੀ ਵਾਧਾ ਕਰਨ ਦੀ ਵਿਵਸਥਾ ਹੈ।
ਨਵੇਂ ਬਿੱਲ ਵਿੱਚ ਲੋਕ ਸਭਾ ਦੀ ਵੱਧ ਤੋਂ ਵੱਧ ਮੈਂਬਰ ਗਿਣਤੀ ਵਧਾ ਕੇ 850 ਕਰਨ ਦੀ ਤਜਵੀਜ਼ ਹੈ। ਇਸ ਵਿੱਚ ਸੂਬਿਆਂ ਤੋਂ 815 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 35 ਮੈਂਬਰ ਸ਼ਾਮਲ ਹੋ ਸਕਦੇ ਹਨ। ਇਸ ਵਿੱਚ ਸੂਬਾਈ ਵਿਧਾਨ ਸਭਾਵਾਂ ਦੀ ਵੱਧ ਤੋਂ ਵੱਧ ਮੈਂਬਰ ਗਿਣਤੀ ਦੀ ਹੱਦ ਵੀ 500 ਤੋਂ ਵਧਾ ਕੇ 650 ਕਰਨ ਦੀ ਤਜਵੀਜ਼ ਹੈ।
ਪਹਿਲੇ 131ਵੇਂ ਸੋਧ ਬਿੱਲ ਵਿੱਚ ਸਾਰੇ ਸੂਬਿਆਂ ਲਈ ਸੀਟਾਂ ਵਿੱਚ ਇੱਕੋ ਜਿਹੇ ਫ਼ੀਸਦੀ ਵਾਧੇ ਦੀ ਵਿਵਸਥਾ ਨਹੀਂ ਸੀ। ਨਵੇਂ ਪ੍ਰਸਤਾਵ ਤਹਿਤ ਜੇਕਰ ਹਰ ਸੂਬੇ ਦੀ ਮੌਜੂਦਾ ਸੀਟ ਗਿਣਤੀ ਵਿੱਚ 50 ਫ਼ੀਸਦੀ ਵਾਧਾ ਕੀਤਾ ਜਾਂਦਾ ਹੈ, ਤਾਂ ਲੋਕ ਸਭਾ ਵਿੱਚ ਉਨ੍ਹਾਂ ਦੀਆਂ ਸੀਟਾਂ ਦਾ ਹਿੱਸਾ ਲਗਭਗ ਪਹਿਲਾਂ ਵਰਗਾ ਹੀ ਰਹੇਗਾ।
2. ਹੱਦਬੰਦੀ ਲਈ 2011 ਦੀ ਜਨਗਣਨਾ ਦੇ ਅੰਕੜਿਆਂ ਦੀ ਵਰਤੋਂ
ਦੋਵਾਂ ਪ੍ਰਸਤਾਵਾਂ ਵਿਚਕਾਰ ਇੱਕ ਹੋਰ ਫ਼ਰਕ ਇਹ ਹੈ ਕਿ ਹਲਕਾਬੰਦੀ ਲਈ ਕਿਸ ਜਨਗਣਨਾ ਦੇ ਅੰਕੜਿਆਂ ਦੀ ਵਰਤੋਂ ਕੀਤੀ ਜਾਵੇਗੀ। 2023 ਦੇ ਮਹਿਲਾ ਰਾਖਵਾਂਕਰਨ ਕਾਨੂੰਨ ਵਿੱਚ ਕੋਟਾ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਹਲਕਾਬੰਦੀ ਬਿੱਲ ਨਾਲ ਜੋੜਿਆ ਗਿਆ ਸੀ। ਇਹ ਹੱਦਬੰਦੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਹੋਣ ਵਾਲੀ ਪਹਿਲੀ ਜਨਗਣਨਾ ਦੇ ਅੰਕੜੇ ਜਾਰੀ ਹੋਣ ਮਗਰੋਂ ਕੀਤੀ ਜਾਣੀ ਸੀ।
ਹਾਲਾਂਕਿ, ਨਵਾਂ ਬਿੱਲ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ ਕਿ ਪ੍ਰਸਤਾਵਿਤ ਸੋਧ ਲਾਗੂ ਹੋਣ ਦੀ ਤਰੀਕ ਤੱਕ ਉਪਲਬਧ ਨਵੀਨਤਮ ਪ੍ਰਕਾਸ਼ਿਤ ਜਨਗਣਨਾ ਦੇ ਅੰਕੜਿਆਂ ਦੀ ਵਰਤੋਂ ਕਰਕੇ ਚੋਣ ਹਲਕਿਆਂ ਦੀਆਂ ਹੱਦਾਂ ਮੁੜ ਤੈਅ ਕੀਤੀਆਂ ਜਾ ਸਕਦੀਆਂ ਹਨ। ਇਸ ਦਾ ਸਿੱਧਾ ਮਤਲਬ 2011 ਦੀ ਜਨਗਣਨਾ ਦੇ ਅੰਕੜਿਆਂ ਤੋਂ ਹੈ।
3. ਸੀਟਾਂ ਦੀ ਸੋਧੀ ਹੋਈ ਵੰਡ ਅਤੇ ਹੱਦਾਂ 2051 ਤੱਕ ਰਹਿਣਗੀਆਂ ਲਾਗੂ
132ਵੇਂ ਸੋਧ ਬਿੱਲ ਵਿੱਚ ਪ੍ਰਸਤਾਵ ਹੈ ਕਿ ਹੱਦਬੰਦੀ ਤੋਂ ਬਾਅਦ ਸੀਟਾਂ ਦੀ ਸੋਧੀ ਹੋਈ ਵੰਡ ਅਤੇ ਚੋਣ ਹਲਕਿਆਂ ਦੀ ਵੰਡ 2051 ਤੱਕ ਲਾਗੂ ਰਹੇਗੀ। ਇਸ ਨਵੇਂ ਪ੍ਰਸਤਾਵ ਵਿੱਚ 2023 ਦੀ ਸੋਧ ਲਾਗੂ ਹੋਣ ਤੋਂ ਬਾਅਦ 15 ਸਾਲਾਂ ਲਈ ਔਰਤਾਂ (ਜਿਨ੍ਹਾਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਦੀਆਂ ਔਰਤਾਂ ਵੀ ਸ਼ਾਮਲ ਹਨ) ਲਈ ਇਕ-ਤਿਹਾਈ ਰਾਖਵਾਂਕਰਨ ਦੀ ਵਿਵਸਥਾ ਹੈ।
ਸੰਸਦ ਕੋਲ ਕਾਨੂੰਨ ਬਣਾ ਕੇ ਰਾਖਵਾਂਕਰਨ ਦੀ ਮਿਆਦ ਵਧਾਉਣ ਦਾ ਅਧਿਕਾਰ ਹੋਵੇਗਾ। ਇਹ ਵੀ ਤੈਅ ਕੀਤਾ ਜਾਵੇਗਾ ਕਿ ਔਰਤਾਂ ਲਈ ਰਾਖਵੀਆਂ ਸੀਟਾਂ ਨੂੰ ਕਿਸ ਤਰ੍ਹਾਂ ਅਤੇ ਕਿਹੜੀ ਪ੍ਰਕਿਰਿਆ ਤਹਿਤ ਰੋਟੇਟ (ਬਦਲਵੇਂ ਆਧਾਰ ’ਤੇ ਤਬਦੀਲ) ਕੀਤਾ ਜਾਵੇਗਾ।
4. ਨਵੇਂ ਹੱਦਬੰਦੀ ਕਮਿਸ਼ਨ ਦਾ ਗਠਨ
ਇਸ ਪ੍ਰਕਿਰਿਆ ਦੀ ਨਿਗਰਾਨੀ ਲਈ ਇੱਕ ਨਵਾਂ ਹਲਕਾਬੰਦੀ ਕਮਿਸ਼ਨ ਬਣਾਇਆ ਜਾਵੇਗਾ। ਇਸ ਦੇ ਨਾਲ ਪੇਸ਼ ਕੀਤੇ ਗਏ ਹਲਕਾਬੰਦੀ (ਦੂਜਾ) ਬਿੱਲ, 2026 ਵਿੱਚ ਤਿੰਨ ਮੈਂਬਰੀ ਕਮਿਸ਼ਨ ਦੀ ਵਿਵਸਥਾ ਹੈ। ਇਸ ਦੀ ਅਗਵਾਈ ਸੁਪਰੀਮ ਕੋਰਟ ਦੇ ਮੌਜੂਦਾ ਜਾਂ ਸਾਬਕਾ ਜੱਜ ਕਰਨਗੇ, ਜਿਨ੍ਹਾਂ ਦੀ ਨਿਯੁਕਤੀ ਕੇਂਦਰ ਸਰਕਾਰ ਕਰੇਗੀ।
ਕਮਿਸ਼ਨ ਸੀਟਾਂ ਦੀ ਵੰਡ ਤੈਅ ਕਰੇਗਾ, ਚੋਣ ਹਲਕਿਆਂ ਦੀਆਂ ਹੱਦਾਂ ਮੁੜ ਨਿਰਧਾਰਤ ਕਰੇਗਾ ਅਤੇ ਔਰਤਾਂ ਲਈ ਰਾਖਵੀਆਂ ਜਾਣ ਵਾਲੀਆਂ ਸੀਟਾਂ ਦੀ ਪਛਾਣ ਕਰੇਗਾ। ਇਸ ਬਿੱਲ ਤਹਿਤ ਰਾਖਵੀਆਂ ਸੀਟਾਂ ਦੀ ਵੰਡ ਰੋਟੇਸ਼ਨ ਦੇ ਆਧਾਰ ’ਤੇ ਕੀਤੀ ਜਾਵੇਗੀ, ਜਿਸ ਬਾਰੇ ਕਮਿਸ਼ਨ ਫ਼ੈਸਲਾ ਕਰੇਗਾ।
5. SC ਅਤੇ ST ਔਰਤਾਂ ਲਈ ਰਾਖਵੀਆਂ ਸੀਟਾਂ ਦਾ ਵੱਖਰਾ ਰੋਟੇਸ਼ਨ
ਅਨੁਸੂਚਿਤ ਜਾਤੀਆਂ (SC) ਅਤੇ ਅਨੁਸੂਚਿਤ ਜਨਜਾਤੀਆਂ (ST) ਦੀਆਂ ਔਰਤਾਂ ਲਈ ਰਾਖਵੀਆਂ ਸੀਟਾਂ ਨੂੰ ਉਨ੍ਹਾਂ ਦੀਆਂ ਸਬੰਧਤ ਸ਼੍ਰੇਣੀਆਂ ਲਈ ਰਾਖਵੇਂ ਚੋਣ ਹਲਕਿਆਂ ਦੇ ਅੰਦਰ ਹੀ ਰੋਟੇਟ ਕੀਤਾ ਜਾਵੇਗਾ।
ਅਪ੍ਰੈਲ ਵਿੱਚ ਲੋਕ ਸਭਾ ਵਿੱਚ ਡਿੱਗ ਗਿਆ ਸੀ ਬਿੱਲ
ਸੰਵਿਧਾਨ (131ਵਾਂ ਸੋਧ) ਬਿੱਲ 17 ਅਪ੍ਰੈਲ ਨੂੰ ਲੋਕ ਸਭਾ ਵਿੱਚ ਡਿੱਗ ਗਿਆ ਸੀ, ਕਿਉਂਕਿ ਇਸ ਨੂੰ ਪਾਸ ਕਰਵਾਉਣ ਲਈ ਲੋੜੀਂਦਾ ਦੋ-ਤਿਹਾਈ ਬਹੁਮਤ ਨਹੀਂ ਮਿਲ ਸਕਿਆ ਸੀ। ਕੁੱਲ 298 ਸੰਸਦ ਮੈਂਬਰਾਂ ਨੇ ਬਿੱਲ ਦੇ ਹੱਕ ਵਿੱਚ ਵੋਟ ਪਾਈ, ਜਦਕਿ 230 ਨੇ ਇਸ ਦੇ ਵਿਰੋਧ ਵਿੱਚ ਵੋਟ ਦਿੱਤੀ। ਇਸ ਤੋਂ ਬਾਅਦ ਸਰਕਾਰ ਨੇ ਇਸ ਨਾਲ ਜੁੜੇ ਹੋਰ ਬਿੱਲਾਂ ਨੂੰ ਅੱਗੇ ਨਹੀਂ ਵਧਾਇਆ।