- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਤਾਮੜੀ ਜ਼ਿਲ੍ਹੇ ’ਚ ਫੜੀ ਗਈ ਇੱਕ ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸ਼ਰਾਬ ਨਾਲ ਭਰੀਆਂ ਗੱਡੀਆਂ ’ਚ ਸਫ਼ਰ ਕਰਨ ਦੇ ਬਦਲੇ ਧੰਦੇਬਾਜ਼ ਤੋਂ ਹਰ ਰੋਜ਼ 10 ਹਜ਼ਾਰ ਰੁਪਏ ਲੈਂਦੀ ਹੈ।

ਸੰਵਾਦ ਸਹਿਯੋਗੀ, ਬਗਹਾ : ਬਿਹਾਰ ’ਚ ਸ਼ਰਾਬਬੰਦੀ ਕਾਨੂੰਨ ਲਾਗੂ ਹੋਣ ਤੋਂ ਬਾਅਦ ਸ਼ਰਾਬ ਤਸਕਰ ਪੁਲਿਸ ਦੀ ਨਜ਼ਰ ਤੋਂ ਬਚਣ ਲਈ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ। ਹੁਣ ਸ਼ਰਾਬ ਨਾਲ ਭਰੀਆਂ ਗੱਡੀਆਂ ’ਚ ਔਰਤਾਂ ਨੂੰ ਬਿਠਾ ਕੇ ਉਨ੍ਹਾਂ ਨੂੰ ਘਰੇਲੂ ਔਰਤ ਵਜੋਂ ਪੇਸ਼ ਕਰਨ ਦਾ ਤਰੀਕਾ ਵੀ ਅਪਣਾਇਆ ਜਾ ਰਿਹਾ ਹੈ। ਆਬਕਾਰੀ ਵਿਭਾਗ ਦੀ ਕਾਰਵਾਈ ਦੌਰਾਨ ਇਸ ਦਾ ਖੁਲਾਸਾ ਹੋਇਆ ਹੈ। ਹਾਲ ਹੀ ’ਚ ਸੀਤਾਮੜੀ ਜ਼ਿਲ੍ਹੇ ’ਚ ਫੜੀ ਗਈ ਇੱਕ ਔਰਤ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਸ਼ਰਾਬ ਨਾਲ ਭਰੀਆਂ ਗੱਡੀਆਂ ’ਚ ਸਫ਼ਰ ਕਰਨ ਦੇ ਬਦਲੇ ਧੰਦੇਬਾਜ਼ ਤੋਂ ਹਰ ਰੋਜ਼ 10 ਹਜ਼ਾਰ ਰੁਪਏ ਲੈਂਦੀ ਹੈ।
ਯੂਪੀ ਸਮੇਤ ਕਈ ਸੂਬਿਆਂ ’ਚ ਨੈੱਟਵਰਕ
ਔਰਤ ਦੇ ਮੁਤਾਬਕ, ਉਹ ਯੂਪੀ ਸਮੇਤ ਹੋਰ ਸੂਬਿਆਂ ਤੋਂ ਆਉਣ ਵਾਲੀਆਂ ਸ਼ਰਾਬ ਨਾਲ ਭਰੀਆਂ ਗੱਡੀਆਂ ’ਚ ਘਰੇਲੂ ਔਰਤ ਬਣ ਕੇ ਸਫ਼ਰ ਕਰਦੀ ਹੈ। ਉਸ ਦਾ ਕਹਿਣਾ ਸੀ ਕਿ ਜਦੋਂ ਗੱਡੀ ’ਚ ਕੋਈ ਔਰਤ ਜਾਂ ਲੜਕੀ ਸਵਾਰ ਹੁੰਦੀ ਹੈ ਤਾਂ ਪੁਲਿਸ ਵੱਲੋਂ ਵਾਹਨ ਰੋਕ ਕੇ ਜਾਂਚ ਕਰਨ ਦੀ ਸੰਭਾਵਨਾ ਘੱਟ ਰਹਿੰਦੀ ਹੈ। ਸ਼ਰਾਬ ਤਸਕਰ ਇਸੇ ਸੋਚ ਦਾ ਫਾਇਦਾ ਚੁੱਕ ਰਹੇ ਹਨ। ਔਰਤ ਨੂੰ ਗੱਡੀ ’ਚ ਬਿਠਾ ਕੇ ਤਸਕਰ ਵਾਹਨ ਨੂੰ ਇੱਕ ਆਮ ਪਰਿਵਾਰ ਦੀ ਗੱਡੀ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ।
‘ਕਿਰਾਏ ਦੀ ਚਾਚੀ’
ਆਬਕਾਰੀ ਇੰਸਪੈਕਟਰ ਤੇ ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਸ਼ਰਾਬ ਨਾਲ ਭਰੀ ਇੱਕ ਗੱਡੀ ਨੂੰ ਰੋਕ ਕੇ ਡਰਾਈਵਰ ਤੋਂ ਪੁੱਛਗਿੱਛ ਕੀਤੀ ਗਈ। ਡਰਾਈਵਰ ਨੇ ਗੱਡੀ ’ਚ ਬੈਠੀ ਔਰਤ ਨੂੰ ਆਪਣੀ ‘ਚਾਚੀ’ ਦੱਸਿਆ ਤੇ ਕਿਹਾ ਕਿ ਉਹ ਉਸ ਨੂੰ ਬੇਤੀਆ ਲੈ ਕੇ ਜਾ ਰਿਹਾ ਹੈ। ਜਦੋਂ ਡਰਾਈਵਰ ਤੋਂ ਗੱਡੀ ’ਚ ਸ਼ਰਾਬ ਜਾਂ ਕੋਈ ਹੋਰ ਪਾਬੰਦੀਸ਼ੁਦਾ ਸਮੱਗਰੀ ਹੋਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, “ਸਾਹਿਬ, ਗੱਡੀ ’ਚ ਔਰਤ ਬੈਠੀ ਹੈ। ਸ਼ਰਾਬ ਜਾਂ ਪਾਬੰਦੀਸ਼ੁਦਾ ਸਮੱਗਰੀ ਰੱਖਣਾ ਤਾਂ ਦੂਰ ਦੀ ਗੱਲ ਹੈ।” ਇਸ ਦੇ ਬਾਵਜੂਦ ਆਬਕਾਰੀ ਵਿਭਾਗ ਦੀ ਟੀਮ ਨੂੰ ਸ਼ੱਕ ਹੋਇਆ।
ਗੱਡੀ ਦੀ ਸਕੈਨਰ ਮਸ਼ੀਨ ਨਾਲ ਜਾਂਚ ਕਰਵਾਈ ਗਈ ਤਾਂ ਅੰਦਰ ਬਣੇ ਤਹਿਖਾਨੇ ਸਮੇਤ ਹੋਰ ਹਿੱਸਿਆਂ ’ਚ ਸ਼ਰਾਬ ਦੀਆਂ ਬੋਤਲਾਂ ਲੁਕਾ ਕੇ ਰੱਖੀਆਂ ਹੋਣ ਦਾ ਪਤਾ ਲੱਗਿਆ। ਇਸ ਤੋਂ ਬਾਅਦ ਸ਼ਰਾਬ ਦੀ ਤਸਕਰੀ ’ਚ ਔਰਤਾਂ ਦੇ ਇਸਤੇਮਾਲ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾਂਦਾ ਹੈ ਕਿ 27 ਅਗਸਤ ਨੂੰ ਕਾਰ ਨੰਬਰ DL 10 CD 2388 ਤੋਂ 68 ਲੀਟਰ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ ਗਈ ਸੀ। ਇਸ ਮਾਮਲੇ ’ਚ ਯੂਪੀ ਵਾਸੀ ਅਵਧ ਕਿਸ਼ੋਰ ਪਾਂਡੇ ਤੇ ਸੀਤਾਮੜੀ ਵਾਸੀ ਸੰਜੀਵ ਕੁਮਾਰ ਦੇ ਨਾਲ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਆਬਕਾਰੀ ਵਿਭਾਗ ਨੇ ਹੁਣ ਸ਼ਰਾਬ ਤਸਕਰੀ ’ਚ ਔਰਤਾਂ ਦੇ ਇਸਤੇਮਾਲ ਨੂੰ ਲੈ ਕੇ ਨਿਗਰਾਨੀ ਹੋਰ ਵਧਾ ਦਿੱਤੀ ਹੈ।