- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਨਰਾ ਬੈਂਕ ’ਚ ਗ੍ਰੈਜੂਏਟ ਅਪ੍ਰੈਂਟਿਸ ਦੇ 3500 ਅਹੁਦਿਆਂ ਲਈ ਭਰਤੀ ਕੱਢੀ ਗਈ ਹੈ। ਅਰਜ਼ੀ ਪ੍ਰਕਿਰਿਆ 1 ਅਕਤੂਬਰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਜਾਰੀ ਰਹੇਗੀ।

ਜੌਬ ਡੈਸਕ, ਨਵੀਂ ਦਿੱਲੀ : ਬੈਂਕ ’ਚ ਸਰਕਾਰੀ ਨੌਕਰੀ ਦਾ ਸੁਪਨਾ ਦੇਖ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਕੈਨਰਾ ਬੈਂਕ ਵੱਲੋਂ ਦੇਸ਼ ਭਰ ’ਚ ਗ੍ਰੈਜੂਏਟ ਅਪ੍ਰੈਂਟਿਸ ਦੇ 3500 ਖਾਲੀ ਅਹੁਦਿਆਂ ਨੂੰ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਲਈ ਅਰਜ਼ੀਆਂ 1 ਅਕਤੂਬਰ ਤੋਂ ਸ਼ੁਰੂ ਹੋਣਗੀਆਂ। ਭਰਤੀ ’ਚ ਸ਼ਾਮਲ ਹੋਣ ਦੇ ਇੱਛੁਕ ਉਮੀਦਵਾਰ ਆਨਲਾਈਨ ਮਾਧਿਅਮ ਰਾਹੀਂ ਫਾਰਮ ਭਰ ਸਕਣਗੇ। ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 17 ਅਕਤੂਬਰ 2026 ਨਿਰਧਾਰਤ ਕੀਤੀ ਗਈ ਹੈ।
ਫਾਰਮ ਭਰਨ ਤੋਂ ਪਹਿਲਾਂ ਯੋਗਤਾ ਜ਼ਰੂਰ ਜਾਂਚੋ
ਇਸ ਭਰਤੀ ’ਚ ਹਿੱਸਾ ਲੈਣ ਲਈ ਉਮੀਦਵਾਰ ਦਾ ਕਿਸੇ ਵੀ ਸਟ੍ਰੀਮ ’ਚ ਗ੍ਰੈਜੂਏਸ਼ਨ ਪਾਸ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 20 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ ਉਮਰ 28 ਸਾਲ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਰਾਖਵੇਂ ਵਰਗ ਨਾਲ ਸਬੰਧਤ ਨੌਜਵਾਨਾਂ ਨੂੰ ਵੱਧ ਤੋਂ ਵੱਧ ਉਮਰ ਸੀਮਾ ’ਚ ਛੋਟ ਦਿੱਤੀ ਗਈ ਹੈ। ਧਿਆਨ ਰਹੇ ਕਿ ਉਮਰ ਤੇ ਵਿੱਦਿਅਕ ਯੋਗਤਾ ਦਾ ਨਿਰਧਾਰਨ 1 ਸਤੰਬਰ 2026 ਦੇ ਆਧਾਰ ’ਤੇ ਕੀਤਾ ਜਾਵੇਗਾ।
ਅਰਜ਼ੀ ਦੇਣ ਦਾ ਤਰੀਕਾ
ਇਸ ਭਰਤੀ ’ਚ ਸ਼ਾਮਲ ਹੋਣ ਲਈ ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ nats.education.gov.in ਪੋਰਟਲ ’ਤੇ ਆਪਣਾ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਤੋਂ ਬਾਅਦ ਉਮੀਦਵਾਰ ਕੈਨਰਾ ਬੈਂਕ ਦੀ ਵੈੱਬਸਾਈਟ canarabank.bank.in ’ਤੇ ਜਾ ਕੇ ਕਰੀਅਰ ਸੈਕਸ਼ਨ ’ਚ ਭਰਤੀ ਨਾਲ ਸਬੰਧਤ ਲਿੰਕ ’ਤੇ ਕਲਿੱਕ ਕਰਕੇ ਅਰਜ਼ੀ ਪ੍ਰਕਿਰਿਆ ਪੂਰੀ ਕਰ ਸਕਣਗੇ। ਫਾਰਮ ਭਰਨ ਦੇ ਨਾਲ ਜਨਰਲ ਤੇ ਹੋਰ ਸਾਰੇ ਵਰਗਾਂ ਦੇ ਉਮੀਦਵਾਰਾਂ ਨੂੰ 500 ਰੁਪਏ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ, ਜਦਕਿ SC/ST/PwBD ਵਰਗ ਦੇ ਉਮੀਦਵਾਰ ਮੁਫ਼ਤ ’ਚ ਫਾਰਮ ਭਰ ਸਕਣਗੇ।
ਬਿਨਾਂ ਪ੍ਰੀਖਿਆ ਤੇ ਇੰਟਰਵਿਊ ਹੋਵੇਗੀ ਚੋਣ
ਇਸ ਭਰਤੀ ਲਈ ਉਮੀਦਵਾਰਾਂ ਦੀ ਚੋਣ ਬਿਨਾਂ ਪ੍ਰੀਖਿਆ ਤੇ ਇੰਟਰਵਿਊ ਦੇ ਕੀਤੀ ਜਾਵੇਗੀ। ਅਰਜ਼ੀ ਦੇਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਯੋਗਤਾ ਦੇ ਆਧਾਰ ’ਤੇ ਸ਼ਾਰਟਲਿਸਟ ਕੀਤਾ ਜਾਵੇਗਾ। ਭਰਤੀ ਲਈ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 12 ਮਹੀਨਿਆਂ ਦੀ ਅਪ੍ਰੈਂਟਿਸਸ਼ਿਪ ਲਈ ਨਿਯੁਕਤੀ ਦਿੱਤੀ ਜਾਵੇਗੀ। ਇਸ ਦੌਰਾਨ ਉਮੀਦਵਾਰਾਂ ਨੂੰ 16,650 ਰੁਪਏ ਪ੍ਰਤੀ ਮਹੀਨਾ ਸਟਾਈਪੈਂਡ ਦਿੱਤਾ ਜਾਵੇਗਾ। ਭਰਤੀ ਨਾਲ ਸਬੰਧਤ ਹੋਰ ਜਾਣਕਾਰੀ ਲਈ ਉਮੀਦਵਾਰਾਂ ਨੂੰ ਇੱਕ ਵਾਰ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ।