
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ’ਚ ਉੱਚ ਸਿੱਖਿਆ ਦਾ ਘੇਰਾ ਪਿਛਲੇ ਇਕ ਦਹਾਕੇ ਦੌਰਾਨ ਤੇਜ਼ੀ ਨਾਲ ਵਧਿਆ ਹੈ। ਸਿੱਖਿਆ ਪ੍ਰਤੀ ਸਮਾਜ ’ਚ ਵਧੀ ਜਾਗਰੂਕਤਾ ਅਤੇ ਸਰਕਾਰ ਦੇ ਵਿਸ਼ੇਸ਼ ਯਤਨਾਂ ਦੇ ਚਲਦਿਆਂ ਦਾਖ਼ਲਿਆਂ ਵਿਚ ਹਰ ਵਰਗ ਦੀ ਹਿੱਸੇਦਾਰੀ ਵਧੀ ਹੈ।

ਨਵੀਂ ਦਿੱਲੀ (ਆਈਏਐੱਨਐੱਸ) : ਭਾਰਤ ’ਚ ਉੱਚ ਸਿੱਖਿਆ ਦਾ ਘੇਰਾ ਪਿਛਲੇ ਇਕ ਦਹਾਕੇ ਦੌਰਾਨ ਤੇਜ਼ੀ ਨਾਲ ਵਧਿਆ ਹੈ। ਸਿੱਖਿਆ ਪ੍ਰਤੀ ਸਮਾਜ ’ਚ ਵਧੀ ਜਾਗਰੂਕਤਾ ਅਤੇ ਸਰਕਾਰ ਦੇ ਵਿਸ਼ੇਸ਼ ਯਤਨਾਂ ਦੇ ਚਲਦਿਆਂ ਦਾਖ਼ਲਿਆਂ ਵਿਚ ਹਰ ਵਰਗ ਦੀ ਹਿੱਸੇਦਾਰੀ ਵਧੀ ਹੈ। 2014 ’ਚ ਜਿੱਥੇ ਕਰੀਬ 3.42 ਕਰੋੜ ਵਿਦਿਆਰਥੀ ਉੱਚ ਸਿੱਖਿਆ ’ਚ ਦਾਖ਼ਲ ਸਨ, ਉੱਥੇ 2023-24 ਵਿਚ ਇਹ ਗਿਣਤੀ ਵਧ ਕੇ 4.5 ਕਰੋੜ ਹੋ ਗਈ। ਭਾਵ, 10 ਸਾਲਾਂ ਵਿਚ ਕਰੀਬ 1.08 ਕਰੋੜ ਵਿਦਿਆਰਥੀਆਂ ਦਾ ਵਾਧਾ ਹੋਇਆ ਹੈ। ਇਸ ਦੌਰਾਨ ਕੁੱਲ ਦਾਖ਼ਲਿਆਂ ਵਿਚ 31.5 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਚਲਦਿਆਂ ਸੈਕੰਡਰੀ ਸਿੱਖਿਆ ਤੋਂ ਬਾਅਦ ਪੜ੍ਹਾਈ ਛੱਡ ਦੇਣ ਦੀ ਰਵਾਇਤੀ ਭਾਰਤੀ ਸੋਚ ਵਿਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।
ਸਿੱਖਿਆ ਮੰਤਰਾਲੇ ਦੀ ਫੈਕਟਸ਼ੀਟ ਅਨੁਸਾਰ, ਉੱਚ ਸਿੱਖਿਆ ਵਿਚ ਕੁੱਲ ਦਾਖ਼ਲਾ ਅਨੁਪਾਤ (ਜੀਈਆਰ) ਵੀ 2014 ਦੇ 23.7 ਫ਼ੀਸਦੀ ਤੋਂ ਵਧ ਕੇ 2022-23 ਵਿਚ 29.5 ਫ਼ੀਸਦੀ ਅਤੇ 2023-24 ਵਿਚ 30 ਫ਼ੀਸਦੀ ਹੋ ਗਿਆ। ਇਸ ਵਾਧੇ ਨੂੰ 2035 ਤੱਕ ਜੀਈਆਰ ਨੂੰ 50 ਫ਼ੀਸਦੀ ਤੱਕ ਪਹੁੰਚਾਉਣ ਦੇ ਕੌਮੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਟੀਚੇ ਦੀ ਦਿਸ਼ਾ ਵਿਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਸਰਬ ਭਾਰਤੀ ਉੱਚ ਸਿੱਖਿਆ ਸਰਵੇਖਣ (ਏਆਈਐੱਸਐੱਚਈ) ਦੇ ਅੰਕੜਿਆਂ ਮੁਤਾਬਕ, ਇਸ ਮਿਆਦ ਦੌਰਾਨ ਸਿਰਫ਼ ਵਿਦਿਆਰਥੀਆਂ ਦੀ ਗਿਣਤੀ ਹੀ ਨਹੀਂ ਵਧੀ, ਸਗੋਂ ਉੱਚ ਸਿੱਖਿਆ ਦਾ ਸੰਸਥਾਗਤ ਢਾਂਚਾ ਵੀ ਵੱਡਾ ਹੋਇਆ ਹੈ। ਦੇਸ਼ ਵਿਚ ਯੂਨੀਵਰਸਿਟੀਆਂ ਦੀ ਗਿਣਤੀ 760 ਤੋਂ ਵਧ ਕੇ 1,289 ਹੋ ਗਈ। ਭਾਵ, ਕਰੀਬ 529 ਯੂਨੀਵਰਸਿਟੀਆਂ ਦਾ ਵਾਧਾ ਹੋਇਆ ਅਤੇ ਗਿਣਤੀ ਵਿਚ 69.6 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਕਾਲਜਾਂ ਦੀ ਗਿਣਤੀ 38,498 ਤੋਂ ਵਧ ਕੇ 48,246 ਹੋ ਗਈ, ਜਦਕਿ ਸਟੈਂਡਅਲੋਨ ਸੰਸਥਾਵਾਂ ਦੀ ਗਿਣਤੀ 12,276 ਤੋਂ ਵਧ ਕੇ 15,221 ਹੋ ਗਈ।
ਵਿਦਿਆਰਥਣਾਂ ਦੀ ਗਿਣਤੀ ’ਚ ਮਰਦਾਂ ਨਾਲੋਂ ਤੇਜ਼ ਵਾਧਾ
ਉੱਚ ਸਿੱਖਿਆ ’ਚ ਵਿਦਿਆਰਥਣਾਂ ਦੀ ਹਿੱਸੇਦਾਰੀ ਇਸ ਬਦਲਾਅ ਦਾ ਸਭ ਤੋਂ ਅਹਿਮ ਪੱਖ ਰਹੀ ਹੈ। 2014-15 ਵਿਚ ਕਰੀਬ 1.57 ਕਰੋੜ ਵਿਦਿਆਰਥਣਾਂ ਉੱਚ ਸਿੱਖਿਆ ਵਿਚ ਦਾਖ਼ਲ ਸਨ, ਜੋ 2023-24 ਵਿਚ ਵਧ ਕੇ 2.24 ਕਰੋੜ ਹੋ ਗਈਆਂ। ਭਾਵ, 10 ਸਾਲਾਂ ਵਿਚ ਵਿਦਿਆਰਥਣਾਂ ਦੀ ਗਿਣਤੀ ਵਿਚ ਕਰੀਬ 67 ਲੱਖ ਜਾਂ 42.2 ਫ਼ੀਸਦੀ ਦਾ ਵਾਧਾ ਹੋਇਆ। ਇਸ ਦਾ ਅਸਰ ਜੈਂਡਰ ਸਮਾਨਤਾ ਸੂਚਕ ਅੰਕ (ਜੀਪੀਆਈ) ’ਤੇ ਵੀ ਦਿਖਾਈ ਦਿੱਤਾ। ਉੱਚ ਸਿੱਖਿਆ ਵਿਚ ਜੀਪੀਆਈ 2014-15 ਦੇ 0.92 ਤੋਂ ਵਧ ਕੇ 2023-24 ਵਿਚ 1.08 ਹੋ ਗਿਆ। ਇਕ ਤੋਂ ਵੱਧ ਜੀਪੀਆਈ ਦਾ ਮਤਲਬ ਹੈ ਕਿ ਸਬੰਧਤ ਪੱਧਰ ’ਤੇ ਮਹਿਲਾ ਦਾਖ਼ਲਾ ਮਰਦਾਂ ਦੇ ਮੁਕਾਬਲੇ ਵੱਧ ਹੈ। ਅਨੁਸੂਚਿਤ ਜਾਤੀ ਵਿਚ ਇਹ ਸੂਚਕ ਅੰਕ 0.91 ਤੋਂ ਵਧ ਕੇ 1.11 ਅਤੇ ਅਨੁਸੂਚਿਤ ਜਨਜਾਤੀ ਵਿਚ 0.81 ਤੋਂ ਵਧ ਕੇ 1.08 ਹੋ ਗਿਆ।
ਸਮਾਜਿਕ ਸਮੂਹਾਂ ਦੀ ਹਿੱਸੇਦਾਰੀ ’ਚ ਵੀ ਤਬਦੀਲੀ
ਸਮਾਜਿਕ ਸਮੂਹਾਂ ਦੀ ਹਿੱਸੇਦਾਰੀ ਵਿਚ ਵੀ ਬਦਲਾਅ ਆਇਆ ਹੈ। ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੀ ਹਿੱਸੇਦਾਰੀ 13.44 ਫ਼ੀਸਦੀ ਤੋਂ ਵਧ ਕੇ 15.5 ਫ਼ੀਸਦੀ ਅਤੇ ਅਨੁਸੂਚਿਤ ਜਨਜਾਤੀ ਦੀ 4.8 ਫ਼ੀਸਦੀ ਤੋਂ ਵਧ ਕੇ 6.4 ਫ਼ੀਸਦੀ ਹੋ ਗਈ। ਓਬੀਸੀ ਵਿਦਿਆਰਥੀਆਂ ਦੀ ਹਿੱਸੇਦਾਰੀ ਵਿਚ ਸਭ ਤੋਂ ਵੱਧ ਵਾਧਾ ਹੋਇਆ ਅਤੇ ਇਹ 32.8 ਫ਼ੀਸਦੀ ਤੋਂ ਵਧ ਕੇ 40.1 ਫ਼ੀਸਦੀ ਹੋ ਗਈ। ਇਸੇ ਦੌਰਾਨ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਵਿਸ਼ਿਆਂ ਵਿਚ ਦਾਖ਼ਲਾ ਵੀ ਵਧਿਆ ਹੈ। 2014 ਵਿਚ ਕਰੀਬ 91.5 ਲੱਖ ਵਿਦਿਆਰਥੀ ਇਨ੍ਹਾਂ ਖੇਤਰਾਂ ਵਿਚ ਸਨ, ਜੋ 2023-24 ਵਿਚ ਵਧ ਕੇ 1.02 ਕਰੋੜ ਹੋ ਗਏ। ਭਾਵ, ਕਰੀਬ 10.5 ਲੱਖ ਵਿਦਿਆਰਥੀਆਂ ਦਾ ਵਾਧਾ ਹੋਇਆ।