- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਹੁਣ ਆਪਣੀ ਕਾਰਜਕੁਸ਼ਲਤਾ ਵਧਾਉਣ ਲਈ ਹਰ ਸਾਲ ਲਾਜ਼ਮੀ ਤੌਰ 'ਤੇ 50 ਘੰਟੇ ਦੀ ਸਿਖਲਾਈ ਲੈਣੀ ਪਵੇਗੀ।

ਅਰਵਿੰਦ ਪਾਂਡੇ, ਜਾਗਰਣ, ਨਵੀਂ ਦਿੱਲੀ : ਸਕੂਲੀ ਸਿੱਖਿਆ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਕੂਲਾਂ ਵਿਚ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਹੁਣ ਆਪਣੀ ਕਾਰਜਕੁਸ਼ਲਤਾ ਵਧਾਉਣ ਲਈ ਹਰ ਸਾਲ ਲਾਜ਼ਮੀ ਤੌਰ 'ਤੇ 50 ਘੰਟੇ ਦੀ ਸਿਖਲਾਈ ਲੈਣੀ ਪਵੇਗੀ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਤਨਖ਼ਾਹ ਵਾਧੇ, ਤਰੱਕੀ ਅਤੇ ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਲਾਭ ਨਹੀਂ ਮਿਲੇਗਾ। ਸਿੱਖਿਆ ਮੰਤਰਾਲੇ ਨੇ ਕੇਂਦਰੀ ਅਤੇ ਨਵੋਦਿਆ ਸਕੂਲਾਂ ਵਿਚ ਇਸ ਨੂੰ ਲਾਗੂ ਕਰਨਾ ਸ਼ੁਰੂ ਕਰਨ ਦੇ ਨਾਲ ਹੀ ਸੂਬਿਆਂ ਨੂੰ ਵੀ ਇਸ 'ਤੇ ਸਖ਼ਤੀ ਨਾਲ ਅਮਲ ਕਰਵਾਉਣ ਲਈ ਕਿਹਾ ਹੈ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਹਰਿਆਣਾ, ਤ੍ਰਿਪੁਰਾ ਅਤੇ ਬਿਹਾਰ ਵਰਗੇ ਸੂਬਿਆਂ ਵਿਚ ਅਧਿਆਪਕ ਸਿਖਲਾਈ ਦੀ ਮੁਹਿੰਮ ਤੇਜ਼ ਹੋ ਗਈ ਹੈ। ਇਸ ਦੇ ਘੇਰੇ ਵਿਚ ਸਰਕਾਰੀ ਅਤੇ ਨਿੱਜੀ ਦੋਵਾਂ ਸਕੂਲਾਂ ਦੇ ਅਧਿਆਪਕ ਹੋਣਗੇ।
ਸਿੱਖਿਆ ਮੰਤਰਾਲੇ ਨੇ ਇਹ ਪਹਿਲ ਨਵੀਂ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਤਹਿਤ ਸਕੂਲਾਂ ਲਈ ਆ ਚੁੱਕੀਆਂ ਜਾਂ ਆਉਣ ਵਾਲੀਆਂ ਨਵੀਆਂ ਪਾਠ-ਪੁਸਤਕਾਂ ਅਤੇ ਪੜ੍ਹਾਉਣ-ਸਿਖਾਉਣ ਦੇ ਸੁਝਾਏ ਗਏ ਨਵੇਂ-ਨਵੇਂ ਤਰੀਕਿਆਂ ਨੂੰ ਧਿਆਨ ਵਿਚ ਰੱਖ ਕੇ ਸ਼ੁਰੂ ਕੀਤੀ ਹੈ। ਵੈਸੇ ਵੀ ਸਕੂਲੀ ਸਿੱਖਿਆ ਦੀ ਗੁਣਵੱਤਾ ਲਈ ਪਹਿਲਾਂ ਤੋਂ ਹੀ ਅਧਿਆਪਕਾਂ ਨੂੰ ਨਿਯਮਤ ਸਿਖਲਾਈ ਦੇਣ ਦੇ ਸੁਝਾਅ ਦਿੱਤੇ ਗਏ ਸਨ। ਦੇਸ਼ ਭਰ ਵਿਚ ਸਕੂਲੀ ਅਧਿਆਪਕਾਂ ਨੂੰ ਇਹ ਸਿਖਲਾਈ ਰਾਸ਼ਟਰੀ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਨਸੀਈਆਰਟੀ) ਅਤੇ ਸੂਬਾਈ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐੱਸਸੀਈਆਰਟੀ) ਰਾਹੀਂ ਦਿੱਤੀ ਜਾ ਰਹੀ ਹੈ। ਇਸ ਲਈ ਦੀਕਸ਼ਾ ਨਾਂ ਦਾ ਇਕ ਪੋਰਟਲ ਵੀ ਵਿਕਸਤ ਕੀਤਾ ਗਿਆ ਹੈ, ਜਿਸ ਰਾਹੀਂ ਇਸ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸ ਸੂਬੇ ਦੇ ਕਿੰਨੇ ਅਧਿਆਪਕਾਂ ਨੇ ਸਿਖਲਾਈ ਲਈ ਹੈ, ਇਸ ਦੀ ਜਾਣਕਾਰੀ ਹਰ ਹਫ਼ਤੇ ਸੂਬਿਆਂ ਨਾਲ ਸਾਂਝੀ ਕੀਤੀ ਜਾਵੇਗੀ।
ਨਿੱਜੀ ਸਕੂਲਾਂ ਨੂੰ ਵੀ ਇਸ ਵਿਵਸਥਾ ਨੂੰ ਸਖ਼ਤੀ ਨਾਲ ਅਪਣਾਉਣਾ ਪਵੇਗਾ ਅਤੇ ਆਪਣੇ ਅਧਿਆਪਕਾਂ ਨੂੰ ਸਿਖਲਾਈ ਦਿਵਾਉਣੀ ਪਵੇਗੀ। ਜੇਕਰ ਅਜਿਹਾ ਨਹੀਂ ਕਰਨਗੇ ਤਾਂ ਉਨ੍ਹਾਂ ਦੀ ਮਾਨਤਾ 'ਤੇ ਸੰਕਟ ਖੜ੍ਹਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰਾਲੇ ਨੇ ਹਾਲ ਹੀ ਵਿਚ ਦੇਸ਼ ਭਰ ਦੇ ਸਕੂਲੀ ਸਕੱਤਰਾਂ ਨਾਲ ਹੋਈ ਮੀਟਿੰਗ ਵਿਚ ਵੀ ਇਸ ਨੂੰ ਲਾਗੂ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ।
ਤਿੰਨ ਪੜਾਵਾਂ ’ਚ ਮਿਲੇਗੀ ਇਹ ਸਿਖਲਾਈ
ਪਹਿਲਾ ਪੜਾਅ :
ਇਹ 24 ਘੰਟਿਆਂ ਦਾ ਹੋਵੇਗਾ, ਜੋ ਗਿਆਨ ਅਤੇ ਅਧਿਆਪਨ ਅਭਿਆਸ 'ਤੇ ਆਧਾਰਿਤ ਹੋਵੇਗਾ। ਇਸ ਵਿਚ ਬੱਚਿਆਂ ਨੂੰ ਖੇਡ-ਖੇਡ ਅਤੇ ਕਹਾਣੀ ਦੀ ਸ਼ੈਲੀ ਵਿਚ ਪੜ੍ਹਾਉਣ, ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਆਦਿ ਬਾਰੇ ਦੱਸਿਆ ਅਤੇ ਸਿਖਾਇਆ ਜਾਵੇਗਾ। ਇਸ ਦੇ ਨਾਲ ਹੀ ਏਆਈ ਅਤੇ ਡਿਜੀਟਲ ਟੂਲਜ਼ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਦੂਜਾ ਪੜਾਅ :
ਇਹ 14 ਘੰਟਿਆਂ ਦਾ ਹੋਵੇਗਾ, ਜੋ ਪੇਸ਼ੇਵਰ ਵਿਕਾਸ 'ਤੇ ਆਧਾਰਿਤ ਹੋਵੇਗਾ। ਇਸ ਵਿਚ ਤਣਾਅ ਪ੍ਰਬੰਧਨ ਅਤੇ ਕਲਾਸ ਰੂਮ ਨੂੰ ਕਿਵੇਂ ਖ਼ੁਸ਼ਨੁਮਾ ਰੱਖਿਆ ਜਾਵੇ, ਬੱਚਿਆਂ ਦੀ ਰੁਚੀ ਦੀ ਪਛਾਣ ਕਰ ਕੇ ਕਰੀਅਰ ਕਾਊਂਸਲਿੰਗ ਕਰਨ, ਬੱਚਿਆਂ ਨੂੰ ਆਪਸ ਵਿਚ ਮਿਲਜੁਲ ਕੇ ਰਹਿਣ ਅਤੇ ਬੈਠਣ ਆਦਿ ਦੀ ਸਿੱਖਿਆ ਦਿੱਤੀ ਜਾਵੇਗੀ।
ਤੀਜਾ ਪੜਾਅ :
ਇਹ 12 ਘੰਟਿਆਂ ਦਾ ਹੋਵੇਗਾ। ਇਸ ਵਿਚ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਕਿਵੇਂ ਜੋੜਿਆ ਜਾਵੇ, ਇਸ ਦੀ ਸਿੱਖਿਆ ਦਿੱਤੀ ਜਾਵੇਗੀ। ਇਸ ਵਿਚ ਮਾਨਸਿਕ ਸਿਹਤ, ਸਾਈਬਰ ਸੁਰੱਖਿਆ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਦੇ ਨਾਲ ਦਿਵਿਆਂਗ ਅਤੇ ਹਰ ਵਰਗ ਦੇ ਬੱਚਿਆਂ ਨੂੰ ਨਾਲ ਲੈ ਕੇ ਚੱਲਣ, ਲਿੰਗਕ ਸੰਵੇਦਨਸ਼ੀਲਤਾ ਆਦਿ ਬਾਰੇ ਜਾਣਕਾਰੀ ਦਿੱਤੀ ਜਾਵੇਗੀ।