ਜਦੋਂ ਸਾਫਟ ਵਾਲ ਨੇ ਵਧਾਈਆਂ ਮੁਸ਼ਕਲਾਂ, ਗੇਂਦ ਦੀ ਬਣਤਰ ਨੇ ਰੋਕੀ ਭਾਰਤੀ ਗੇਂਦਬਾਜ਼ਾਂ ਦੀ ਰਫ਼ਤਾਰ
ਪਹਿਲੇ ਟੈਸਟ ਦੇ ਤੀਜੇ ਦਿਨ ਸਵੇਰੇ ਚਾਰ ਗੇਂਦਾਂ 'ਤੇ ਦੋ ਦੌੜਾਂ ਜੋੜ ਕੇ ਜਦੋਂ ਭਾਰਤੀ ਟੀਮ ਆਲਆਊਟ ਹੋਈ ਤਾਂ ਲੱਗਾ ਕਿ ਭਾਰਤੀ ਟੀਮ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਦੀ ਪਿਚ 'ਤੇ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰੇਗੀ ਤੇ ਅਜਿਹਾ ਹੋਇਆ ਵੀ। ਪਹਿਲੀ ਪਾਰੀ ਵਿਚ 462 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਨੇ ਸ੍ਰੀਲੰਕਾ ਦੇ ਪੰਜ ਬੱਲੇਬਾਜ਼ਾਂ ਨੂੰ ਕੁੱਲ 90 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਭੇਜ ਦਿੱਤਾ
Publish Date: Tue, 18 Aug 2026 10:38 AM (IST)
Updated Date: Tue, 18 Aug 2026 10:45 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਗਾਲੇ : ਪਹਿਲੇ ਟੈਸਟ ਦੇ ਤੀਜੇ ਦਿਨ ਸਵੇਰੇ ਚਾਰ ਗੇਂਦਾਂ 'ਤੇ ਦੋ ਦੌੜਾਂ ਜੋੜ ਕੇ ਜਦੋਂ ਭਾਰਤੀ ਟੀਮ ਆਲਆਊਟ ਹੋਈ ਤਾਂ ਲੱਗਾ ਕਿ ਭਾਰਤੀ ਟੀਮ ਗਾਲੇ ਅੰਤਰਰਾਸ਼ਟਰੀ ਸਟੇਡੀਅਮ ਦੀ ਪਿਚ 'ਤੇ ਸ੍ਰੀਲੰਕਾਈ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰੇਗੀ ਤੇ ਅਜਿਹਾ ਹੋਇਆ ਵੀ। ਪਹਿਲੀ ਪਾਰੀ ਵਿਚ 462 ਦੌੜਾਂ ਬਣਾਉਣ ਵਾਲੀ ਭਾਰਤੀ ਟੀਮ ਨੇ ਸ੍ਰੀਲੰਕਾ ਦੇ ਪੰਜ ਬੱਲੇਬਾਜ਼ਾਂ ਨੂੰ ਕੁੱਲ 90 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਭੇਜ ਦਿੱਤਾ। ਲੱਗਦਾ ਸੀ ਕਿ ਡਬਲਯੂਟੀਸੀ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਹਰ ਹਾਲਤ ਵਿਚ ਜਿੱਤ ਦੀ ਤਲਾਸ਼ ਕਰ ਰਹੀ ਭਾਰਤੀ ਟੀਮ ਦੇ ਸਾਹਮਣੇ ਸ੍ਰੀਲੰਕਾਈ ਟੀਮ ਨੂੰ ਫਾਲੋਆਨ ਝੱਲਣਾ ਪਵੇਗਾ ਪਰ ਉਨ੍ਹਾਂ ਦੇ ਦੋ ਖੱਬੇ ਹੱਥ ਦੇ ਬੱਲੇਬਾਜ਼ਾਂ ਨਿਰੋਸ਼ਨ ਡਿਕਵੇਲਾ (80) ਤੇ ਸੋਨਲ ਦਿਨੁਸ਼ਾ (100) ਨੇ ਛੇਵੀਂ ਵਿਕਟ ਲਈ 146 ਦੌੜਾਂ ਦੀ ਭਾਈਵਾਲੀ ਕਰ ਕੇ ਮੇਜ਼ਬਾਨ ਟੀਮ ਨੂੰ ਮੁਸ਼ਕਲਾਂ ’ਚੋਂ ਬਾਹਰ ਕੱਢ ਦਿੱਤਾ। ਦਿਨੁਸ਼ਾ ਨੇ ਆਪਣੇ ਕਰੀਅਰ ਦਾ ਪਹਿਲਾ ਟੈਸਟ ਸੈਂਕੜਾ ਲਾਇਆ।
ਭਾਰਤ ਦੇ ਤਿੰਨ ਖੱਬੇ ਹੱਥ ਦੇ ਸਪਿਨਰਾਂ ਮਨਵ ਸੁਥਾਰ, ਕੁਲਦੀਪ ਯਾਦਵ ਤੇ ਰਵਿੰਦਰ ਜਡੇਜਾ ਤੀਜੇ ਦਿਨ ਦੇ ਦੂਜੇ ਸੈਸ਼ਨ ਵਿਚ ਕੋਈ ਵੀ ਵਿਕਟ ਨਹੀਂ ਲੈ ਸਕੇ। ਸ੍ਰੀਲੰਕਾ ਨੇ ਦੂਜੇ ਸੈਸ਼ਨ ਵਿਚ 116 ਦੌੜਾਂ ਬਣਾਈਆਂ। 90 ਦੌੜਾਂ 'ਤੇ ਪੰਜ ਵਿਕਟਾਂ ਗਵਾਉਣ ਵਾਲੀ ਸ੍ਰੀਲੰਕਾਈ ਟੀਮ ਆਖਰੀ ਸੈਸ਼ਨ ਵਿਚ 284 ਦੌੜਾਂ ਬਣਾ ਕੇ ਆਲਆਊਟ ਹੋ ਗਈ। ਕੂਕਾਬੂਰਾ ਦੀ ਲਾਲ ਗੇਂਦ 30-35 ਓਵਰਾਂ ਦੇ ਬਾਅਦ ਸਾਫਟ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ 'ਤੇ ਵਿਕਟ ਲੈਣਾ ਮੁਸ਼ਕਲ ਹੋ ਜਾਂਦਾ ਹੈ। ਇੱਥੇ ਵੀ ਅਜਿਹਾ ਹੀ ਹੋਇਆ। ਡਿਊਕ ਤੇ ਐਸਜੀ ਗੇਂਦ ਦੀ ਤਰ੍ਹਾਂ ਇਸ ਦੀ ਸੀਮ ਉਭਰੀ ਹੋਈ ਨਹੀਂ ਹੁੰਦੀ, ਜਿਸ ਨਾਲ ਗੇਂਦਬਾਜ਼ਾਂ ਅਤੇ ਖਾਸ ਕਰਕੇ ਸਪਿਨਰਾਂ ਨੂੰ ਵਿਕਟ ਲੈਣ ਵਿਚ ਮੁਸ਼ਕਲ ਹੁੰਦੀ ਹੈ। ਪਿੱਚ ’ਤੇ ਮਦਦ ਦੇ ਬਾਵਜੂਦ ਭਾਰਤੀ ਗੇਂਦਬਾਜ਼ 26.2 ਤੋਂ 61.3 ਦੇ ਵਿਚਕਾਰ ਕੋਈ ਵਿਕਟ ਨਹੀਂ ਲੈ ਸਕੇ। ਪ੍ਰਸਿੱਧ ਕ੍ਰਿਸ਼ਨਾ ਨੇ ਡਿਕਵੇਲਾ ਨੂੰ ਆਊਟ ਕਰ ਕੇ ਇਸ ਭਾਈਵਾਲੀ ਨੂੰ ਤੋੜਿਆ। ਵਿਕਟਕੀਪਰ ਕੁਸ਼ਲ ਮੈਂਡਿਸ ਦੇ ਜ਼ਖ਼ਮੀ ਹੋਣ ਕਾਰਨ ਤਿੰਨ ਸਾਲ ਬਾਅਦ ਟੈਸਟ ਟੀਮ ਵਿਚ ਆਏ ਡਿਕਵੇਲਾ ਦੀ ਚੋਣ 'ਤੇ ਬਹੁਤ ਸਾਰੇ ਸਵਾਲ ਉਠ ਰਹੇ ਸਨ, ਪਰ ਉਸਨੇ ਸਭ ਨੂੰ ਗਲਤ ਸਾਬਤ ਕਰ ਦਿੱਤਾ।
ਸੁਥਾਰ ਨੇ ਲਈਆਂ ਚਾਰ ਵਿਕਟਾਂ ਅਫਗਾਨਿਸਤਾਨ ਖ਼ਿਲਾਫ਼ ਆਪਣੇ ਇਕੱਲੇ ਟੈਸਟ ਵਿਚ ਸੱਤ ਵਿਕਟਾਂ ਲੈਣ ਵਾਲੇ ਮਾਨਵ ਸੁਥਾਰ ਸ੍ਰੀਲੰਕਾ ਦੌਰੇ 'ਤੇ ਵੱਡੇ ਵਾਅਦੇ ਨਾਲ ਆਇਆ ਸੀ ਤੇ ਉਸਨੇ ਇੱਥੇ ਆਪਣੀ ਪਹਿਲੀ ਹੀ ਗੇਂਦ 'ਤੇ ਵਿਕਟ ਲੈ ਕੇ ਇਸ ਦੀ ਸ਼ੁਰੂਆਤ ਕੀਤੀ। ਉਸਨੇ ਸ੍ਰੀਲੰਕਾ ਦੀ ਪਹਿਲੀ ਪਾਰੀ ਵਿਚ ਸਭ ਤੋਂ ਜ਼ਿਆਦਾ ਚਾਰ ਵਿਕਟਾਂ ਵੀ ਲਈਆਂ। ਤਿੰਨ ਵਿਕਟਾਂ ਲੈ ਕੇ ਰਵਿੰਦਰ ਜਡੇਜਾ ਨੇ ਵੀ ਉਸਦੀ ਚੰਗੀ ਮਦਦ ਕੀਤੀ। ਬਾਕੀ ਤਿੰਨ ਗੇਂਦਬਾਜ਼ਾਂ ਨੂੰ ਸਿਰਫ ਇਕ-ਇਕ ਵਿਕਟ ਮਿਲੀ। ਕੁਲਦੀਪ ਯਾਦਵ ਦੀ ਗੇਂਦਬਾਜ਼ੀ ਜ਼ਿਆਦਾ ਚੰਗੀ ਨਹੀਂ ਰਹੀ। ਮੁਹੰਮਦ ਸਿਰਾਜ ਨੇ ਨਿਸ਼ਾਨ ਮਦੁਸ਼ਕਾ ਨੂੰ ਆਊਟ ਕਰ ਕੇ ਭਾਰਤ ਨੂੰ ਪਹਿਲੀ ਵਿਕਟ ਦਿਵਾਈ। ਇਸ ਤੋਂ ਬਾਅਦ ਸੁਥਾਰ ਨੇ ਨਵੀਂ ਗੇਂਦ ਨਾਲ ਸਪਿਨ ਅਤੇ ਸ਼ਾਰਪ ਟਰਨ ਜ਼ਰੀਏ ਸ੍ਰੀਲੰਕਾ ਨੂੰ ਹਿਲਾ ਦਿੱਤਾ। ਉਸਦੀ ਪਹਿਲੀ ਗੇਂਦ ਮਿਡਲ ਤੇ ਆਫ ਸਟੰਪ ਦੇ ਵਿਚਕਾਰ ਗੁੱਡ ਲੈਂਥ 'ਤੇ ਡਿੱਗੀ। ਗੇਂਦ ਬਾਊਂਸ ਦੇ ਨਾਲ ਟਰਨ ਹੋਈ ਤੇ ਦਿਨੇਸ਼ ਚਾਂਦੀਮਲ ਵਿਕਟਕੀਪਰ ਪੰਤ ਨੂੰ ਕੈਚ ਦੇ ਬੈਠਾ। ਉਸੇ ਦੀ ਹੀ ਗੇਂਦ 'ਤੇ ਲਾਹਿਰੂ ਉਦਾਰਾ ਕੱਟਸ਼ਾਟ ਖੇਡਣ ਦੇ ਚੱਕਰ ਵਿਚ ਬੈਕਵਰਡ ਪੁਆਇੰਟ 'ਤੇ ਆਸਾਨ ਕੈਚ ਦੇ ਬੈਠਿਆ। ਇਸ ਤੋਂ ਬਾਅਦ ਕੁਲਦੀਪ ਯਾਦਵ ਦੀ ਗੇਂਦ 'ਤੇ ਸ਼ੁਭਮਨ ਗਿੱਲ ਨੇ ਕਦੇ ਨਾ ਭੁੱਲਣ ਵਾਲਾ ਕੈਚ ਲੈ ਕੇ ਕਾਮਿੰਡੂ ਮੈਂਡਿਸ ਨੂੰ ਚਲਦਾ ਕੀਤਾ। ਸ਼ਾਰਟ ਕਵਰ 'ਤੇ ਖੜ੍ਹੇ ਗਿੱਲ ਨੇ ਆਪਣੀ ਖੱਬੇ ਪਾਸੇ ਫੁੱਲ ਡਾਈਵ ਲਗਾਈ ਅਤੇ ਗੇਂਦ ਨੂੰ ਇਕ ਹੱਥ ਨਾਲ ਜ਼ਮੀਨ ਤੋਂ ਕੁਝ ਇੰਚ ਉੱਪਰ ਫੜ ਲਿਆ। ਇਸ ਤੋਂ ਬਾਅਦ ਰਵਿੰਦਰ ਜਡੇਜਾ ਵੀ ਵਿਕਟ ਪਾਰਟੀ ਵਿਚ ਸ਼ਾਮਲ ਹੋ ਗਿਆ। ਉਸਦੀ ਗੇਂਦ ਬਹੁਤ ਜ਼ਿਆਦਾ ਘੁੰਮ ਰਹੀ ਸੀ। ਇਹੀ ਕਾਰਨ ਸੀ ਕਿ ਸ੍ਰੀਲੰਕਾਈ ਕੈਪਟਨ ਧਨੰਜਯ ਡਿਸਿਲਵਾ ਆਪਣੇ ਪੈਡ ਅਤੇ ਆਫ ਸਟੰਪ ਨੂੰ ਕਵਰ ਕਰ ਕੇ ਉਮੀਦ ਕਰ ਰਿਹਾ ਸੀ ਕਿ ਗੇਂਦ ਜ਼ਿਆਦਾ ਟਰਨ ਲੈ ਕੇ ਬਾਹਰ ਨਿਕਲ ਜਾਵੇਗੀ ਪਰ ਜਡੇਜਾ ਦੀ ਇਕ ਗੇਂਦ ਆਮ ਤੋਂ ਘੱਟ ਟਰਨ ਹੋਈ ਤੇ ਧਨੰਜਯ ਦੇ ਬੱਲੇ ਦਾ ਕਿਨਾਰਾ ਛੂੰਹਦੀ ਹੋਈ ਸਲਿਪ 'ਚ ਖੜ੍ਹੇ ਰਾਹੁਲ ਦੇ ਹੱਥਾਂ ਵਿਚ ਚਲੀ ਗਈ।
ਲੰਚ ਤੋਂ ਬਾਅਦ ਬਦਲੀ ਖੇਡ ਲੰਚ ਤੋਂ ਬਾਅਦ ਡਿਕਵੇਲਾ ਅਤੇ ਦਿਨੁਸ਼ਾ ਨੇ ਸਾਂਝੇਦਾਰੀ ਜਾਰੀ ਰੱਖੀ। ਹਾਲਾਂਕਿ ਉਨ੍ਹਾਂ ਨੂੰ ਕਿਸਮਤ ਦਾ ਵੀ ਸਾਥ ਮਿਲਿਆ। ਕੁਝ ਗੇਂਦ ਉਨ੍ਹਾਂ ਦੇ ਬੱਲੇ ਦੇ ਬਿਲਕੁਲ ਕੋਲੋਂ ਨਿਕਲ ਗਈਆਂ ਤਾਂ ਕੁਝ ਸਵੀਪ 'ਤੇ ਉਛਲੇ ਕੈਚ ਐਸੀ ਜਗ੍ਹਾ 'ਤੇ ਡਿੱਗੀ ਜਿੱਥੇ ਫੀਲਡਿੰਗ ਨਹੀਂ ਸੀ। ਇਸ ਤੋਂ ਬਾਅਦ ਕੂਕਾਬੂਰਾ ਗੇਂਦ ਨਰਮ ਹੋ ਗਈ ਅਤੇ ਡਿਕਵੇਲਾ ਨੇ ਲਗਾਤਾਰ ਸਵੀਪ ਸ਼ਾਟ ਖੇਡ ਕੇ ਦੌੜਾਂ ਬਣਾਈਆਂ। ਦਿਨੁਸ਼ਾ ਨੇ ਰਿਵਰਸ ਸਵੀਪ ਨਾਲ ਸਲਾਗ ਸ਼ਾਟ ਲਗਾਏ। ਉਸਨੇ ਜਡੇਜਾ ਨੂੰ ਵੀ ਸਲਾਗ ਸਵੀਪ 'ਤੇ ਛੱਕਾ ਮਾਰਿਆ, ਜੋ ਸਭ ਤੋਂ ਮੁਸ਼ਕਲ ਕੰਮਾਂ ’ਚੋਂ ਇਕ ਹੈ। ਦੂਜੇ ਸੈਸ਼ਨ ਵਿਚ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਰਿਵਰਸ ਸਵਿੰਗ ਵੀ ਹਾਸਲ ਕੀਤੀ ਪਰ ਇਹ ਦੋਵੇਂ ਬੱਲੇਬਾਜ਼ ਉਸਨੂੰ ਵੀ ਸਹਿਣ ਕਰਨ ਵਿਚ ਸਮਰੱਥ ਸਾਬਤ ਹੋਏ। ਚਾਇਕਾਲ ਤੋਂ ਬਾਅਦ ਪ੍ਰਸਿੱਧ ਨੇ ਇਕ ਸੀਮ ਗੇਂਦ ਸੁੱਟੀ, ਜੋ ਟੱਪਾ ਖਾ ਕੇ ਦੂਰ ਚਲੀ ਗਈ। ਗੇਂਦ ਨੇ ਡਿਕਵੇਲਾ ਦੇ ਬੱਲੇ ਦਾ ਬਾਹਰੀ ਕਿਨਾਰਾ ਲਿਆ ਤੇ ਵਿਕਟ ਲਈ ਤਰਸ ਰਹੀ ਭਾਰਤੀ ਟੀਮ ਨੂੰ ਰਾਹਤ ਮਿਲੀ। ਡਿਕਵੇਲਾ 21 ਟੈਸਟ ਪਾਰੀਆਂ ਵਿਚ ਪਹਿਲੀ ਵਾਰ 100 ਜਾਂ ਇਸ ਤੋਂ ਜ਼ਿਆਦਾ ਗੇਂਦਾਂ ਖੇਡ ਸਕਿਆ। ਇਸ ਤੋਂ ਬਾਅਦ ਰਾਹੁਲ ਨੇ ਇਕ ਕੈਚ ਛੱਡੀ। ਹਾਲਾਂਕਿ ਭਾਰਤ ਦੀ ਕਿਸਮਤ ਚੰਗੀ ਰਹੀ, ਜਦੋਂ ਕੇਸ਼ਰ ਨੁਵਾਂਥਾ ਨੇ ਸ਼ਾਨਦਾਰ ਕਵਰ ਡ੍ਰਾਈਵ ਮਾਰੀ ਤੇ ਗੇਂਦ ਸਿਲੀ ਪੁਆਇੰਟ 'ਤੇ ਖੜ੍ਹੇ ਯਸ਼ਸਵੀ ਜਾਇਸਵਾਲ ਦੇ ਗੋਡੇ ਨਾਲ ਟਕਰਾਈ ਅਤੇ ਆਸਾਨ ਕੈਚ ਲਈ ਉੱਪਰ ਉਛਲ ਗਈ। ਕੋਲ ਖੜ੍ਹੇ ਗਿੱਲ ਨੇ ਕੈਚ ਫੜ ਲਈ ਤੇ ਜਡੇਜਾ 350 ਵਿਕਟਾਂ ਲੈਣ ਵਾਲੇ ਦੁਨੀਆ ਦੇ ਨੌਵੇਂ ਸਪਿਨਰ ਬਣ ਗਏ। ਸ੍ਰੀਲੰਕਾ ਨੂੰ ਫਾਲੋਆਨ ਪਾਰ ਕਰਨ ਲਈ 20 ਦੌੜਾਂ ਚਾਹੀਦੀਆਂ ਸਨ ਤੇ ਦਿਨੁਸ਼ਾ ਵੀ ਸੈਂਕੜਾ ਦੇ ਨੇੜੇ ਸੀ। ਉਹ ਸੈਂਕੜਾ ਪੂਰਾ ਕਰਨ ਦੇ ਬਾਅਦ ਜਡੇਜਾ ਦਾ ਸ਼ਿਕਾਰ ਬਣਿਆ। ਸੁਥਾਰ ਨੇ ਪਹਿਲਾਂ ਜੈਸੂਰਿਆ ਅਤੇ ਫਿਰ ਲਾਹਿਰੂ ਕੁਮਾਰਾ ਨੂੰ ਸਟੰਪ ਆਊਟ ਕਰ ਕੇ ਸ੍ਰੀਲੰਕਾਈ ਪਾਰੀ ਦਾ ਅੰਤ ਕੀਤਾ। ਸੁਥਾਰ ਦੀਆਂ ਚਾਰਾਂ ਵਿਕਟਾਂ ਚਾਰ-ਪੰਜ ਮੀਟਰ ਦੇ ਲੈਂਥ ਜ਼ੋਨ 'ਤੇ ਸੁੱਟੀਆਂ ਗੇਂਦਾਂ 'ਤੇ ਮਿਲੀਆਂ।