- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਦੇ ਕੁਝ ਪਲਾਂ ਨੂੰ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, “ਅੱਜ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ 'ਸ਼ੇਰ-ਏ-ਪੰਜਾਬ ਟੀ-20 ਲੀਗ' ਦੇ ਫਾਈਨਲ ਮੈਚ ਅਤੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ। 30 ਅਗਸਤ ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਨੇ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕੀਤਾ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਇਥੇ ਮੁਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਇਸ ਟੂਰਨਾਮੈਂਟ ਨੂੰ ਪੰਜਾਬ ਦੇ ਉੱਭਰਦੇ ਕ੍ਰਿਕਟ ਹੁਨਰ ਦੀ ਪਛਾਣ ਕਰਨ, ਉਸ ਨੂੰ ਨਿਖਾਰਨ ਅਤੇ ਕੌਮੀ ਪੱਧਰ 'ਤੇ ਪਹੁੰਚਾਉਣ ਲਈ ਮਜ਼ਬੂਤ ਮੰਚ ਕਰਾਰ ਦਿੱਤਾ। ਇਸ ਮੁਕਾਬਲੇ ਵਿੱਚ 119 ਖਿਡਾਰੀਆਂ ਵੱਲੋਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਨਮਨ ਧੀਰ ਤੇ ਪ੍ਰਭਸਿਮਰਨ ਸਿੰਘ ਦੀ ਇੰਡੀਆ 'ਏ' ਟੀਮ ਵਿੱਚ ਚੋਣ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਦੇਸ਼ ਦਾ ਖੇਡ ਹੱਬ ਬਣਾਉਣ ਲਈ ਵਚਨਬੱਧ ਹੈ ਅਤੇ ਕਿਹਾ ਕਿ ਅਸੀਂ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਤੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਲਈ ਆਪਣੇ ਯਤਨ ਇਸੇ ਤਰ੍ਹਾਂ ਜਾਰੀ ਰੱਖਾਂਗੇ।
ਇਸ ਮੌਕੇ ਦੇ ਕੁਝ ਪਲਾਂ ਨੂੰ ਸਾਂਝਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, “ਅੱਜ ਮੋਹਾਲੀ ਦੇ ਆਈ.ਐੱਸ. ਬਿੰਦਰਾ ਸਟੇਡੀਅਮ ਵਿਖੇ 'ਸ਼ੇਰ-ਏ-ਪੰਜਾਬ ਟੀ-20 ਲੀਗ' ਦੇ ਫਾਈਨਲ ਮੈਚ ਅਤੇ ਸਮਾਪਤੀ ਸਮਾਰੋਹ ਵਿੱਚ ਸ਼ਿਰਕਤ ਕੀਤੀ। 30 ਅਗਸਤ ਤੋਂ ਸ਼ੁਰੂ ਹੋਏ ਇਸ ਟੂਰਨਾਮੈਂਟ ਨੇ ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਸ਼ਾਨਦਾਰ ਮੰਚ ਪ੍ਰਦਾਨ ਕੀਤਾ ਹੈ। ਫਾਈਨਲ ਵਿੱਚ ਪਹੁੰਚੀਆਂ ਦੋਵਾਂ ਟੀਮਾਂ ਲੁਧਿਆਣਾ ਲਾਇਨਜ਼ ਅਤੇ ਅੰਮ੍ਰਿਤਸਰ ਸੂਰਮਾਜ਼ ਸਮੇਤ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਉਨ੍ਹਾਂ ਦੇ ਬਿਹਤਰੀਨ ਪ੍ਰਦਰਸ਼ਨ ਅਤੇ ਜੁਝਾਰੂ ਜਜ਼ਬੇ ਲਈ ਦਿਲੋਂ ਵਧਾਈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਸੁਰਜੀਤ ਕਰਨ ਅਤੇ ਸਾਡੇ ਨੌਜਵਾਨਾਂ ਨੂੰ ਖੇਡ ਮੈਦਾਨਾਂ ਨਾਲ ਜੋੜਨ ਦੇ ਸਾਡੇ ਯਤਨ ਨਿਰੰਤਰ ਜਾਰੀ ਰਹਿਣਗੇ। ਇਨਕਲਾਬ ਜ਼ਿੰਦਾਬਾਦ।"
ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦੀ ਸਮਾਪਤੀ ਮੌਕੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸ਼ੇਰ-ਏ-ਪੰਜਾਬ ਟੀ-20 ਲੀਗ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵੱਲੋਂ ਪਹਿਲੀ ਵਾਰ ਕਰਵਾਈ ਗਈ ਹੈ। ਇਸ ਵੱਕਾਰੀ ਟੂਰਨਾਮੈਂਟ ਨੇ ਪੰਜਾਬ ਦੇ ਉੱਭਰਦੇ ਕ੍ਰਿਕਟਰਾਂ ਨੂੰ ਇੱਕ ਮੰਚ ਪ੍ਰਦਾਨ ਕੀਤਾ ਹੈ ਅਤੇ ਇਹ ਖੇਡ ਮਹਾਕੁੰਭ ਅੱਜ ਪੂਰੀ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ ਹੈ।"
ਮੁੱਖ ਮੰਤਰੀ ਨੇ ਕਿਹਾ, "ਦੋ ਹਫ਼ਤੇ ਚੱਲੀ ਇਸ ਲੀਗ ਦੌਰਾਨ ਪੰਜਾਬ ਦੇ ਪਿੰਡਾਂ ਅਤੇ ਕਸਬਿਆਂ ਦੇ ਕਈ ਹੋਣਹਾਰ ਨੌਜਵਾਨ ਕ੍ਰਿਕਟਰ ਸੁਰਖੀਆਂ ਵਿੱਚ ਆਏ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਤਿਭਾਸ਼ਾਲੀ ਖਿਡਾਰੀ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਅਤੇ ਭਾਰਤ ਦੀ ਨੁਮਾਇੰਦਗੀ ਕਰਨਗੇ।"
ਆਪਣੇ ਸੂਬੇ ਦੀ ਲੀਗ ਵਿੱਚ ਪੂਰੇ ਉਤਸ਼ਾਹ, ਵਚਨਬੱਧਤਾ ਅਤੇ ਦ੍ਰਿੜ੍ਹ ਇਰਾਦੇ ਨਾਲ ਭਾਗ ਲੈਣ ਲਈ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ, "ਇਸ ਲੀਗ ਦੌਰਾਨ ਪੰਜਾਬ ਦੇ ਲਗਪਗ 119 ਖਿਡਾਰੀਆਂ ਨੇ ਆਪਣੀ ਪ੍ਰਤਿਭਾ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਸ ਵੇਲੇ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ ਦੇ ਕਪਤਾਨ, ਕ੍ਰਮਵਾਰ ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ, ਦੋਵੇਂ ਪੰਜਾਬ ਤੋਂ ਹਨ।"
ਮੁੱਖ ਮੰਤਰੀ ਨੇ ਕਿਹਾ, "ਪੰਜਾਬ ਦੇ 21 ਖਿਡਾਰੀ ਇਸ ਵੇਲੇ ਆਈਪੀਐੱਲ ਵਿੱਚ ਖੇਡ ਰਹੇ ਹਨ। ਸ਼ੇਰ-ਏ-ਪੰਜਾਬ ਟੀ-20 ਲੀਗ ਦੌਰਾਨ ਵੱਖ-ਵੱਖ ਆਈਪੀਐੱਲ ਟੀਮਾਂ ਦੇ ਟੈਲੇਂਟ ਸਕਾਊਟਸ ਅਤੇ ਸਿਲੈਕਟਰ ਵੀ ਮੈਚ ਦੇਖਣ ਪਹੁੰਚੇ ਸਨ। ਇਸ ਲੀਗ ਤੋਂ ਬਾਅਦ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਕਈ ਹੋਰ ਪ੍ਰਤਿਭਾਸ਼ਾਲੀ ਕ੍ਰਿਕਟਰਾਂ ਨੂੰ ਵੱਖ-ਵੱਖ ਆਈਪੀਐੱਲ ਟੀਮਾਂ ਲਈ ਖੇਡਣ ਦੇ ਮੌਕੇ ਮਿਲਣਗੇ।"
ਮੁੱਖ ਮੰਤਰੀ ਨੇ ਕਿਹਾ, "ਮੈਨੂੰ ਇਹ ਦੱਸਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ 'ਪਲੇਅਰ ਆਫ਼ ਦਾ ਟੂਰਨਾਮੈਂਟ' ਨੂੰ 'ਯੁਵਰਾਜ ਸਿੰਘ ਅਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ।"
ਐਤਵਾਰ ਨੂੰ ਅੰਮ੍ਰਿਤਸਰ ਸੁਰਮਾਜ਼ ਅਤੇ ਲੁਧਿਆਣਾ ਲਾਇਨਜ਼ ਵਿਚਾਲੇ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਫਾਈਨਲ ਵਿੱਚ ਖੇਡ ਰਹੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ।
ਇਸ ਮੌਕੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।