ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ, ਦਲੀਪ ਟਰਾਫੀ 'ਚ ਤੋੜਿਆ 57 ਸਾਲ ਪੁਰਾਣਾ ਰਿਕਾਰਡ; ਠੋਕਿਆ ਧਮਾਕੇਦਾਰ ਅਰਧ ਸੈਂਕੜਾ
ਸੂਰਿਆਵੰਸ਼ੀ ਨੂੰ ਵੀ ਅਚਾਨਕ ਕਪਤਾਨ ਦੀ ਭੂਮਿਕਾ ਸੰਭਾਲਣੀ ਪਈ ਜਦੋਂ ਸਵੇਰ ਦੇ ਸੈਸ਼ਨ ਦੌਰਾਨ ਨਿਯਮਤ ਕਪਤਾਨ ਈਸ਼ਾਨ ਕਿਸ਼ਨ ਦੇ ਹੱਥ ’ਚ ਸੱਟ ਲੱਗ ਗਈ। ਕਪਤਾਨ ਵਜੋਂ ਉਸ ਦਾ ਛੋਟਾ ਕਾਰਜਕਾਲ ਵੀ ਨਿਰਣਾਇਕ ਸਾਬਤ ਹੋਇਆ
Publish Date: Tue, 01 Sep 2026 11:34 AM (IST)
Updated Date: Tue, 01 Sep 2026 11:38 AM (IST)
ਬੈਂਗਲੁਰੂ, ਆਈਏਐੱਨਐੱਸ : ਬੀਸੀਸੀਆਈ ਸੈਂਟਰ ਆਫ ਐਕਸੀਲੈਂਸ (ਸੀਓਈ), ਬੈਂਗਲੁਰੂ 'ਚ ਸੈਂਟਰਲ ਜ਼ੋਨ ਤੇ ਈਸਟ ਜ਼ੋਨ ਵਿਚਾਲੇ ਖੇਡੇ ਜਾ ਰਹੇ ਦਲੀਪ ਟਰਾਫੀ ਦੇ ਸੈਮੀਫਾਈਨਲ ’ਚ ਈਸਟ ਜ਼ੋਨ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਯਵੰਸ਼ੀ ਦੇ ਨਾਂ ਇਕ ਹੋਰ ਉਪਲਬਧੀ ਜੁੜ ਗਈ। ਮੈਚ ਦੇ ਦੂਜੇ ਦਿਨ ਵੈਭਵ ਨੇ ਸ਼ਾਨਦਾਰ ਅਰਧ ਸੈਂਕੜਾ (92) ਬਣਾਇਆ ਤੇ ਟੂਰਨਾਮੈਂਟ ਵਿੱਚ ਅਜਿਹਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ। 15 ਸਾਲ 175 ਦਿਨ ਦੀ ਉਮਰ ’ਚ ਸੂਰਿਆਵੰਸ਼ੀ ਨੇ ਸਿਰਫ਼ 42 ਗੇਂਦਾਂ ’ਚ ਇਹ ਉਪਲਬਧੀ ਹਾਸਲ ਕਰ ਕੇ ਲਕਸ਼ਮਣ ਸਿੰਘ ਦਾ 57 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਵੈਭਵ ਨੇ ਅੰਤ ’ਚ 81 ਗੇਂਦਾਂ ’ਚ 92 ਦੌੜਾਂ ਬਣਾਈਆਂ, ਜਿਸ ਦੇ ਆਧਾਰ ’ਤੇ ਈਸਟ ਜ਼ੋਨ ਨੇ ਸਾਰੀਆਂ ਵਿਕਟਾਂ ਗੁਆ ਕੇ 266 ਦੌੜਾਂ ਬਣਾਈਆਂ, ਜੋ ਕਿ ਸੈਂਟਰਲ ਜ਼ੋਨ ਦੀਆਂ ਪਹਿਲੀ ਪਾਰੀ ਦੀਆਂ ਦੌੜਾਂ ਦੇ ਬਰਾਬਰ ਹਨ। ਹਾਲਾਂਕਿ ਦਿਨ ਦੀ ਖੇਡ ਖਤਮ ਹੋਣ ਤੱਕ ਸੈਂਟਰਲ ਜ਼ੋਨ ਨੇ ਆਪਣੀ ਦੂਜੀ ਪਾਰੀ ’ਚ 3 ਵਿਕਟਾਂ ਗੁਆ ਕੇ 43 ਦੌੜਾਂ ਬਣਾ ਲਈਆਂ ਸਨ।
ਲਕਸ਼ਮਣ ਸਿੰਘ ਨੇ ਟੂਰਨਾਮੈਂਟ ’ਚ ਆਪਣਾ ਪਹਿਲਾ ਅਰਧ ਸੈਂਕੜਾ 1969 ’ਚ 16 ਸਾਲ 23 ਦਿਨ ਦੀ ਉਮਰ ’ਚ ਬਣਾਇਆ ਸੀ। ਸਾਬਕਾ ਭਾਰਤੀ ਲੈੱਗ ਸਪਿਨਰ ਪਿਊਸ਼ ਚਾਵਲਾ ਇਸ ਸੂਚੀ 'ਚ ਤੀਜੇ ਨੰਬਰ 'ਤੇ ਹਨ, ਜਿਨ੍ਹਾਂ ਨੇ 16 ਸਾਲ 307 ਦਿਨ ਦੀ ਉਮਰ 'ਚ ਦਲੀਪ ਟਰਾਫੀ 'ਚ ਅਰਧ ਸੈਂਕੜਾ ਲਾਇਆ ਸੀ। ਵੈਭਵ ਨੇ ਤੂਫਾਨੀ ਪਾਰੀ ਖੇਡੀ, ਪਰ ਉਹ ਪਹਿਲੀ ਸ਼੍ਰੇਣੀ ਕ੍ਰਿਕਟ ’ਚ ਆਪਣਾ ਪਹਿਲਾ ਸੈਂਕੜਾ ਲਾਉਣ ਤੋਂ ਸਿਰਫ 8 ਦੌੜਾਂ ਦੂਰ ਸੀ। ਉਸ ਨੇ ਭਾਰਤ ਤੇ ਸੈਂਟਰ ਫੀਲਡ ਖੱਬੇ ਹੱਥ ਦੇ ਸਪਿਨਰ ਹਰਸ਼ ਦੁਬੇ ਦੇ ਆਊਟ ਹੋਣ ਤੋਂ ਪਹਿਲਾਂ ਅਭਿਮਨਿਊ ਈਸ਼ਵਰਨ (69) ਨਾਲ 161 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਆਪਣੀ ਪਾਰੀ ’ਚ ਸੂਰਿਆਵੰਸ਼ੀ ਨੇ 113.58 ਦੀ ਸਟ੍ਰਾਈਕ ਰੇਟ ਨਾਲ 7 ਚੌਕੇ ਤੇ ਇੰਨੇ ਹੀ ਛੱਕੇ ਜੜੇ।
ਪਹਿਲੇ ਦਿਨ, ਸੂਰਿਆਵੰਸ਼ੀ ਨੂੰ ਵੀ ਅਚਾਨਕ ਕਪਤਾਨ ਦੀ ਭੂਮਿਕਾ ਸੰਭਾਲਣੀ ਪਈ ਜਦੋਂ ਸਵੇਰ ਦੇ ਸੈਸ਼ਨ ਦੌਰਾਨ ਨਿਯਮਤ ਕਪਤਾਨ ਈਸ਼ਾਨ ਕਿਸ਼ਨ ਦੇ ਹੱਥ ’ਚ ਸੱਟ ਲੱਗ ਗਈ। ਕਪਤਾਨ ਵਜੋਂ ਉਸ ਦਾ ਛੋਟਾ ਕਾਰਜਕਾਲ ਵੀ ਨਿਰਣਾਇਕ ਸਾਬਤ ਹੋਇਆ, ਜਦੋਂ ਉਸ ਨੇ ਤੇਜ਼ ਗੇਂਦਬਾਜ਼ ਮੁਕੇਸ਼ ਕੁਮਾਰ ਵੱਲੋਂ ਸੁੱਟੇ ਗਏ 40ਵੇਂ ਓਵਰ ’ਚ ਮੈਦਾਨ ’ਤੇ ਦਿੱਤੇ ਨਾਟ ਆਊਟ ਫੈਸਲੇ ਵਿਰੁੱਧ ਸਮੀਖਿਆ ਕੀਤੀ, ਜੋ ਸਫਲ ਰਿਹਾ। ਸੈਂਟਰਲ ਜ਼ੋਨ ਵੱਲੋਂ ਹਰਸ਼ ਦੂਬੇ ਨੇ ਚਾਰ ਤੇ ਆਰੀਅਨ ਪਾਂਡੇ ਤੇ ਯਸ਼ ਠਾਕੁਰ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਕਪਤਾਨ ਤਿਲਕ ਵਰਮਾ ਦੇ ਸੈਂਕੜੇ ਨਾਲ ਦੱਖਣ ਦਾ ਸ਼ਿਕੰਜਾ ਬੈਂਗਲੁਰੂ : ਸੈਂਟਰ ਆਫ ਐਕਸੀਲੈਂਸ ਦੇ ਗਰਾਊਂਡ-2 ’ਤੇ ਚੱਲ ਰਹੇ ਦਲੀਪ ਟਰਾਫੀ ਦੇ ਦੂਜੇ ਸੈਮੀਫਾਈਨਲ ’ਚ ਕਪਤਾਨ ਤੇ ਭਾਰਤੀ ਬੱਲੇਬਾਜ਼ ਤਿਲਕ ਵਰਮਾ ਦੇ ਸੈਂਕੜੇ (106) ਦੀ ਬਦੌਲਤ ਦੱਖਣੀ ਜ਼ੋਨ ਨੇ ਮੈਚ ਦੇ ਦੂਜੇ ਦਿਨ ਉੱਤਰੀ ਜ਼ੋਨ ’ਤੇ ਆਪਣੀ ਪਕੜ ਮਜ਼ਬੂਤ ਕਰ ਲਈ। ਦਿਨ ਦੀ ਖੇਡ ਖਤਮ ਹੋਣ ਤੱਕ ਦੱਖਣ ਨੇ 9 ਵਿਕਟਾਂ ’ਤੇ 285 ਦੌੜਾਂ ਬਣਾ ਲਈਆਂ ਸਨ, ਜਿਸ ਨਾਲ ਉਸ ਨੂੰ ਉੱਤਰ ’ਤੇ 90 ਦੌੜਾਂ ਦੀ ਬੜ੍ਹਤ ਮਿਲ ਗਈ ਸੀ। ਮੱਧਕ੍ਰਮ ’ਚ ਸ਼੍ਰੇਅਸ ਗੋਪਾਲ (88) ਦੌੜਾਂ ਦਾ ਵੀ ਇਸ ’ਚ ਅਹਿਮ ਯੋਗਦਾਨ ਰਿਹਾ। ਇਸ ਤੋਂ ਪਹਿਲਾਂ ਨਾਰਥ ਦੀ ਪੂਰੀ ਟੀਮ ਮੈਚ ਦੇ ਪਹਿਲੇ ਦਿਨ 195 ਦੌੜਾਂ ’ਤੇ ਆਲ ਆਊਟ ਹੋ ਗਈ ਸੀ। ਉੱਤਰੀ ਪਾਸੇ ਤੋਂ ਗੁਰਨੂਰ ਬਰਾੜ ਨੇ 4 ਤੇ ਅਰਸ਼ਦੀਪ ਸਿੰਘ ਤੇ ਅੰਸ਼ੁਲ ਕੰਬੋਜ ਨੇ ਦੋ-ਦੋ ਵਿਕਟਾਂ ਲਈਆਂ।