ਸੰਯੁਕਤ ਰਾਜ ਅਮਰੀਕਾ (USA) ਦੇ ਬੱਲੇਬਾਜ਼ ਸ਼ਾਇਾਨ ਜਹਾਂਗੀਰ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਟੀਮ ਨੂੰ ਹੋਰ ਜ਼ਿਆਦਾ ਮੌਕੇ ਪ੍ਰਦਾਨ ਕੀਤੇ ਜਾਣ। ਉਨ੍ਹਾਂ ਨੇ ਆਈਸੀਸੀ ਨੂੰ ਗੁਹਾਰ ਲਗਾਈ ਹੈ ਕਿ ਐਸੋਸੀਏਟ ਦੇਸ਼ਾਂ ਨੂੰ ਵਧੇਰੇ ਫੰਡਿੰਗ ਦਿੱਤੀ ਜਾਣੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਦਰਸ਼ਨ ਵਿੱਚ ਹੋਰ ਸੁਧਾਰ ਹੋ ਸਕਦਾ ਹੈ। ਯੂਐਸਏ ਦੀ ਟੀਮ ਨੇ ਪਿਛਲੇ ਕੁਝ ਸਮੇਂ ਤੋਂ ਸ਼ਾਨਦਾਰ ਖੇਡ ਦਿਖਾਈ ਹੈ।

ਸ਼ਯਾਨ ਜਹਾਂਗੀਰ ਨੇ ਕੀਤੀ ਅਪੀਲ
ਨੀਦਰਲੈਂਡ ਖ਼ਿਲਾਫ਼ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਹੋਣ ਵਾਲੇ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਸ਼ਯਾਨ ਨੇ ਇੱਕ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ, "ਆਈਸੀਸੀ ਵੱਲੋਂ ਸਾਨੂੰ ਜੋ ਫੰਡਿੰਗ ਅਤੇ ਐਕਸਪੋਜ਼ਰ ਮਿਲਦਾ ਹੈ, ਉਹ ਬਹੁਤ ਘੱਟ ਹੈ। ਸਾਨੂੰ ਇੱਕ 'ਐਸੋਸੀਏਟ ਨੇਸ਼ਨ' ਦਾ ਟੈਗ ਦਿੱਤਾ ਗਿਆ ਹੈ, ਪਰ ਮੇਰਾ ਮੰਨਣਾ ਹੈ ਕਿ ਅਸੀਂ ਇੱਕ ਬਿਹਤਰੀਨ ਟੀਮ ਹਾਂ। ਇਸ ਵਰਲਡ ਕੱਪ ਵਿੱਚ ਦੇਖਣ ਨੂੰ ਮਿਲਿਆ ਹੈ ਕਿ ਐਸੋਸੀਏਟ ਦੇਸ਼ਾਂ ਦਾ ਟੈਗ ਰੱਖਣ ਵਾਲੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਿਖਾਈ ਹੈ ਅਤੇ ਵੱਡੀਆਂ ਟੀਮਾਂ ਨੂੰ ਸਖ਼ਤ ਟੱਕਰ ਦਿੱਤੀ ਹੈ।"
ਟੀ-20 ਵਰਲਡ ਕੱਪ 2026 ਵਿੱਚ ਜੇਕਰ ਐਸੋਸੀਏਟ ਦੇਸ਼ਾਂ ਦੇ ਪ੍ਰਦਰਸ਼ਨ 'ਤੇ ਨਜ਼ਰ ਮਾਰੀਏ, ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਨ੍ਹਾਂ ਨੇ ਫੁੱਲ ਮੈਂਬਰ ਟੀਮਾਂ ਵਿਰੁੱਧ ਸ਼ਾਨਦਾਰ ਖੇਡ ਦਿਖਾਈ ਹੈ। ਭਾਰਤ ਨੂੰ ਯੂਐਸਏ ਨੇ ਸਖ਼ਤ ਟੱਕਰ ਦਿੱਤੀ ਸੀ। ਇਸ ਤੋਂ ਇਲਾਵਾ ਨੀਦਰਲੈਂਡ ਨੇ ਪਾਕਿਸਤਾਨ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ, ਜਦਕਿ ਇੰਗਲੈਂਡ ਦੀ ਟੀਮ ਨੇਪਾਲ ਹੱਥੋਂ ਹਾਰਦੇ-ਹਾਰਦੇ ਬਚੀ ਸੀ। ਇਸੇ ਕਾਰਨ ਜਹਾਂਗੀਰ ਐਸੋਸੀਏਟ ਦੇਸ਼ਾਂ ਲਈ ਵਧੇਰੇ ਫੰਡਿੰਗ ਦੀ ਮੰਗ ਕਰ ਰਹੇ ਹਨ।
ਆਈਸੀਸੀ ਨੂੰ ਦੇਣਾ ਚਾਹੀਦਾ ਹੈ ਵੱਧ ਧਿਆਨ
ਜਹਾਂਗੀਰ ਨੇ ਅੱਗੇ ਕਿਹਾ, "ਸਾਨੂੰ ਇਸ ਲਈ ਸਹੀ ਤਰੀਕੇ ਨਾਲ ਪ੍ਰੈਕਟਿਸ ਨਹੀਂ ਦਿੱਤੀ ਗਈ, ਪਰ ਸਾਡੇ ਚੰਗੇ ਪ੍ਰਦਰਸ਼ਨ ਦਾ ਨਤੀਜਾ ਸਾਡੇ ਖਿਡਾਰੀਆਂ ਦੀ ਸਖ਼ਤ ਮਿਹਨਤ ਹੈ। ਸਾਡੇ ਕੋਲ ਪੈਸਿਆਂ ਅਤੇ ਸਾਧਨਾਂ ਦੀ ਕਮੀ ਹੈ ਅਤੇ ਮੈਨੂੰ ਲੱਗਦਾ ਹੈ ਕਿ ਆਈਸੀਸੀ ਨੂੰ ਸਾਡੇ 'ਤੇ ਅਤੇ ਸਾਰੇ ਸਹਿਯੋਗੀ ਦੇਸ਼ਾਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਹੋਰ ਵੱਡੇ ਮੈਚ ਦੇਖਣ ਨੂੰ ਮਿਲਣਗੇ ਅਤੇ ਤੁਸੀਂ ਦੇਖੋਗੇ ਕਿ ਸਾਰੀਆਂ ਟੀਮਾਂ ਐਸੋਸੀਏਟ ਦੇਸ਼ਾਂ ਦੀ ਸੂਚੀ ਵਿੱਚੋਂ ਨਿਕਲ ਕੇ ਵੱਡੀਆਂ ਟੀਮਾਂ ਵਜੋਂ ਉਭਰਨਗੀਆਂ।"