ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੇ ਭਾਰਤੀ ਹੈੱਡ ਕੋਚ ਗੌਤਮ ਗੰਭੀਰ ਨੂੰ ਵਿਰੋਧੀ ਟੀਮ ਲਈ 'ਹਰ ਕਹਾਣੀ ਦਾ ਵਿਲੇਨ' ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਚ ਗੰਭੀਰ ਦੀਆਂ ਲੀਡਰਸ਼ਿਪ ਕੁਆਲਿਟੀਜ਼ ਦੀ ਤਾਰੀਫ਼ ਵੀ ਕੀਤੀ। ਸਾਬਕਾ ਦੱਖਣੀ ਅਫਰੀਕੀ ਕਪਤਾਨ ਨੇ ਭਾਰਤੀ ਕ੍ਰਿਕਟ ਵਿੱਚ ਗੰਭੀਰ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ।

ਡੂ ਪਲੇਸਿਸ ਨੇ ਅੱਗੇ ਕਿਹਾ, "ਜਦੋਂ ਵੀ ਉਸ ਦੇ ਖ਼ਿਲਾਫ਼ ਖੇਡਣ ਦੀ ਗੱਲ ਆਉਂਦੀ ਹੈ, ਤਾਂ ਕਹਾਣੀ ਵਿੱਚ ਉਹ ਹਮੇਸ਼ਾ ਵਿਲੇਨ ਹੀ ਹੁੰਦਾ ਹੈ। ਪਰ ਤੁਸੀਂ ਇਸ ਗੱਲ ਦੀ ਇੱਜ਼ਤ ਕਰਦੇ ਹੋ। ਉਹ ਬਹੁਤ ਜ਼ਿਆਦਾ ਪ੍ਰਤੀਯੋਗੀ ਹੈ। ਉਸ ਨੂੰ ਇੱਕ ਪਲ ਲਈ ਵੀ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਕੋਈ ਉਸ ਨੂੰ ਪਸੰਦ ਕਰੇਗਾ ਜਾਂ ਨਹੀਂ। ਉਸ ਨੇ ਕਿਹਾ ਕਿ ਇੱਕ ਲੀਡਰ ਵਜੋਂ ਉਸ ਦਾ ਕੰਮ ਉੱਚੇ ਮਿਆਰ ਤੈਅ ਕਰਨਾ ਅਤੇ ਆਪਣੇ ਡਰੈਸਿੰਗ ਰੂਮ ਵਿੱਚ ਜਵਾਬਦੇਹੀ ਬਣਾਈ ਰੱਖਣਾ ਹੈ ਅਤੇ ਚੰਗੇ ਲੀਡਰ ਇਹੀ ਕਰਦੇ ਹਨ।
ਜੇਕਰ ਤੁਸੀਂ ਬਾਹਰੋਂ ਦੇਖੋ, ਚਾਹੇ ਤੁਸੀਂ ਖੁਦ ਇੱਕ ਲੀਡਰ ਹੋਵੋ ਜਾਂ ਕੋਈ ਅਜਿਹਾ ਖਿਡਾਰੀ ਜੋ ਉਸ ਦੇ ਖ਼ਿਲਾਫ਼ ਖੇਡਦਾ ਹੋਵੇ, ਤਾਂ ਤੁਸੀਂ ਉਸ ਨੂੰ ਹਰਾਉਣਾ ਚਾਹੋਗੇ, ਕਿਉਂਕਿ ਵਿਰੋਧੀ ਵਜੋਂ ਉਸ ਦਾ ਰਵੱਈਆ ਹੀ ਅਜਿਹਾ ਹੁੰਦਾ ਹੈ। ਪਰ ਤੁਸੀਂ ਇਸ ਗੱਲ ਦਾ ਸਤਿਕਾਰ ਕਰਦੇ ਹੋ ਕਿ ਉਸ ਨੇ ਇੰਨੇ ਉੱਚੇ ਮਿਆਰ ਸਥਾਪਤ ਕੀਤੇ ਹਨ।"
- ਫਾਫ ਡੂ ਪਲੇਸਿਸ
‘ਗੰਭੀਰ ਇੱਕ ਚੰਗੇ ਲੀਡਰ’
ਡੂ ਪਲੇਸਿਸ ਨੇ ਅੱਗੇ ਦੱਸਿਆ ਕਿ ਗੰਭੀਰ ਜਿਸ ਵੀ ਟੀਮ ਦੀ ਕਮਾਨ ਸੰਭਾਲਦੇ ਹਨ, ਉਸ ਲਈ ਇੱਕ ਮਿਆਰ ਤੈਅ ਕਰਦੇ ਹਨ। ਉਨ੍ਹਾਂ ਨੇ ਭਾਰਤ ਦੇ ਇਸ ਸਾਬਕਾ ਸਟਾਰ ਖਿਡਾਰੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਚੰਗਾ ਲੀਡਰ ਦੱਸਿਆ, ਕਿਉਂਕਿ ਉਨ੍ਹਾਂ ਨੇ KKR ਨੂੰ ਇੱਕ ਮਜ਼ਬੂਤ ਟੀਮ ਵਿੱਚ ਬਦਲ ਦਿੱਤਾ ਸੀ।
ਡੂ ਪਲੇਸਿਸ ਨੇ ਕਿਹਾ, "ਤੁਸੀਂ ਇਹ ਉਨ੍ਹਾਂ ਦੇ ਟੀਮ ਨਾਲ ਗੱਲ ਕਰਨ ਦੇ ਤਰੀਕੇ ਵਿੱਚ ਦੇਖ ਸਕਦੇ ਹੋ, ਉਹ ਇੱਕ ਮਿਆਰ ਤੈਅ ਕਰਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਆਪਣੇ ਮਿਆਰ ਤੋਂ ਹੇਠਾਂ ਡਿੱਗਦੇ ਹੋ, ਤਾਂ ਮੈਂ ਤੁਹਾਡੇ 'ਤੇ ਸਖ਼ਤੀ ਕਰਾਂਗਾ। ਚੰਗੇ ਲੀਡਰ ਇਹੀ ਕਰਦੇ ਹਨ। ਉਹ ਉਨ੍ਹਾਂ ਮਿਆਰਾਂ ਨਾਲ ਸਮਝੌਤਾ ਨਹੀਂ ਕਰਦੇ। ਉਨ੍ਹਾਂ ਨੇ ਆਪਣੇ ਖੇਡਣ ਦੇ ਦਿਨਾਂ ਤੋਂ ਹੀ ਇਹ ਰਵੱਈਆ ਅਪਣਾ ਰੱਖਿਆ ਹੈ। ਜੇਕਰ ਤੁਸੀਂ ਉਨ੍ਹਾਂ ਦੇ ਰਿਕਾਰਡ ਨੂੰ ਦੇਖੋ, ਤਾਂ ਤੁਹਾਨੂੰ ਉਨ੍ਹਾਂ ਦੀ ਤਾਰੀਫ਼ ਕਰਨੀ ਹੀ ਪਵੇਗੀ ਅਤੇ ਕਹਿਣਾ ਪਵੇਗਾ ਕਿ ਲੀਡਰਸ਼ਿਪ ਦੇ ਨਜ਼ਰੀਏ ਤੋਂ, ਉਨ੍ਹਾਂ ਦੇ ਨਾਲ KKR ਇੱਕ ਜ਼ਿਆਦਾ ਮਜ਼ਬੂਤ ਟੀਮ ਸੀ।"
- ਫਾਫ ਡੂ ਪਲੇਸਿਸ