ਬ੍ਰਿਸਬੇਨ 'ਚ 'ਧਾਕੜ' ਭਾਰਤੀ ਮਹਿਲਾ ਟੀਮ ਦਾ ਇਮਤਿਹਾਨ; ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ਼ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਹਰਮਨਪ੍ਰੀਤ ਐਂਡ ਕੰਪਨੀ
ਟੀ-20 ਸੀਰੀਜ਼ ਜਿੱਤ ਚੁੱਕੀ ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ ਮੰਗਲਵਾਰ ਨੂੰ ਜਦੋਂ ਆਸਟ੍ਰੇਲੀਆ ਨਾਲ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ’ਚ ਖੇਡਣਾ ਹੋਵੇਗਾ ਤਾਂ ਉਸ ਨੂੰ ਮਨੋਵਿਗਿਆਨਕ ਬੜ੍ਹਤ ਮਿਲੇਗੀ। ਭਾਰਤ ਨੇ ਪਿਛਲੇ ਸਾਲ ਨਵੀਂ ਮੁੰਬਈ ’ਚ ਵਿਸ਼ਵ ਕੱਪ ਸੈਮੀਫਾਈਨਲ ’ਚ ਆਸਟਰੇਲੀਆ ਨੂੰ ਹਰਾਇਆ ਸੀ।
Publish Date: Tue, 24 Feb 2026 12:15 PM (IST)
Updated Date: Tue, 24 Feb 2026 12:18 PM (IST)

ਬ੍ਰਿਸਬੇਨ, ਪੀਟੀਆਈ : ਟੀ-20 ਸੀਰੀਜ਼ ਜਿੱਤ ਚੁੱਕੀ ਮੌਜੂਦਾ ਵਿਸ਼ਵ ਚੈਂਪੀਅਨ ਭਾਰਤੀ ਟੀਮ ਨੂੰ ਮੰਗਲਵਾਰ ਨੂੰ ਜਦੋਂ ਆਸਟ੍ਰੇਲੀਆ ਨਾਲ 3 ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ’ਚ ਖੇਡਣਾ ਹੋਵੇਗਾ ਤਾਂ ਉਸ ਨੂੰ ਮਨੋਵਿਗਿਆਨਕ ਬੜ੍ਹਤ ਮਿਲੇਗੀ। ਭਾਰਤ ਨੇ ਪਿਛਲੇ ਸਾਲ ਨਵੀਂ ਮੁੰਬਈ ’ਚ ਵਿਸ਼ਵ ਕੱਪ ਸੈਮੀਫਾਈਨਲ ’ਚ ਆਸਟਰੇਲੀਆ ਨੂੰ ਹਰਾਇਆ ਸੀ। ਇਹ ਸੀਰੀਜ਼ ਇਸ ਲਈ ਵੀ ਅਹਿਮ ਹੈ ਕਿਉਂਕਿ ਆਸਟ੍ਰੇਲੀਆ ਦੀ ਮਹਾਨ ਖਿਡਾਰਨਾਂ ’ਚੋਂ ਇਕ ਐਲਿਸਾ ਹੀਲੀ ਇਸ ਤੋਂ ਬਾਅਦ ਵਨਡੇ ਫਾਰਮੈਟ ਤੋਂ ਸੰਨਿਆਸ ਲੈਣ ਜਾ ਰਹੀ ਹੈ। ਭਾਰਤ ਖਿਲਾਫ 6 ਮਾਰਚ ਤੋਂ ਪਰਥ ’ਚ ਸ਼ੁਰੂ ਹੋਣ ਵਾਲਾ ਟੈਸਟ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ। ਹੀਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਵਾਪਸੀ ਕੀਤੀ ਹੈ। ਭਾਰਤ ਨੇ ਲੜੀ 2-1 ਨਾਲ ਜਿੱਤੀ। ਪਿਛਲੇ ਦਹਾਕੇ ’ਚ ਇਸ ਫਾਰਮੈਟ ’ਚ ਆਸਟਰੇਲੀਆ ’ਚ ਉਸ ਦੀ ਪਹਿਲੀ ਲੜੀ ਜਿੱਤ ਹੈ।
ਸਟਾਰ ਲੈੱਗ ਸਪਿਨਰ ਅਲਾਨਾ ਕਿੰਗ ਦੀ ਵੀ ਵਨਡੇ ਤੇ ਟੈਸਟ ਟੀਮਾਂ ’ਚ ਵਾਪਸੀ ਹੋਈ ਹੈ। ਭਾਰਤ ਲਈ ਅਰੁੰਧਤੀ ਰੈੱਡੀ, ਭਾਰਤੀ ਫੁਲਮਾਲੀ ਤੇ ਸ਼੍ਰੇਅੰਕਾ ਪਾਟਿਲ ਦੀ ਜਗ੍ਹਾ ਕਾਸ਼ਵੀ ਗੌਤਮ, ਹਰਲੀਨ ਦਿਓਲ ਤੇ ਪ੍ਰਤੀਕਾ ਰਾਵਲ ਆਈ ਹੈ। ਗਿੱਟੇ ਦੀ ਸੱਟ ਤੋਂ ਉਭਰਨ ਵਾਲੀ ਪ੍ਰਤੀਕਾ ਨੂੰ ਬਾਅਦ ’ਚ ਵਨਡੇ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਸਟਾਰ ਓਪਨਿੰਗ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਤੀਜੇ ਟੀ-20 ’ਚ 82 ਦੌੜਾਂ ਬਣਾਈਆਂ ਸਨ ਤੇ ਉਹ ਇਸ ਫਾਰਮ ਨੂੰ ਜਾਰੀ ਰੱਖਣਾ ਚਾਹੇਗੀ। ਮੰਧਾਨਾ ਨੇ ਕਿਹਾ ਕਿ ਆਸਟ੍ਰੇਲੀਆ ’ਚ ਆਸਟ੍ਰੇਲੀਆ ਨੂੰ ਹਰਾਉਣਾ ਖਾਸ ਹੈ। ਅਸੀਂ ਵਿਸ਼ਵ ਕ੍ਰਿਕਟ ’ਤੇ ਹਾਵੀ ਹੋਣਾ ਚਾਹੁੰਦੇ ਹਾਂ। ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਅਸੀਂ ਕਿਸ ਨੂੰ ਹਰਾਇਆ ਜਾਂ ਕਿੱਥੇ ਹਰਾਇਆ। ਸਾਨੂੰ ਸਿਰਫ਼ ਜਿੱਤਣਾ ਹੈ ਤੇ ਸਿਖਰ 'ਤੇ ਰਹਿਣਾ ਹੈ।
ਵਨਡੇ ਵਿਸ਼ਵ ਕੱਪ ’ਚ ਆਸਟ੍ਰੇਲੀਆ ’ਤੇ ਪੰਜ ਵਿਕਟਾਂ ਦੀ ਜਿੱਤ ’ਚ 127 ਦੌੜਾਂ ਬਣਾਉਣ ਵਾਲੀ ਜੇਮਿਮਾ ਰੌਡਰਿਗਸ ਵੀ ਚੰਗੀ ਫਾਰਮ ’ਚ ਹੈ ਤੇ ਤੀਜੇ ਟੀ-20 ’ਚ 59 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਨੂੰ ਪਹਿਲੇ ਟੀ-20 ’ਚ ਬੱਲੇਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਉਸ ਨੇ ਦੂਜੇ ’ਚ 36 ਤੇ ਤੀਜੇ ’ਚ 2 ਅਜੇਤੂ ਦੌੜਾਂ ਬਣਾਈਆਂ। ਇੱਥੇ ਆਸਟਰੇਲੀਆਈ ਟੀਮ ’ਚ ਵੀ ਮੈਚ ਜੇਤੂ ਖਿਡਾਰੀਆਂ ਦੀ ਕੋਈ ਕਮੀ ਨਹੀਂ ਹੈ। ਐਲੀਸ ਪੇਰੀ, ਐਸ਼ਲੇ ਗਾਰਡਨਰ, ਬੇਥ ਮੂਨੀ, ਟਾਹਲੀਆ ਮੈਕਗ੍ਰਾ, ਹੀਲੀ ਤੇ ਕਿੰਗ ਟੀਮ ਲਈ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੀਆਂ।