ਵੈਸਟਇੰਡੀਜ਼ ਨਾਲ ਭਿੜਨ ਲਈ 'ਟੀਮ ਇੰਡੀਆ' ਤਿਆਰ : ਨੈੱਟ 'ਚ ਗਿੱਲ ਦੇ ਸੱਟ ਲੱਗਣ ਤੋਂ ਬਾਅਦ ਰਾਹਤ, ਰੋਹਿਤ-ਕੋਹਲੀ ਦੀ ਜੋੜੀ ਫਿਰ ਮੈਦਾਨ 'ਚ ਗਰਜਣ ਲਈ ਬੇਤਾਬ
ਗਿੱਲ ਦੇ ਜ਼ਖਮੀ ਹੋਣ ਤੋਂ ਕੁਝ ਮਿੰਟ ਪਹਿਲਾਂ ਭਾਰਤੀ ਕ੍ਰਿਕਟ ਦੇ 2 ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਨੈੱਟ 'ਤੇ ਇਕੱਠੇ ਨਜ਼ਰ ਆਏ ਸਨ। ਅਫਗਾਨਿਸਤਾਨ ਖਿਲਾਫ ਭਾਰਤ ਦੇ ਆਖਰੀ ਵਨਡੇ ’ਚ ਨਹੀਂ ਖੇਡੇ ਕੋਹਲੀਅਤੇ ਰੋਹਿਤ ਨੇ ਵੱਖ-ਵੱਖ ਨੈੱਟ ’ਚ ਬੱਲੇਬਾਜ਼ੀ ਕੀਤੀ।
Publish Date: Sat, 26 Sep 2026 12:26 PM (IST)
Updated Date: Sat, 26 Sep 2026 12:31 PM (IST)
ਤਿਰੂਵਨੰਤਪੁਰਮ, ਪੀਟੀਆਈ : ਭਾਰਤੀ ਕਪਤਾਨ ਸ਼ੁਭਮਨ ਗਿੱਲ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਦੇ ਖਿਲਾਫ ਆਗਾਮੀ ਵਨਡੇ ਸੀਰੀਜ਼ ਤੋਂ ਪਹਿਲਾਂ ਉਸ ਸਮੇਂ ਸੱਟ ਦਾ ਸਾਹਮਣਾ ਕਰ ਰਹੇ ਸਨ, ਜਦੋਂ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਇੱਕ ਵਧਦੀ ਗੇਂਦ ਨੈੱਟ ’ਚ ਉਸ ਦੀ ਕੂਹਣੀ ’ਚ ਲੱਗੀ। ਗੇਂਦ ਲੱਗਣ ਤੋਂ ਬਾਅਦ ਗਿੱਲ ਕਾਫੀ ਦਰਦ ’ਚ ਨਜ਼ਰ ਆਏ ਤੇ ਕਰੀਬ 20 ਮਿੰਟ ਤੱਕ ਡਾਕਟਰੀ ਟੀਮ ਦੀ ਨਿਗਰਾਨੀ ’ਚ ਰਹਿਣਾ ਪਿਆ। ਹਾਲਾਂਕਿ, ਸੱਜੇ ਹੱਥ ਦੇ ਬੱਲੇਬਾਜ਼ ਨੇ ਬਾਅਦ ’ਚ ਵਾਪਸੀ ਕੀਤੀ ਤੇ ਥ੍ਰੋਡਾਊਨ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਭਾਰਤੀ ਟੀਮ ਨੇ ਆਪਣਾ ਅਭਿਆਸ ਸੈਸ਼ਨ ਖਤਮ ਕਰ ਦਿੱਤਾ। ਗਿੱਲ ਦੀ ਵਾਪਸੀ ਨਾਲ ਟੀਮ ਨੂੰ ਰਾਹਤ ਮਿਲੀ ਹੈ। ਗਿੱਲ ਦੇ ਜ਼ਖਮੀ ਹੋਣ ਤੋਂ ਕੁਝ ਮਿੰਟ ਪਹਿਲਾਂ ਭਾਰਤੀ ਕ੍ਰਿਕਟ ਦੇ 2 ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਵੀ ਨੈੱਟ 'ਤੇ ਇਕੱਠੇ ਨਜ਼ਰ ਆਏ ਸਨ। ਅਫਗਾਨਿਸਤਾਨ ਖਿਲਾਫ ਭਾਰਤ ਦੇ ਆਖਰੀ ਵਨਡੇ ’ਚ ਨਹੀਂ ਖੇਡੇ ਕੋਹਲੀਅਤੇ ਰੋਹਿਤ ਨੇ ਵੱਖ-ਵੱਖ ਨੈੱਟ ’ਚ ਬੱਲੇਬਾਜ਼ੀ ਕੀਤੀ।
ਦੋਵਾਂ ਨੇ ਲਗਪਗ 20 ਮਿੰਟ ਤੱਕ ਬੱਲੇਬਾਜ਼ੀ ਕੀਤੀ ਤੇ ਭਾਰਤੀ ਗੇਂਦਬਾਜ਼ਾਂ ਤੇ ਸਥਾਨਕ ਨੈੱਟ ਗੇਂਦਬਾਜ਼ਾਂ ਦੀ ਮਿਸ਼ਰਤ ਗੇਂਦਬਾਜ਼ੀ ਟੀਮ ਦਾ ਸਾਹਮਣਾ ਕੀਤਾ। ਦੋਵੇਂ ਬੱਲੇਬਾਜ਼ ਲੈਅ ’ਚ ਨਜ਼ਰ ਆਏ। ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਟੀਮ ’ਚ ਮੌਜੂਦ ਸੀਨੀਅਰ ਖਿਡਾਰੀਆਂ ਦੇ ਤਜਰਬੇ ਤੇ ਉਨ੍ਹਾਂ ਵਿਚਾਲੇ ਹੋਈ ਗੱਲਬਾਤ ਨੂੰ ਅਹਿਮ ਮੰਨਿਆ। ਉਨ੍ਹਾਂ ਕਿਹਾ ਕਿ ਸ਼ੁਭਮਨ ਗਿੱਲ ਨੇ ਬਤੌਰ ਕਪਤਾਨ ਹੁਣ ਤੱਕ ਵਧੀਆ ਕੰਮ ਕੀਤਾ ਹੈ ਪਰ ਟੀਮ ਨੂੰ ਢਾਲਣ ’ਚ ਸੀਨੀਅਰ ਖਿਡਾਰੀਆਂ ਦੀ ਭੂਮਿਕਾ ’ਚ ਵੀ ਉਨ੍ਹਾਂ ਨੂੰ ਪੂਰਾ ਭਰੋਸਾ ਹੈ।
ਮੋਰਕਲ ਨੇ ਕਿਹਾ ਕਿ ਟੀਮ ਦੇ ਵੱਖ-ਵੱਖ ਖਿਡਾਰੀ ਕਿਸੇ ਖਾਸ ਸੀਨੀਅਰ ਖਿਡਾਰੀ ਨਾਲ ਆਪਣੇ ਵਿਚਾਰ ਸਾਂਝੇ ਕਰਨ 'ਚ ਜ਼ਿਆਦਾ ਆਰਾਮਦਾਇਕ ਮਹਿਸੂਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਭਾਰਤ ਲਈ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਟੀਮ ਕੋਲ ਕਾਫੀ ਤਜਰਬਾ ਹੈ ਤੇ ਖਿਡਾਰੀਆਂ ਵਿਚਾਲੇ ਲਗਾਤਾਰ ਗੱਲਬਾਤ ਹੁੰਦੀ ਹੈ। ਮੋਰਕਲ ਨੇ ਕਿਹਾ ਕਿ ਟੀਮ ਪ੍ਰਬੰਧਨ ਨੌਜਵਾਨ ਖਿਡਾਰੀਆਂ ਨੂੰ ਰੋਹਿਤ ਤੇ ਹੋਰ ਸੀਨੀਅਰ ਖਿਡਾਰੀਆਂ ਨਾਲ ਗੱਲਬਾਤ ਕਰਨ ਦੇ ਵੱਧ ਤੋਂ ਵੱਧ ਮੌਕੇ ਦੇਣ ਦੀ ਕੋਸ਼ਿਸ਼ ਕਰਦਾ ਹੈ। ਟੀਮ ਦੀਆਂ ਮੀਟਿੰਗਾਂ ਸੀਨੀਅਰ ਖਿਡਾਰੀਆਂ ਲਈ ਸਵਾਲ ਪੁੱਛਣ ਤੇ ਆਪਣੇ ਅਨੁਭਵ ਸਾਂਝੇ ਕਰਨ ਦੇ ਮੌਕੇ ਬਣਾਉਂਦੀਆਂ ਹਨ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਕਿਹਾ ਕਿ ਨੈੱਟ 'ਤੇ ਬੱਲੇਬਾਜ਼ੀ ਕਰਨ ਵਾਲੇ ਨੌਜਵਾਨ ਖਿਡਾਰੀ ਨੂੰ ਨਵੀਂ ਗੇਂਦ ਦਾ ਸਾਹਮਣਾ ਕਰਦੇ ਹੋਏ ਜ਼ਰੂਰੀ ਗੱਲਾਂ ਬਾਰੇ ਰੋਹਿਤ ਨਾਲ ਗੱਲ ਕਰਨ ਲਈ ਕਿਹਾ ਜਾ ਸਕਦਾ ਹੈ।
ਵੈਸਟਇੰਡੀਜ਼ ਨੇ ਅਜੇ ਤੱਕ ਨਹੀਂ ਕੀਤਾ ਅਭਿਆਸ : ਇਸ ਦੌਰਾਨ 23 ਸਤੰਬਰ ਨੂੰ ਤਿਰੂਵਨੰਤਪੁਰਮ ਪੁੱਜਣ ਦੇ ਬਾਵਜੂਦ ਵੈਸਟਇੰਡੀਜ਼ ਦੀ ਟੀਮ ਅਜੇ ਤੱਕ ਅਭਿਆਸ ਲਈ ਮੈਦਾਨ 'ਚ ਨਹੀਂ ਉਤਰੀ ਹੈ। ਹਾਲੀਆ ਵਿੱਤੀ ਬਦਲਾਅ ਨੂੰ ਲੈ ਕੇ ਟੀਮ ਦੇ ਖਿਡਾਰੀਆਂ ਤੇ ਬੋਰਡ ਵਿਚਾਲੇ ਗੱਲਬਾਤ ਚੱਲ ਰਹੀ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਵਿੱਤੀ ਪੁਨਰਗਠਨ ਦੇ ਹਿੱਸੇ ਵਜੋਂ ਖਿਡਾਰੀਆਂ ਦੀ ਰਿਟੇਨਰ ਫੀਸ ’ਚ 25 ਪ੍ਰਤੀਸ਼ਤ ਦੀ ਕਟੌਤੀ ਦਾ ਐਲਾਨ ਕੀਤਾ ਹੈ। ਅੰਤਰਰਾਸ਼ਟਰੀ ਖਿਡਾਰੀਆਂ ਦਾ 12 ਮਹੀਨਿਆਂ ਦਾ ਇਕਰਾਰਨਾਮਾ ਬਰਕਰਾਰ ਰਹੇਗਾ, ਜਦਕਿ ਘਰੇਲੂ ਖਿਡਾਰੀਆਂ ਦੇ ਰਿਟੇਨਰ ਕੰਟਰੈਕਟ ਨੂੰ ਘਟਾ ਕੇ 7 ਮਹੀਨੇ ਕਰ ਦਿੱਤਾ ਜਾਵੇਗਾ। ਕ੍ਰਿਕਟ ਵੈਸਟਇੰਡੀਜ਼ ਦੇ ਮੁੱਖ ਕਾਰਜਕਾਰੀ ਕ੍ਰਿਸ ਡਿਅਰਿੰਗ ਨੇ ਕਿਹਾ ਕਿ ਵਿੱਤੀ ਸਥਿਰਤਾ ਲਈ ਇਹ ਕਦਮ ਜ਼ਰੂਰੀ ਹੈ। ਹਾਲਾਂਕਿ, ਉਸ ਨੇ ਇਸ ਨੂੰ ਆਦਰਸ਼ ਸਥਿਤੀ ਨਹੀਂ ਕਿਹਾ। ਤਿਰੂਵਨੰਤਪੁਰਮ ਪਹੁੰਚੇ ਖਿਡਾਰੀ ਬੋਰਡ ਤੇ ਵੈਸਟਇੰਡੀਜ਼ ਪਲੇਅਰਜ਼ ਐਸੋਸੀਏਸ਼ਨ ਦੇ ਸੰਪਰਕ ’ਚ ਹਨ ਤੇ ਫੈਸਲੇ ਨਾਲ ਜੁੜੀ ਜਾਣਕਾਰੀ ਦੀ ਪੁਸ਼ਟੀ ਕਰ ਰਹੇ ਹਨ।