'ਟੀਮ ਇੰਡੀਆ ਕਨਫਿਊਜ਼, ਫਾਈਨ ਟਿਊਨਿੰਗ ਕਰਨ ’ਚ ਫੇਲ੍ਹ', ਕਪਤਾਨ ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਸੀਰੀਜ਼ ਤੋਂ ਬਾਅਦ ਕੱਢੀ ਭੜਾਸ
ਭਾਰਤ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 351 ਦੌੜਾਂ ਬਣਾਈਆਂ। ਇਹ ਟੀਚਾ ਮੁਸ਼ਕਿਲ ਲੱਗ ਰਿਹਾ ਸੀ ਪਰ ਵੈਸਟਇੰਡੀਜ਼ ਨੇ ਸ਼ਾਈ ਹੋਪ ਦੇ ਨਾਬਾਦ 162 ਦੌੜਾਂ ਦੇ ਦਮ 'ਤੇ ਇਹ ਟੀਚਾ ਹਾਸਲ ਕਰ ਲਿਆ, ਜੋ ਕਿ ਵਨਡੇ ਵਿੱਚ ਉਸਦਾ ਸਭ ਤੋਂ ਵੱਡਾ ਰਨ ਚੇਜ਼ ਹੈ। ਭਾਰਤ ਲਈ ਇਸ ਮੈਚ ਵਿੱਚ ਕੇ.ਐੱਲ. ਰਾਹੁਲ ਨੇ 129 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਰੋਹਿਤ ਸ਼ਰਮਾ ਨੇ 92 ਅਤੇ ਰਿਤੁਰਾਜ ਗਾਇਕਵਾੜ ਨੇ 57 ਦੌੜਾਂ ਬਣਾਈਆਂ।
Publish Date: Sun, 04 Oct 2026 10:44 AM (IST)
Updated Date: Sun, 04 Oct 2026 10:46 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਵਨਡੇ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਵੈਸਟਇੰਡੀਜ਼ ਖ਼ਿਲਾਫ਼ ਤੀਜੇ ਵਨਡੇ ਵਿੱਚ ਮਿਲੀ ਹਾਰ ਤੋਂ ਬਾਅਦ ਸਖ਼ਤ ਸ਼ਬਦ ਕਹੇ ਹਨ। ਗਿੱਲ ਮੁਤਾਬਕ ਟੀਮ ਇੰਡੀਆ ਵਿੱਚ ਕਾਫ਼ੀ ਕਮੀਆਂ ਹਨ, ਜਿਨ੍ਹਾਂ ਨੂੰ ਠੀਕ ਕਰਨਾ ਬੇਹੱਦ ਜ਼ਰੂਰੀ ਹੈ। ਭਾਰਤ ਨੇ ਵੈਸਟਇੰਡੀਜ਼ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਤਾਂ ਜਿੱਤ ਲਈ ਪਰ ਉਹ ਕਲੀਨ ਸਵੀਪ ਨਹੀਂ ਕਰ ਸਕੀ। ਨਿਊ ਚੰਡੀਗੜ੍ਹ ਵਿੱਚ ਸ਼ਨੀਵਾਰ ਨੂੰ ਖੇਡੇ ਗਏ ਤੀਜੇ ਵਨਡੇ ਮੈਚ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਗਿੱਲ ਦਾ ਗੁੱਸਾ ਫੁੱਟਿਆ।
ਭਾਰਤ ਨੇ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਸੱਤ ਵਿਕਟਾਂ ਗੁਆ ਕੇ 351 ਦੌੜਾਂ ਬਣਾਈਆਂ। ਇਹ ਟੀਚਾ ਮੁਸ਼ਕਿਲ ਲੱਗ ਰਿਹਾ ਸੀ ਪਰ ਵੈਸਟਇੰਡੀਜ਼ ਨੇ ਸ਼ਾਈ ਹੋਪ ਦੇ ਨਾਬਾਦ 162 ਦੌੜਾਂ ਦੇ ਦਮ 'ਤੇ ਇਹ ਟੀਚਾ ਹਾਸਲ ਕਰ ਲਿਆ, ਜੋ ਕਿ ਵਨਡੇ ਵਿੱਚ ਉਸਦਾ ਸਭ ਤੋਂ ਵੱਡਾ ਰਨ ਚੇਜ਼ ਹੈ। ਭਾਰਤ ਲਈ ਇਸ ਮੈਚ ਵਿੱਚ ਕੇ.ਐੱਲ. ਰਾਹੁਲ ਨੇ 129 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਰੋਹਿਤ ਸ਼ਰਮਾ ਨੇ 92 ਅਤੇ ਰਿਤੁਰਾਜ ਗਾਇਕਵਾੜ ਨੇ 57 ਦੌੜਾਂ ਬਣਾਈਆਂ।
ਫਾਈਨ ਟਿਊਨਿੰਗ ਦੀ ਕਮੀ
ਗਿੱਲ ਨੇ ਤੀਜੇ ਵਨਡੇ ਮੈਚ ਤੋਂ ਬਾਅਦ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਵਨਡੇ ਵਰਲਡ ਕੱਪ ਦੀ ਤਿਆਰੀ ਦੇ ਲਿਹਾਜ਼ ਨਾਲ ਕਾਫ਼ੀ ਸਾਰੀਆਂ ਚੀਜ਼ਾਂ ਸਹੀ ਹਨ ਪਰ ਫਿਰ ਵੀ ਕੁਝ ਚੀਜ਼ਾਂ ਦੀ ਕਮੀ ਹੈ। ਗਿੱਲ ਨੇ ਕਿਹਾ, "ਕਈ ਸਾਰੇ ਬਾਕਸ ਟਿੱਕ ਹੋ ਗਏ ਹਨ ਪਰ ਕੁਝ ਜਗ੍ਹਾਵਾਂ ਹਨ ਜਿੱਥੇ ਫਾਈਨ ਟਿਊਨਿੰਗ ਦੀ ਲੋੜ ਹੈ। ਸਾਡੀ ਫੀਲਡਿੰਗ ਬਿਹਤਰ ਹੋ ਸਕਦੀ ਹੈ। ਅਸੀਂ ਛੇ-ਸੱਤ ਕੈਚ ਛੱਡੇ ਜੋ ਵਰਲਡ ਕੱਪ ਦੀ ਤਿਆਰੀ ਦੇ ਲਿਹਾਜ਼ ਨਾਲ ਸਹੀ ਨਹੀਂ ਹਨ।"
ਗਿੱਲ ਨੇ ਟੀਮ ਦੀ ਡੈਥ ਓਵਰਾਂ ਵਿੱਚ ਗੇਂਦਬਾਜ਼ੀ ਦੀ ਕਮੀ 'ਤੇ ਵੀ ਗੱਲ ਕੀਤੀ। ਭਾਰਤ ਨੇ ਪਿਛਲੇ ਦੋ ਮੈਚਾਂ ਵਿੱਚ ਜਮ ਕੇ ਦੌੜਾਂ ਲੁਟਾਈਆਂ। ਦੂਜੇ ਮੈਚ ਵਿੱਚ ਤਾਂ ਵੈਸਟਇੰਡੀਜ਼ ਨੇ 400 ਦਾ ਅੰਕੜਾ ਪਾਰ ਕਰ ਲਿਆ ਸੀ। ਇਸ ਨੂੰ ਦੇਖਦਿਆਂ ਗਿੱਲ ਨੇ ਕਿਹਾ, "ਸਾਨੂੰ ਆਪਣੀ ਡੈਥ ਗੇਂਦਬਾਜ਼ੀ 'ਤੇ ਕੰਮ ਕਰਨ ਦੀ ਲੋੜ ਹੈ। ਅਸੀਂ ਇਸ ਗੱਲ ਨੂੰ ਲੈ ਕੇ ਸਾਫ਼ ਨਹੀਂ ਹਾਂ ਕਿ ਸਾਨੂੰ ਅਟੈਕ ਕਰਨਾ ਹੈ ਜਾਂ ਡਿਫੈਂਸ, ਖ਼ਾਸਕਰ ਜਦੋਂ ਅਸੀਂ ਡੈਥ ਓਵਰਾਂ ਵਿੱਚ ਗੇਂਦਬਾਜ਼ੀ ਕਰਦੇ ਹਾਂ। ਵਨਡੇ ਅਜਿਹਾ ਫਾਰਮੈਟ ਹੈ ਕਿ ਸਾਹਮਣੇ ਵਾਲੀ ਟੀਮ ਦੇ ਪੰਜ-ਛੇ ਵਿਕਟਾਂ ਡਿੱਗੇ ਹੁੰਦੇ ਹਨ ਤਾਂ ਵੀ ਪਤਾ ਨਹੀਂ ਹੁੰਦਾ ਕਿ ਕਿਹੜੀ ਫੀਲਡਿੰਗ ਲੈਣੀ ਹੈ। ਮੈਨੂੰ ਲੱਗਦਾ ਹੈ ਕਿ ਇਹ ਉਹ ਖੇਤਰ ਹਨ ਜਿੱਥੇ ਸੁਧਾਰ ਕੀਤਾ ਜਾ ਸਕਦਾ ਹੈ।"
ਸੀਰੀਜ਼ ਭਾਰਤ ਦੇ ਨਾਂ
ਗਿੱਲ ਦੀ ਕਪਤਾਨੀ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 2-1 ਨਾਲ ਹਰਾ ਦਿੱਤਾ। ਟੀਮ ਇੰਡੀਆ ਨੇ ਸ਼ੁਰੂਆਤੀ ਦੋ ਮੈਚ ਜਿੱਤ ਕੇ ਪਹਿਲਾਂ ਹੀ ਸੀਰੀਜ਼ 'ਤੇ ਕਬਜ਼ਾ ਕਰ ਲਿਆ ਸੀ। ਉਸ ਦੀ ਕੋਸ਼ਿਸ਼ ਤੀਜਾ ਮੈਚ ਜਿੱਤ ਕੇ ਵਿੰਡੀਜ਼ ਦਾ ਸੂਪੜਾ ਸਾਫ਼ ਕਰਨ ਦੀ ਸੀ ਪਰ ਹੋਪ ਦੀ ਇਤਿਹਾਸਕ ਪਾਰੀ ਨੇ ਉਮੀਦਾਂ 'ਤੇ ਪਾਣੀ ਫੇਰ ਦਿੱਤਾ। ਦੇਖਿਆ ਜਾਵੇ ਤਾਂ ਇਸ ਸੀਰੀਜ਼ ਵਿੱਚ ਦੌੜਾਂ ਦੀ ਬਾਰਸ਼ ਹੋਈ। ਗੁਹਾਟੀ ਵਿੱਚ ਖੇਡੇ ਗਏ ਦੂਜੇ ਵਨਡੇ ਮੈਚ ਵਿੱਚ ਤਾਂ ਦੋਵਾਂ ਟੀਮਾਂ ਨੇ 400 ਦਾ ਅੰਕੜਾ ਪਾਰ ਕੀਤਾ ਜਿਸ ਵਿੱਚ ਮੇਜ਼ਬਾਨ ਟੀਮ ਨੇ ਵਨਡੇ ਵਿੱਚ ਆਪਣਾ ਸਭ ਤੋਂ ਸਫਲ ਚੇਜ਼ ਹਾਸਲ ਕੀਤਾ।
ਦੂਜੇ ਵਨਡੇ ’ਚ, ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜੌਨ ਕੈਂਪਬੈਲ, ਹੋਪ ਅਤੇ ਆਮਿਰ ਜਾਂਗੂ ਦੇ ਸੈਂਕੜਿਆਂ ਦੀ ਬਦੌਲਤ ਸੱਤ ਵਿਕਟਾਂ 'ਤੇ 405 ਦੌੜਾਂ ਬਣਾਈਆਂ। ਭਾਰਤ ਨੇ ਸ਼ੁਭਮਨ ਗਿੱਲ ਦੇ ਦੋਹਰੇ ਸੈਂਕੜੇ ਅਤੇ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ ਇਹ ਟੀਚਾ ਪ੍ਰਾਪਤ ਕੀਤਾ। ਤੀਜੇ ਵਨ ਡੇਏ ਮੈਚ ਵਿੱਚ ਵੀ ਦੋਵਾਂ ਟੀਮਾਂ ਵੱਲੋਂ ਦੌੜਾਂ ਦੀ ਬਰਸਾਤ ਹੋਈ।