- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਨੇ ਸਈਦ ਮੁਸ਼ਤਾਕ ਅਲੀ ਟਰਾਫੀ ਐਲੀਟ 2026 ਦੇ ਇੱਕ ਅਹਿਮ ਮੁਕਾਬਲੇ ਵਿੱਚ ਸੌਰਾਸ਼ਟਰ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਮੁਕਾਬਲਾ ਹੋਲਕਰ ਸਟੇਡੀਅਮ, ਇੰਦੌਰ ਵਿਖੇ ਖੇਡਿਆ ਗਿਆ। ਇਸ ਜਿੱਤ ਨਾਲ ਪੰਜਾਬ ਨੇ ਟੂਰਨਾਮੈਂਟ ਦੇ ਸੁਪਰ 8 ਪੜਾਅ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਨੇ ਸਈਦ ਮੁਸ਼ਤਾਕ ਅਲੀ ਟਰਾਫੀ ਐਲੀਟ 2026 ਦੇ ਇੱਕ ਅਹਿਮ ਮੁਕਾਬਲੇ ਵਿੱਚ ਸੌਰਾਸ਼ਟਰ ਨੂੰ 7 ਵਿਕਟਾਂ ਨਾਲ ਹਰਾਇਆ। ਇਹ ਮੁਕਾਬਲਾ ਹੋਲਕਰ ਸਟੇਡੀਅਮ, ਇੰਦੌਰ ਵਿਖੇ ਖੇਡਿਆ ਗਿਆ। ਇਸ ਜਿੱਤ ਨਾਲ ਪੰਜਾਬ ਨੇ ਟੂਰਨਾਮੈਂਟ ਦੇ ਸੁਪਰ 8 ਪੜਾਅ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ।
ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕਰਨ ਵਾਲੇ ਪੰਜਾਬ ਨੂੰ ਸੌਰਾਸ਼ਟਰ ਦੇ ਬੱਲੇਬਾਜ਼ਾਂ ਨੇ ਸ਼ੁਰੂਆਤੀ ਓਵਰਾਂ ਵਿੱਚ ਹਮਲਾਵਰ ਬੱਲੇਬਾਜ਼ੀ ਕਰਦਿਆਂ ਦਬਾਅ ਵਿੱਚ ਰੱਖਿਆ। ਸੌਰਾਸ਼ਟਰ ਦੇ ਬੱਲੇਬਾਜ਼ ਤੇਜ਼ੀ ਨਾਲ ਦੌੜਾਂ ਬਣਾ ਰਹੇ ਸਨ ਅਤੇ ਇਸ ਦੌਰਾਨ ਪੰਜਾਬ ਦੀ ਟੀਮ ਮੈਚ ਵਿੱਚ ਪਿੱਛੇ ਨਜ਼ਰ ਆ ਰਹੀ ਸੀ। ਪਰ ਮੱਧ ਓਵਰਾਂ ਵਿੱਚ ਇਮਾਨਜੋਤ ਸਿੰਘ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਕੀਤੀ ਗਈ ਬਿਹਤਰੀਨ ਫੀਲਡਿੰਗ ਨੇ ਮੈਚ ਦਾ ਰੁਖ਼ ਪੂਰੀ ਤਰ੍ਹਾਂ ਬਦਲ ਦਿੱਤਾ। ਪੰਜਾਬ ਦੇ ਗੇਂਦਬਾਜ਼ਾਂ ਅਤੇ ਫੀਲਡਰਾਂ ਨੇ ਮਿਲ ਕੇ ਸੌਰਾਸ਼ਟਰ ਦੀ ਦੌੜਾਂ ਬਣਾਉਣ ਦੀ ਰਫ਼ਤਾਰ 'ਤੇ ਰੋਕ ਲਗਾਈ ਅਤੇ ਪੂਰੀ ਟੀਮ ਨੂੰ 18 ਓਵਰਾਂ ਵਿੱਚ 141 ਦੌੜਾਂ 'ਤੇ ਸਮੇਟ ਦਿੱਤਾ।
ਪੰਜਾਬ ਵੱਲੋਂ ਇਮਾਨਜੋਤ ਸਿੰਘ ਚਾਹਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਆਪਣੇ 4 ਓਵਰਾਂ ਵਿੱਚ 29 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਸੁਖਦੀਪ ਬਾਜਵਾ ਨੇ 3 ਓਵਰਾਂ ਵਿੱਚ 18 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
142 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ ਸਿਰਫ਼ 12.4 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਉਂਦਿਆਂ 7 ਵਿਕਟਾਂ ਨਾਲ ਜਿੱਤ ਦਰਜ ਕੀਤੀ।
ਬੱਲੇਬਾਜ਼ੀ ਵਿੱਚ ਅਨਮੋਲਪ੍ਰੀਤ ਸਿੰਘ ਨੇ 35 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 7 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਨਮਨ ਧੀਰ ਨੇ ਮਹਿਜ਼ 16 ਗੇਂਦਾਂ ਵਿੱਚ 42 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ, ਜਿਸ ਵਿੱਚ 1 ਚੌਕਾ ਅਤੇ 6 ਛੱਕੇ ਸ਼ਾਮਲ ਸਨ। ਇਸੇ ਤਰ੍ਹਾਂ ਰਮਨਦੀਪ ਸਿੰਘ ਨੇ 12 ਗੇਂਦਾਂ ਵਿੱਚ 32 ਦੌੜਾਂ ਬਣਾਈਆਂ, ਜਿਸ ਵਿੱਚ 2 ਚੌਕੇ ਅਤੇ 3 ਛੱਕੇ ਸ਼ਾਮਲ ਸਨ।
ਆਪਣੀ ਬਿਹਤਰੀਨ ਗੇਂਦਬਾਜ਼ੀ ਲਈ ਇਮਾਨਜੋਤ ਸਿੰਘ ਚਾਹਲ ਨੂੰ ਪਲੇਅਰ ਆਫ਼ ਦਾ ਮੈਚ ਐਲਾਨਿਆ ਗਿਆ।
ਸੁਪਰ 8 ਵਿੱਚ ਜਗ੍ਹਾ ਬਣਾਉਣ ਲਈ ਬਿਹਾਰ ਵਿਰੁੱਧ ਜਿੱਤ ਜ਼ਰੂਰੀ
ਪੰਜਾਬ ਦਾ ਲੀਗ ਪੜਾਅ ਵਿੱਚ ਇੱਕ ਹੋਰ ਮੁਕਾਬਲਾ ਬਿਹਾਰ ਦੀ ਟੀਮ ਨਾਲ ਬਾਕੀ ਹੈ। ਸੁਪਰ 8 ਪੜਾਅ ਵਿੱਚ ਕੁਆਲੀਫਾਈ ਕਰਨ ਲਈ ਪੰਜਾਬ ਦੀ ਟੀਮ ਨੂੰ ਇਹ ਮੁਕਾਬਲਾ ਜਿੱਤਣਾ ਲਾਜ਼ਮੀ ਹੋਵੇਗਾ। ਸੌਰਾਸ਼ਟਰ ਵਿਰੁੱਧ ਮਿਲੀ ਇਸ ਜਿੱਤ ਤੋਂ ਬਾਅਦ ਪੰਜਾਬ ਦੀ ਟੀਮ ਬਿਹਾਰ ਵਿਰੁੱਧ ਵੀ ਆਪਣੀ ਜਿੱਤ ਦੀ ਲੈਅ ਬਰਕਰਾਰ ਰੱਖਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੌਰਾਸ਼ਟਰ ਵਿਰੁੱਧ ਜਿੱਤ ਲਈ ਪੰਜਾਬ ਦੀ ਪੂਰੀ ਟੀਮ ਅਤੇ ਸਹਿਯੋਗੀ ਸਟਾਫ਼ ਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਖ਼ਾਸ ਤੌਰ 'ਤੇ ਇਮਾਨਜੋਤ ਸਿੰਘ ਚਾਹਲ ਦੀ ਸ਼ਾਨਦਾਰ ਗੇਂਦਬਾਜ਼ੀ, ਮੱਧ ਓਵਰਾਂ ਵਿੱਚ ਟੀਮ ਦੀ ਵਾਪਸੀ ਅਤੇ ਖਿਡਾਰੀਆਂ ਵੱਲੋਂ ਕੀਤੀ ਗਈ ਸ਼ਾਨਦਾਰ ਫੀਲਡਿੰਗ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬੱਲੇਬਾਜ਼ੀ ਯੂਨਿਟ ਵੱਲੋਂ ਤੇਜ਼ ਅਤੇ ਪ੍ਰਭਾਵਸ਼ਾਲੀ ਅੰਦਾਜ਼ ਵਿੱਚ ਟੀਚਾ ਹਾਸਲ ਕਰਨ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਉਮੀਦ ਜਤਾਈ ਕਿ ਪੰਜਾਬ ਦੀ ਟੀਮ ਬਿਹਾਰ ਵਿਰੁੱਧ ਆਪਣੇ ਆਖਰੀ ਲੀਗ ਮੁਕਾਬਲੇ ਵਿੱਚ ਵੀ ਇਸੇ ਜਜ਼ਬੇ ਅਤੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਦਿਆਂ ਸੁਪਰ 8 ਪੜਾਅ ਵਿੱਚ ਆਪਣੀ ਜਗ੍ਹਾ ਪੱਕੀ ਕਰੇਗੀ।