ਕਪਤਾਨੀ ਤੋਂ ਹਟਾਏ ਜਾਣ 'ਤੇ ਛਲਕਿਆ ਸੂਰਿਆਕੁਮਾਰ ਯਾਦਵ ਦਾ ਦਰਦ, ਬੋਲੇ- 'ਦੋ ਮਹੀਨੇ ਤੱਕ ਸਮਝ ਨਹੀਂ ਆਇਆ ਕਿ ਸਭ ਠੀਕ ਚੱਲਦਿਆਂ ਵੀ ਤਬਦੀਲੀ ਕਿਉਂ ਹੋਈ'
ਭਾਰਤ ਦੇ ਪ੍ਰਮੁੱਖ ਟੀ-20 ਬੱਲੇਬਾਜ਼ਾਂ ’ਚੋਂ ਇੱਕ 35 ਸਾਲਾ ਸੂਰਿਆਕੁਮਾਰ ਨੇ 113 ਟੀ-20 ਅੰਤਰਰਾਸ਼ਟਰੀ ਮੈਚਾਂ ’ਚ 3,272 ਦੌੜਾਂ ਬਣਾਈਆਂ ਹਨ। ਉਸ ਦਾ ਸਟ੍ਰਾਈਕ ਰੇਟ 162.94 ਅਤੇ ਔਸਤ 36.35 ਹੈ। ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ’ਚ ਗਿਰਾਵਟ ਆਈ ਹੈ।
Publish Date: Sun, 30 Aug 2026 11:20 AM (IST)
Updated Date: Sun, 30 Aug 2026 11:26 AM (IST)
ਨਵੀਂ ਦਿੱਲੀ, ਪੀਟੀਆਈ : ਭਾਰਤ ਦੇ ਸਾਬਕਾ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਨੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨੀ ਤੋਂ ਹਟਾਏ ਜਾਣ ਦੀ ਨਿਰਾਸ਼ਾ ਨੂੰ ਲੈ ਕੇ ਕਿਹਾ ਕਿ ਉਹ ਕਰੀਬ ਦੋ ਮਹੀਨਿਆਂ ਤੱਕ ਇਸ ਫੈਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਰਹੇ। ਸੂਰਿਆਕੁਮਾਰ ਨੂੰ ਕਪਤਾਨੀ ਤੋਂ ਹਟਾਏ ਜਾਣ ਦੇ ਨਾਲ ਹੀ ਉਨ੍ਹਾਂ ਨੂੰ ਬ੍ਰਿਟੇਨ ਦੌਰੇ ਲਈ ਟੀ-20 ਟੀਮ ’ਚ ਵੀ ਜਗ੍ਹਾ ਨਹੀਂ ਮਿਲੀ, ਜਦਕਿ ਸ਼੍ਰੇਅਸ ਅਈਅਰ ਨੂੰ ਨਵਾਂ ਕਪਤਾਨ ਬਣਾਇਆ ਗਿਆ।
ਸੂਰਿਆਕੁਮਾਰ ਨੇ ਦੱਸਿਆ ਕਿ ਉਹ ਕਰੀਬ 40-50 ਦਿਨ ਘਰ ’ਚ ਰਹੇ ਤੇ ਕ੍ਰਿਕਟ ਨੂੰ ਲੈ ਕੇ ਕਈ ਸਵਾਲ ਉਨ੍ਹਾਂ ਦੇ ਦਿਮਾਗ ’ਚ ਚੱਲ ਰਹੇ ਸਨ। ਉਸ ਨੇ ਕਿਹਾ ਕਿ ਮੈਂ ਸੋਚ ਰਿਹਾ ਸੀ ਕਿ ਹੁਣ ਕੀ ਕਰਾਂ? ਮੈਂ ਵੀ ਖੇਡਣਾ ਹੈ ਜਾਂ ਨਹੀਂ? ਉਸ ਨੇ ਕਿਹਾ ਕਿ ਇਸ ਦੌਰਾਨ ਮੇਰੀ ਪਤਨੀ ਨੇ ਮੈਨੂੰ ਯਾਦ ਦਿਵਾਇਆ ਕਿ ਮੈਂ 20 ਸਾਲ ਪਹਿਲਾਂ ਕ੍ਰਿਕਟ ਕਿਉਂ ਖੇਡਣਾ ਸ਼ੁਰੂ ਕੀਤਾ ਸੀ ਤੇ ਮੈਨੂੰ ਉਸੇ ਜਨੂੰਨ ਨੂੰ ਦੁਬਾਰਾ ਜਗਾਉਣ ਦੀ ਸਲਾਹ ਦਿੱਤੀ।
ਭਾਰਤ ਦੇ ਪ੍ਰਮੁੱਖ ਟੀ-20 ਬੱਲੇਬਾਜ਼ਾਂ ’ਚੋਂ ਇੱਕ 35 ਸਾਲਾ ਸੂਰਿਆਕੁਮਾਰ ਨੇ 113 ਟੀ-20 ਅੰਤਰਰਾਸ਼ਟਰੀ ਮੈਚਾਂ ’ਚ 3,272 ਦੌੜਾਂ ਬਣਾਈਆਂ ਹਨ। ਉਸ ਦਾ ਸਟ੍ਰਾਈਕ ਰੇਟ 162.94 ਅਤੇ ਔਸਤ 36.35 ਹੈ। ਟੀ-20 ਵਿਸ਼ਵ ਕੱਪ 2024 ਜਿੱਤਣ ਤੋਂ ਬਾਅਦ ਉਨ੍ਹਾਂ ਦੇ ਪ੍ਰਦਰਸ਼ਨ ’ਚ ਗਿਰਾਵਟ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ 42 ਪਾਰੀਆਂ ’ਚ 932 ਦੌੜਾਂ ਬਣਾਈਆਂ ਹਨ ਤੇ ਇਸ ਦੌਰਾਨ ਉਨ੍ਹਾਂ ਨੇ ਸਿਰਫ 6 ਅਰਧ ਸੈਂਕੜੇ ਹੀ ਬਣਾਏ ਹਨ। ਸੂਰਿਆਕੁਮਾਰ ਨੇ ਕਿਹਾ ਕਿ ਟੀਮ ’ਚ ਜਗ੍ਹਾ ਨਾ ਮਿਲਣ ਦੇ ਬਾਵਜੂਦ ਉਸ ਨੇ ਆਪਣੀਆਂ ਭਾਵਨਾਵਾਂ ’ਤੇ ਕਾਬੂ ਰੱਖਿਆ ਤੇ ਮੁਸਕਰਾ ਕੇ ਸਵੀਕਾਰ ਕੀਤਾ।
ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ 'ਚ ਜਦੋਂ ਵੀ ਮੈਨੂੰ ਦਬਾਅ ਦਾ ਸਾਹਮਣਾ ਕਰਨਾ ਪਿਆ ਤੇ ਚੀਜ਼ਾਂ ਮੇਰੇ ਹਿਸਾਬ ਨਾਲ ਨਹੀਂ ਚੱਲੀਆਂ ਤਾਂ ਮੈਂ ਮੁਸਕਰਾਉਣ ਦੀ ਕੋਸ਼ਿਸ਼ ਕੀਤੀ। ਕਪਤਾਨੀ ਤੋਂ ਹਟਾਏ ਜਾਣ 'ਤੇ ਉਨ੍ਹਾਂ ਕਿਹਾ ਕਿ ਮੈਨੂੰ ਇਸ ਦੀ ਉਮੀਦ ਨਹੀਂ ਸੀ। ਮੈਂ ਅਗਲੇ ਦੋ ਸਾਲਾਂ ਤੱਕ ਟੀਮ ਨੂੰ ਅੱਗੇ ਲਿਜਾਣ ਤੇ ਫਿਰ ਓਲੰਪਿਕ ਤੇ ਅਗਲੇ ਟੀ-20 ਵਿਸ਼ਵ ਕੱਪ ਦੀ ਤਿਆਰੀ ਕਰਨ ਦੀ ਯੋਜਨਾ ਬਣਾ ਰਿਹਾ ਸੀ। ਹਾਲਾਂਕਿ ਉਨ੍ਹਾਂ ਨੇ ਸ਼੍ਰੇਅਸ ਅਈਅਰ ਨੂੰ ਕਪਤਾਨ ਬਣਾਉਣ ਦੇ ਫੈਸਲੇ ਦਾ ਸਨਮਾਨ ਕੀਤਾ।
ਸੂਰਿਆਕੁਮਾਰ ਨੇ ਕਿਹਾ ਕਿ ਮੈਂ ਸ਼੍ਰੇਅਸ ਨਾਲ ਕਾਫੀ ਕ੍ਰਿਕਟ ਖੇਡੀ ਹੈ। ਉਹ ਇੱਕ ਚੰਗਾ ਖਿਡਾਰੀ, ਚੰਗਾ ਵਿਅਕਤੀ ਤੇ ਚੰਗਾ ਕਪਤਾਨ ਹੈ। ਉਸ ਨੇ ਕਿਹਾ ਕਿ ਹਾਂ, ਮੈਂ ਥੋੜ੍ਹਾ ਨਿਰਾਸ਼ ਸੀ ਕਿਉਂਕਿ ਦੋ ਸਾਲਾਂ 'ਚ ਅਸੀਂ ਇਕ ਵੀ ਸੀਰੀਜ਼ ਨਹੀਂ ਹਾਰੀ ਸੀ ਤੇ ਵਿਸ਼ਵ ਕੱਪ ਤੇ ਏਸ਼ੀਆ ਕੱਪ ਵੀ ਜਿੱਤਿਆ ਸੀ। ਅਜਿਹੇ ’ਚ ਮੇਰੇ ਮਨ ’ਚ ਇੱਕ ਹੀ ਖਿਆਲ ਚੱਲ ਰਿਹਾ ਸੀ ਕਿ ਜੇਕਰ ਸਭ ਕੁਝ ਠੀਕ ਚੱਲ ਰਿਹਾ ਸੀ ਤਾਂ ਫੇਰ ਤਬਦੀਲੀ ਕਿਉਂ?