RCB ਫੈਨਜ਼ ਨੂੰ ਝਟਕਾ ! IPL 2026 ਟਰਾਫ਼ੀ ਜਿੱਤਣ ਦੀ ਵਿਕਟਰੀ ਪਰੇਡ ਬੈਂਗਲੁਰੂ 'ਚ ਨਹੀਂ ਹੋਵੇਗੀ
ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ: ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਡੀ.ਕੇ. ਸ਼ਿਵਕੁਮਾਰ ਨੂੰ ਕਰਨਾਟਕ ਦਾ ਨਵਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ 3 ਜੂਨ ਨੂੰ ਹੋਣਾ ਤੈਅ ਹੋਇਆ ਹੈ। ਇਹ ਪ੍ਰੋਗਰਾਮ ਲੋਕ ਭਵਨ ਵਿੱਚ ਸ਼ਾਮ 4 ਵਜ ਕੇ 15 ਮਿੰਟ 'ਤੇ ਆਯੋਜਿਤ ਕੀਤਾ ਜਾਵੇਗਾ
Publish Date: Mon, 01 Jun 2026 02:46 PM (IST)
Updated Date: Mon, 01 Jun 2026 02:50 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਰ.ਸੀ.ਬੀ. (RCB) ਨੇ ਗੁਜਰਾਤ ਟਾਈਟਨਸ (GT) ਨੂੰ ਆਈ.ਪੀ.ਐੱਲ. 2026 ਦੇ ਫਾਈਨਲ ਵਿੱਚ ਹਰਾ ਕੇ ਲਗਾਤਾਰ ਦੂਜੇ ਆਈ.ਪੀ.ਐੱਲ. ਸੀਜ਼ਨ ਦੀ ਟਰਾਫ਼ੀ ਆਪਣੇ ਨਾਮ ਕਰ ਲਈ ਹੈ। ਆਰ.ਸੀ.ਬੀ. ਦੇ ਲਗਾਤਾਰ ਦੂਜੀ ਵਾਰ ਆਈ.ਪੀ.ਐੱਲ. ਖ਼ਿਤਾਬ ਜਿੱਤਣ ਦੇ ਬਾਵਜੂਦ ਬੈਂਗਲੁਰੂ ਵਿੱਚ ਵਿਕਟਰੀ ਪਰੇਡ ਨਾ ਕੱਢਣ ਦਾ ਫ਼ੈਸਲਾ ਲਿਆ ਗਿਆ ਹੈ। ਆਰ.ਸੀ.ਬੀ. ਦੇ ਇੱਕ ਸੂਤਰ ਨੇ ਦੱਸਿਆ ਕਿ ਸ਼ਹਿਰ ਵਿੱਚ ਜਨਤਕ ਸਮਾਗਮਾਂ ਨੂੰ ਲੈ ਕੇ ਪਹਿਲਾਂ ਤੋਂ ਲਾਗੂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।
ਦੱਸ ਦੇਈਏ ਕਿ ਫ੍ਰੈਂਚਾਈਜ਼ੀ ਨੇ ਵਿਕਟਰੀ ਪਰੇਡ ਨਾ ਕੱਢਣ ਦਾ ਫ਼ੈਸਲਾ ਪਿਛਲੇ ਸਾਲ ਹੋਈ ਭਗਦੜ ਤੋਂ ਬਾਅਦ ਲਿਆ ਹੈ ਤਾਂ ਜੋ ਫੈਨਜ਼ ਦੀ ਭਾਰੀ ਭੀੜ ਇਕੱਠੀ ਹੋਣ ਤੋਂ ਬਚਾਇਆ ਜਾ ਸਕੇ।
RCB ਦੀ ਵਿਕਟਰੀ ਪਰੇਡ ਨਾ ਹੋਣ ਦੇ ਦੋ ਮੁੱਖ ਕਾਰਨ
ਪਿਛਲੇ ਸਾਲ ਦੀ ਭਗਦੜ: ਦਰਅਸਲ 4 ਜੂਨ 2025 ਨੂੰ ਆਰ.ਸੀ.ਬੀ. ਨੇ ਆਈ.ਪੀ.ਐੱਲ. ਦਾ ਆਪਣਾ ਪਹਿਲਾ ਖ਼ਿਤਾਬ ਜਿੱਤਿਆ ਸੀ ਅਤੇ ਇਸ ਇਤਿਹਾਸਕ ਜਿੱਤ ਤੋਂ ਬਾਅਦ ਫ੍ਰੈਂਚਾਈਜ਼ੀ ਨੇ ਕਾਹਲੀ ਵਿੱਚ ਵਿਕਟਰੀ ਪਰੇਡ ਕੱਢੀ ਸੀ। ਉਸ ਦੌਰਾਨ ਉੱਥੇ ਭਗਦੜ ਮਚ ਗਈ ਸੀ ਅਤੇ ਕੁੱਲ 11 ਮਾਸੂਮਾਂ ਦੀ ਜਾਨ ਚਲੀ ਗਈ ਸੀ। ਅਜਿਹੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਆਈ.ਪੀ.ਐੱਲ. ਸੀਜ਼ਨ ਵਿੱਚ ਮਚੀ ਭਗਦੜ ਕਾਰਨ ਹੀ ਆਰ.ਸੀ.ਬੀ. ਦੀ ਟੀਮ ਇਸ ਸੀਜ਼ਨ ਵਿਕਟਰੀ ਪਰੇਡ ਨਹੀਂ ਕੱਢ ਰਹੀ।
ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ: ਇਸ ਤੋਂ ਇਲਾਵਾ ਦੋ ਦਿਨ ਪਹਿਲਾਂ ਡੀ.ਕੇ. ਸ਼ਿਵਕੁਮਾਰ ਨੂੰ ਕਰਨਾਟਕ ਦਾ ਨਵਾਂ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ 3 ਜੂਨ ਨੂੰ ਹੋਣਾ ਤੈਅ ਹੋਇਆ ਹੈ। ਇਹ ਪ੍ਰੋਗਰਾਮ ਲੋਕ ਭਵਨ ਵਿੱਚ ਸ਼ਾਮ 4 ਵਜ ਕੇ 15 ਮਿੰਟ 'ਤੇ ਆਯੋਜਿਤ ਕੀਤਾ ਜਾਵੇਗਾ। ਇਹ ਜਗ੍ਹਾ ਚਿੰਨਾਸਵਾਮੀ ਸਟੇਡੀਅਮ ਦੇ ਬਿਲਕੁਲ ਕੋਲ ਹੈ ਅਤੇ ਇਸ ਸਮਾਗਮ ਵਿੱਚ ਪੂਰੇ ਸੂਬੇ ਵਿੱਚੋਂ ਭਾਰੀ ਗਿਣਤੀ ਵਿੱਚ ਲੋਕਾਂ ਅਤੇ ਕਈ ਦਿੱਗਜਾਂ ਦੇ ਆਉਣ ਦੀ ਉਮੀਦ ਹੈ। ਇਸ ਕਾਰਨ ਉੱਥੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਜ਼ਿਆਦਾ ਹੋਵੇਗੀ। ਇਨ੍ਹਾਂ ਸਭ ਹਾਲਾਤਾਂ ਨੂੰ ਦੇਖਦੇ ਹੋਏ ਆਰ.ਸੀ.ਬੀ. ਮੈਨੇਜਮੈਂਟ ਨੇ ਫ਼ੈਸਲਾ ਕੀਤਾ ਹੈ ਕਿ ਬੈਂਗਲੁਰੂ ਵਿੱਚ ਜਨਤਕ ਭੀੜ ਇਕੱਠੀ ਕਰਨ ਤੋਂ ਬਚਿਆ ਜਾਵੇ।
RCB ਨੇ ਬੈਕ-ਟੂ-ਬੈਕ IPL ਟਰਾਫ਼ੀ ਜਿੱਤੀ
ਆਈ.ਪੀ.ਐੱਲ. 2026 ਦੇ ਫਾਈਨਲ ਮੈਚ ਵਿੱਚ ਆਰ.ਸੀ.ਬੀ. ਦੇ ਦਿੱਗਜ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਬੱਲੇ ਨਾਲ ਇਹ ਸਾਬਤ ਕਰ ਦਿੱਤਾ ਕਿ ਉਨ੍ਹਾਂ ਨੂੰ ਕਿਉਂ 'ਚੇਜ਼ ਮਾਸਟਰ' ਕਿਹਾ ਜਾਂਦਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਕਿੰਗ ਕੋਹਲੀ ਨੇ ਗੁਜਰਾਤ ਟਾਈਟਨਸ ਦੇ ਖ਼ਿਲਾਫ਼ 42 ਗੇਂਦਾਂ 'ਤੇ ਨਾਬਾਦ 75 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਰ.ਸੀ.ਬੀ. ਨੂੰ ਲਗਾਤਾਰ ਦੂਜੀ ਵਾਰ ਆਈ.ਪ.ਐੱਲ. ਦੀ ਟਰਾਫ਼ੀ ਦਿਵਾਈ।
ਫਾਈਨਲ ਮੈਚ ਵਿੱਚ ਕੋਹਲੀ ਜਦੋਂ ਕ੍ਰੀਜ਼ 'ਤੇ ਉੱਤਰੇ ਤਾਂ ਉਨ੍ਹਾਂ ਦੇ ਚਿਹਰੇ 'ਤੇ ਉਹੀ ਆਤਮਵਿਸ਼ਵਾਸ ਅਤੇ ਦ੍ਰਿੜ੍ਹਤਾ ਨਜ਼ਰ ਆਈ, ਜਿਸ ਨੇ ਪਿਛਲੇ ਡੇਢ ਦਹਾਕੇ ਵਿੱਚ ਭਾਰਤੀ ਕ੍ਰਿਕਟ ਨੂੰ ਅਣਗਿਣਤ ਯਾਦਗਾਰ ਜਿੱਤਾਂ ਦਿਵਾਈਆਂ ਹਨ। ਇਸ ਤੋਂ ਪਹਿਲਾਂ ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੇ ਗੁਜਰਾਤ ਨੂੰ 155 ਦੌੜਾਂ 'ਤੇ ਹੀ ਰੋਕ ਦਿੱਤਾ ਸੀ। ਵਾਸ਼ਿੰਗਟਨ ਸੁੰਦਰ ਤੋਂ ਇਲਾਵਾ ਗੁਜਰਾਤ ਦਾ ਕੋਈ ਵੀ ਬੱਲੇਬਾਜ਼ ਅਰਧ-ਸੈਂਕੜਾ ਨਹੀਂ ਲਗਾ ਸਕਿਆ। ਗਿੱਲ, ਸੁਦਰਸ਼ਨ, ਸਿੰਧੂ ਅਤੇ ਬਟਲਰ ਥੱਕੇ ਹੋਏ ਨਜ਼ਰ ਆਏ। ਇਸ ਤਰ੍ਹਾਂ ਆਰ.ਸੀ.ਬੀ. ਨੇ 18 ਓਵਰਾਂ ਵਿੱਚ 161 ਦੌੜਾਂ ਬਣਾ ਕੇ 5 ਵਿਕਟਾਂ ਨਾਲ ਫਾਈਨਲ ਮੈਚ ਆਪਣੇ ਨਾਮ ਕਰ ਲਿਆ।