ਸ਼ੇਰ-ਏ-ਪੰਜਾਬ T20 ਲੀਗ ਨਾਲ ਵਧੇਗੀ ਤਾਕਤ: Punjab Kings ਨਾਲ ਮਿਲ ਕੇ ਨਵੇਂ ਕ੍ਰਿਕਟਰਾਂ ਦੇ ਹੁਨਰ ਨੂੰ ਮਿਲੇਗੀ ਨਵੀਂ ਉਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ 10 ਫ੍ਰੈਂਚਾਇਜ਼ੀਆਂ ਹਨ ਪਰ ਪੰਜਾਬ ਕਿੰਗਜ਼ ਉਨ੍ਹਾਂ ਚੋਣਵੀਆਂ ਆਈਪੀਐੱਲ ਟੀਮਾਂ ’ਚੋਂ ਹੈ, ਜੋ ਆਪਣੇ ਸੂਬੇ ਪੰਜਾਬ ਦੇ ਕ੍ਰਿਕਟ ਈਕੋਸਿਸਟਮ ’ਚ ਜ਼ਬਰਦਸਤ ਯੋਗਦਾਨ ਦੇ ਰਹੀ ਹੈ। ਪੰਜਾਬ ਕਿੰਗਜ਼ ਸਿਰਫ ਆਈਪੀਐੱਲ ਦੇ ਦੋ ਮਹੀਨਿਆਂ ’ਚ ਹੀ ਸਰਗਰਮ ਨਹੀਂ ਰਹਿੰਦੀ, ਬਲਕਿ ਉਹ 365 ਦਿਨ ਪੰਜਾਬ ਦੇ ਕ੍ਰਿਕਟ ਲਈ ਕੰਮ ਕਰਦੀ ਹੈ।
Publish Date: Tue, 15 Sep 2026 11:10 AM (IST)
Updated Date: Tue, 15 Sep 2026 11:11 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ 10 ਫ੍ਰੈਂਚਾਇਜ਼ੀਆਂ ਹਨ ਪਰ ਪੰਜਾਬ ਕਿੰਗਜ਼ ਉਨ੍ਹਾਂ ਚੋਣਵੀਆਂ ਆਈਪੀਐੱਲ ਟੀਮਾਂ ’ਚੋਂ ਹੈ, ਜੋ ਆਪਣੇ ਸੂਬੇ ਪੰਜਾਬ ਦੇ ਕ੍ਰਿਕਟ ਈਕੋਸਿਸਟਮ ’ਚ ਜ਼ਬਰਦਸਤ ਯੋਗਦਾਨ ਦੇ ਰਹੀ ਹੈ। ਪੰਜਾਬ ਕਿੰਗਜ਼ ਸਿਰਫ ਆਈਪੀਐੱਲ ਦੇ ਦੋ ਮਹੀਨਿਆਂ ’ਚ ਹੀ ਸਰਗਰਮ ਨਹੀਂ ਰਹਿੰਦੀ, ਬਲਕਿ ਉਹ 365 ਦਿਨ ਪੰਜਾਬ ਦੇ ਕ੍ਰਿਕਟ ਲਈ ਕੰਮ ਕਰਦੀ ਹੈ।
ਪੰਜਾਬ ਦੀ ਨੁਮਾਇੰਦਗੀ ਕਰਨ ਵਾਲੀ ਇਸ ਟੀਮ ’ਚ ਪਹਿਲਾਂ ਸਥਾਨਕ ਖਿਡਾਰੀਆਂ ਦੀ ਗਿਣਤੀ ਬੇਹੱਦ ਘੱਟ ਨਜ਼ਰ ਆਉਂਦੀ ਸੀ। ਪੰਜਾਬ ਦੇ ਛੋਟੇ ਸ਼ਹਿਰਾਂ ਤੇ ਜ਼ਿਲ੍ਹਿਆਂ ’ਚੋਂ ਨਿਕਲਣ ਵਾਲੇ ਹੁਨਰ ਨੂੰ ਉਹ ਰਾਸ਼ਟਰੀ ਮੰਚ ਨਹੀਂ ਪਾਉਂਦਾ ਸੀ, ਜਿਸਦੀ ਉਨ੍ਹਾਂ ਨੂੰ ਲੋੜ ਸੀ ਪਰ ਹੁਣ ਸਮਾਂ ਬਦਲ ਚੁੱਕਾ ਹੈ। ਪੰਜਾਬ ਕਿੰਗਜ਼ ਨੇ ਆਈਪੀਐੱਲ ਦੇ ਕੁਝ ਹਫ਼ਤਿਆਂ ਤੱਕ ਸੀਮਤ ਨਾ ਰਹਿ ਕੇ ਪੰਜਾਬ ਦੇ ਕ੍ਰਿਕਟ ਈਕੋਸਿਸਟਮ ਦੀ ਤਸਵੀਰ ਬਦਲਣ ਦਾ ਬੀੜਾ ਚੁੱਕਿਆ ਹੈ। ਹਾਲ ਹੀ ਵਿਚ ਖ਼ਤਮ ਹੋਈ ਸ਼ੇਰ-ਏ-ਪੰਜਾਬ ਟੀ-20 ਲੀਗ ’ਚ ਵੀ ਟੀਮ ਨੇ ਵਧ-ਚੜ੍ਹ ਕੇ ਯੋਗਦਾਨ ਦਿੱਤਾ, ਜਿਸ ਨਾਲ ਸੂਬੇ ਦੇ ਜ਼ਮੀਨੀ ਪੱਧਰ ਦੇ ਖਿਡਾਰੀਆਂ ਲਈ ਮੌਕਿਆਂ ਦਾ ਇਕ ਨਵਾਂ ਤੇ ਮਜ਼ਬੂਤ ਰਾਹ ਤਿਆਰ ਹੋਇਆ।
ਪੰਜਾਬ ਕਿੰਗਜ਼ ਤੇ ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਇਹ ਜੁੜਾਅ ਭਾਰਤੀ ਕ੍ਰਿਕਟ ਲਈ ਇਕ ਨਵਾਂ ਰੋਲ ਮਾਡਲ ਪੇਸ਼ ਕਰਦਾ ਹੈ। ਬਾਕੀ ਸੂਬਿਆਂ ’ਚ ਵੀ ਸੂਬਾਈ ਲੀਗ ਹੋ ਰਹੀਆਂ ਹਨ ਪਰ ਹੁਣ ਤੱਕ ਉਨ੍ਹਾਂ ਲੀਗਾਂ ’ਚ ਉਸ ਸੂਬੇ ਦੀ ਆਈਪੀਐੱਲ ਫ੍ਰੈਂਚਾਇਜ਼ੀ ਦਾ ਕੋਈ ਸੰਪਰਕ ਸਾਹਮਣੇ ਨਹੀਂ ਆਇਆ ਹੈ। ਸ਼ੇਰ-ਏ-ਪੰਜਾਬ ਲੀਗ ਦੇ ਐਤਵਾਰ ਨੂੰ ਹੋਏ ਫਾਈਨਲ ’ਚ ਅੰਮ੍ਰਿਤਸਰ ਸੂਰਮਾਜ਼ ਚੈਂਪੀਅਨ ਬਣੀ। ਮਯੰਕ ਮਾਰਕੰਡੇ (3/17) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਸਹਿਜ ਧਵਨ ਦੇ ਅਜੇਤੂ ਅਰਧ ਸੈਂਕੜੇ ਦੀ ਬਦੌਲਤ ਅੰਮ੍ਰਿਤਸਰ ਨੇ ਮੋਹਾਲੀ ’ਚ ਲੁਧਿਆਣਾ ਲਾਇਨਜ਼ ਨੂੰ ਆਸਾਨੀ ਨਾਲ ਮਾਤ ਦੇ ਕੇ ਟਰਾਫੀ ਜਿੱਤੀ। ਇਸ ਲੀਗ ’ਚ ਕਈ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੰਜਾਬ ਕਿੰਗਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸ਼ੇਰ-ਏ-ਪੰਜਾਬ ਲੀਗ ਦੇ ਪ੍ਰਦਰਸ਼ਨ ਨਾਲ ਉਥੋਂ ਦੇ ਨੌਜਵਾਨ ਖਿਡਾਰੀਆਂ ਨੂੰ ਆਪਣੇ ਸੂਬੇ ਦੀ ਟੀਮ ਦੇ ਸਕਾਊਟਸ ਤੇ ਮੈਨੇਜਮੈਂਟ ਸਾਹਮਣੇ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਿਆ।