- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹਾਲੀ ਕਿੰਗਜ਼ ਨੇ ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਲੁਧਿਆਣਾ ਲਾਇਨਜ਼ ਨੂੰ ਆਖਰੀ ਗੇਂਦ ’ਤੇ 4 ਵਿਕਟਾਂ ਨਾਲ ਮਾਤ ਦਿੱਤੀ। ਇਹ ਮੁਕਾਬਲਾ ਆਈ.ਐਸ. ਬਿੰਦਰਾ ਸਟੇਡੀਅਮ, ਮੁਹਾਲੀ ਵਿਖੇ ਖੇਡਿਆ ਗਿਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ: ਮੁਹਾਲੀ ਕਿੰਗਜ਼ ਨੇ ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਲੁਧਿਆਣਾ ਲਾਇਨਜ਼ ਨੂੰ ਆਖਰੀ ਗੇਂਦ ’ਤੇ 4 ਵਿਕਟਾਂ ਨਾਲ ਮਾਤ ਦਿੱਤੀ। ਇਹ ਮੁਕਾਬਲਾ ਆਈ.ਐਸ. ਬਿੰਦਰਾ ਸਟੇਡੀਅਮ, ਮੁਹਾਲੀ ਵਿਖੇ ਖੇਡਿਆ ਗਿਆ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਲੁਧਿਆਣਾ ਲਾਇਨਜ਼ ਨੇ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ’ਤੇ 213 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਲਾਇਨਜ਼ ਦੀ ਪਾਰੀ ਨੂੰ ਅਰਜੁਨ ਰਾਜਪੂਤ ਅਤੇ ਅਭਿਜੀਤ ਗਰਗ ਦੀ ਸ਼ਾਨਦਾਰ ਸਾਂਝੇਦਾਰੀ ਨੇ ਮਜ਼ਬੂਤੀ ਦਿੱਤੀ। 47 ਦੌੜਾਂ ’ਤੇ 2 ਵਿਕਟਾਂ ਗੁਆਉਣ ਤੋਂ ਬਾਅਦ ਦੋਵਾਂ ਬੱਲੇਬਾਜ਼ਾਂ ਨੇ ਪਾਰੀ ਦਾ ਰੁਖ ਹੀ ਬਦਲ ਦਿੱਤਾ ਅਤੇ ਤੀਜੀ ਵਿਕਟ ਲਈ 131 ਦੌੜਾਂ ਦੀ ਸ਼ਾਨਦਾਰ ਭਾਈਵਾਲੀ ਕੀਤੀ।
ਅਭਿਜੀਤ ਗਰਗ ਨੇ 48 ਗੇਂਦਾਂ ’ਤੇ 77 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ, ਜਦਕਿ ਅਰਜੁਨ ਰਾਜਪੂਤ ਨੇ 49 ਗੇਂਦਾਂ ’ਤੇ 78 ਦੌੜਾਂ ਬਣਾਈਆਂ। ਅੰਤਲੇ ਓਵਰਾਂ ਵਿੱਚ ਕੁਝ ਹੋਰ ਵਿਕਟਾਂ ਡਿੱਗਣ ਦੇ ਬਾਵਜੂਦ ਕਪਤਾਨ ਸਲਿਲ ਅਰੋੜਾ ਨੇ 11 ਗੇਂਦਾਂ ’ਤੇ ਨਾਬਾਦ 24 ਦੌੜਾਂ ਬਣਾ ਕੇ ਲੁਧਿਆਣਾ ਲਾਇਨਜ਼ ਨੂੰ 213 ਦੌੜਾਂ ਤੱਕ ਪਹੁੰਚਾਇਆ।
ਮੁਹਾਲੀ ਕਿੰਗਜ਼ ਵੱਲੋਂ ਹਰਪ੍ਰੀਤ ਬਰਾੜ ਸਭ ਤੋਂ ਸਫਲ ਗੇਂਦਬਾਜ਼ ਰਹੇ। ਖੱਬੇ ਹੱਥ ਦੇ ਇਸ ਸਪਿਨਰ ਨੇ 4 ਓਵਰਾਂ ਵਿੱਚ 25 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਰਮਨਦੀਪ ਸਿੰਘ ਨੇ 31 ਦੌੜਾਂ ਦੇ ਕੇ 2 ਵਿਕਟਾਂ ਲਈਆਂ।
214 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁਹਾਲੀ ਕਿੰਗਜ਼ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਲਈ 45 ਦੌੜਾਂ ਹਾਸਿਲ ਕੀਤੀਆਂ। ਜਸਕਰਨਵੀਰ ਸਿੰਘ 15 ਗੇਂਦਾਂ ’ਤੇ 15 ਦੌੜਾਂ ਬਣਾ ਕੇ ਆਊਟ ਹੋਏ ਅਤੇ ਸਾਗਰ ਵਿਰਕ ਨੇ 25 ਗੇਂਦਾਂ ’ਤੇ ਤੇਜ਼ 37 ਦੌੜਾਂ ਬਣਾਈਆਂ।
ਨੰਬਰ ਤਿੰਨ ’ਤੇ ਆਏ ਅਨਮੋਲਪ੍ਰੀਤ ਸਿੰਘ ਨੇ ਕਪਤਾਨ ਰਮਨਦੀਪ ਸਿੰਘ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਤੀਜੀ ਵਿਕਟ ਲਈ 86 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕਰਦਿਆਂ ਮੁਹਾਲੀ ਕਿੰਗਜ਼ ਨੂੰ ਟੀਚੇ ਦੇ ਨੇੜੇ ਪਹੁੰਚਾਇਆ।
ਅਨਮੋਲਪ੍ਰੀਤ ਸਿੰਘ ਨੇ ਅਰਧ ਸੈਂਕੜਾ ਪੂਰਾ ਕੀਤਾ ਅਤੇ 32 ਗੇਂਦਾਂ ’ਤੇ 50 ਦੌੜਾਂ ਬਣਾ ਕੇ ਆਊਟ ਹੋਏ। ਦੂਜੇ ਪਾਸੇ ਰਮਨਦੀਪ ਸਿੰਘ ਨੇ ਹਮਲਾਵਰ ਬੱਲੇਬਾਜ਼ੀ ਜਾਰੀ ਰੱਖਦਿਆਂ ਮੈਚ ਦਾ ਰੁਖ ਮੁਹਾਲੀ ਕਿੰਗਜ਼ ਦੇ ਹੱਕ ਵਿੱਚ ਕਰ ਦਿੱਤਾ। ਆਖਰੀ 12 ਗੇਂਦਾਂ ਵਿੱਚ ਟੀਮ ਨੂੰ 23 ਦੌੜਾਂ ਦੀ ਲੋੜ ਰਹਿ ਗਈ ਸੀ।
ਮੁਹਾਲੀ ਕਿੰਗਜ਼ ਨੇ 19ਵੇਂ ਓਵਰ ਵਿੱਚ 200 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਅਤੇ ਆਖਰੀ ਓਵਰ ਵਿੱਚ ਜਿੱਤ ਲਈ 9 ਦੌੜਾਂ ਦੀ ਲੋੜ ਸੀ। ਇਸ ਤੋਂ ਬਾਅਦ ਮੁਕਾਬਲਾ ਬੇਹੱਦ ਰੋਮਾਂਚਕ ਹੋ ਗਿਆ।
ਕ੍ਰਿਸ਼ ਭਗਤ ਨੇ ਆਖਰੀ ਓਵਰ ਦੀਆਂ ਪਹਿਲੀਆਂ ਤਿੰਨ ਗੇਂਦਾਂ ’ਤੇ ਸਿਰਫ਼ 2 ਦੌੜਾਂ ਦਿੱਤੀਆਂ। ਇਸ ਤੋਂ ਬਾਅਦ ਰਮਨਦੀਪ ਸਿੰਘ ਨੇ ਚੌਕਾ ਜੜ ਕੇ ਟੀਮ ਨੂੰ ਜਿੱਤ ਤੋਂ ਸਿਰਫ਼ 3 ਦੌੜਾਂ ਦੂਰ ਕਰ ਦਿੱਤਾ। ਹਾਲਾਂਕਿ ਅਗਲੀ ਹੀ ਗੇਂਦ ’ਤੇ ਰਮਨਦੀਪ ਸਿੰਘ ਨੇ ਕਾਰਤੀਕ ਨੂੰ ਸਿੱਧਾ ਕੈਚ ਦੇ ਦਿੱਤਾ। ਉਹ 35 ਗੇਂਦਾਂ ’ਤੇ ਧਮਾਕੇਦਾਰ 85 ਦੌੜਾਂ ਬਣਾ ਕੇ ਆਊਟ ਹੋਏ।
ਹੁਣ ਮੁਹਾਲੀ ਕਿੰਗਜ਼ ਨੂੰ ਆਖਰੀ ਗੇਂਦ ’ਤੇ 3 ਦੌੜਾਂ ਦੀ ਲੋੜ ਸੀ। ਦਬਾਅ ਦੇ ਇਸ ਪਲ ਵਿੱਚ ਕ੍ਰਿਸ਼ ਨੇ ਵਾਈਡ ਗੇਂਦ ਸੁੱਟ ਦਿੱਤੀ, ਜਿਸ ਨਾਲ ਸਮੀਕਰਨ 1 ਗੇਂਦ ’ਤੇ 2 ਦੌੜਾਂ ਰਹਿ ਗਿਆ। ਮੁਹਾਲੀ ਕਿੰਗਜ਼ ਨੇ ਆਖਰੀ ਗੇਂਦ ’ਤੇ ਲੋੜੀਂਦੀਆਂ 2 ਦੌੜਾਂ ਪੂਰੀਆਂ ਕਰਦਿਆਂ ਚਾਰ ਵਿਕਟਾਂ ਨਾਲ ਜਿੱਤ ਦਰਜ਼ ਕਰ ਲਈ।
ਮੁਹਾਲੀ ਕਿੰਗਜ਼ ਦੀ ਜਿੱਤ ਵਿੱਚ ਕਪਤਾਨ ਰਮਨਦੀਪ ਸਿੰਘ ਦੀ 35 ਗੇਂਦਾਂ ’ਤੇ 85 ਦੌੜਾਂ ਦੀ ਤੂਫ਼ਾਨੀ ਪਾਰੀ ਫੈਸਲਾਕੁੰਨ ਸਾਬਤ ਹੋਈ ਅਤੇ ਅਨਮੋਲਪ੍ਰੀਤ ਸਿੰਘ ਦੇ ਅਰਧ ਸੈਂਕੜੇ ਨੇ ਟੀਚੇ ਦਾ ਪਿੱਛਾ ਕਰਨ ਲਈ ਮਜ਼ਬੂਤ ਨੀਂਹ ਰੱਖੀ।