- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਵਾਰੀਅਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.3 ਓਵਰਾਂ ਵਿੱਚ 205 ਦੌੜਾਂ ਬਣਾਈਆਂ। ਟੀਮ ਦੇ ਕਪਤਾਨ ਅਤੇ ਪ੍ਰਭਸਿਮਰਨ ਸਿੰਘ ਨੇ ਇੱਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੂਰਨਾਮੈਂਟ ਵਿੱਚ ਲਗਾਤਾਰ ਦੂਜਾ ਸੈਂਕੜਾ ਪੂਰਾ ਕੀਤਾ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਜਲੰਧਰ ਵਾਰੀਅਰਜ਼ ਨੇ ਸ਼ੇਰ-ਏ-ਪੰਜਾਬ ਟੀ-20 ਲੀਗ 2026 ਦੇ ਮੁਕਾਬਲੇ ਵਿੱਚ ਬਠਿੰਡਾ ਰਾਇਲਜ਼ ਨੂੰ ਆਖਰੀ ਗੇਂਦ ’ਤੇ 3 ਦੌੜਾਂ ਨਾਲ ਹਰਾ ਦਿੱਤਾ। ਇਹ ਮੁਕਾਬਲਾ ਆਈ.ਐੱਸ. ਬਿੰਦਰਾ ਸਟੇਡੀਅਮ, ਮੁਹਾਲੀ ਵਿਖੇ ਖੇਡਿਆ ਗਿਆ।
ਜਲੰਧਰ ਵਾਰੀਅਰਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 19.3 ਓਵਰਾਂ ਵਿੱਚ 205 ਦੌੜਾਂ ਬਣਾਈਆਂ। ਟੀਮ ਦੇ ਕਪਤਾਨ ਅਤੇ ਪ੍ਰਭਸਿਮਰਨ ਸਿੰਘ ਨੇ ਇੱਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟੂਰਨਾਮੈਂਟ ਵਿੱਚ ਲਗਾਤਾਰ ਦੂਜਾ ਸੈਂਕੜਾ ਪੂਰਾ ਕੀਤਾ।
ਜਲੰਧਰ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ 62 ਦੌੜਾਂ ’ਤੇ 3 ਵਿਕਟਾਂ ਗੁਆ ਚੁੱਕੀ ਸੀ। ਇਸ ਮੌਕੇ ਪ੍ਰਭਸਿਮਰਨ ਸਿੰਘ ਨੇ ਆਰਿਆਨ ਯਾਦਵ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ ਬੱਲੇਬਾਜ਼ੀ ਕਰਦਿਆਂ ਚੌਥੀ ਵਿਕਟ ਲਈ 118 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਆਰਿਆਨ ਯਾਦਵ ਨੇ 19 ਗੇਂਦਾਂ ’ਤੇ 39 ਦੌੜਾਂ ਦੀ ਤੇਜ਼ ਪਾਰੀ ਖੇਡੀ।
ਇਸ ਤੋਂ ਬਾਅਦ ਪ੍ਰਭਸਿਮਰਨ ਸਿੰਘ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸੈਂਕੜਾ ਪੂਰਾ ਕੀਤਾ। ਹਾਲਾਂਕਿ, ਆਖਰੀ ਓਵਰਾਂ ਵਿੱਚ ਵਿਕਟਾਂ ਲਗਾਤਾਰ ਡਿੱਗਣ ਕਾਰਨ ਜਲੰਧਰ ਵਾਰੀਅਰਜ਼ ਵੱਡਾ ਸਕੋਰ ਖੜ੍ਹਾ ਕਰਨ ਤੋਂ ਰਹਿ ਗਈ।
ਬਠਿੰਡਾ ਰਾਇਲਜ਼ ਵੱਲੋਂ ਅਸ਼ਵਨੀ ਕੁਮਾਰ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਓਵਰਾਂ ਵਿੱਚ 35 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਵੀ ਆਪਣੇ ਨਾਮ ਕੀਤੀ। ਅਸ਼ਵਨੀ ਕੁਮਾਰ ਨੇ 17ਵੇਂ ਓਵਰ ਦੀ ਆਖਰੀ ਗੇਂਦ ’ਤੇ ਸੁਖਦੀਪ ਬਾਜਵਾ ਨੂੰ ਆਊਟ ਕਰਨ ਤੋਂ ਬਾਅਦ 19ਵੇਂ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ ’ਤੇ ਪ੍ਰਭਸਿਮਰਨ ਸਿੰਘ ਅਤੇ ਰਣਦੀਪ ਸਿੰਘ ਨੂੰ ਪੈਵਿਲੀਅਨ ਭੇਜ ਦਿੱਤਾ।
206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਬਠਿੰਡਾ ਰਾਇਲਜ਼ ਨੇ ਚੰਗੀ ਸ਼ੁਰੂਆਤ ਕੀਤੀ। ਬੱਲੇਬਾਜ਼ ਰਿਸ਼ਭ ਗੁਪਤਾ ਅਤੇ ਹਰਨੂਰ ਸਿੰਘ ਨੇ ਪਹਿਲੀ ਵਿਕਟ ਲਈ 48 ਦੌੜਾਂ ਦੀ ਸਾਂਝੇਦਾਰੀ ਕੀਤੀ। ਜਲੰਧਰ ਵੱਲੋਂ ਗੁਰਵਿੰਦਰ ਭੁੱਲਰ ਨੇ ਰਿਸ਼ਭ ਗੁਪਤਾ ਨੂੰ 17 ਦੌੜਾਂ ’ਤੇ ਆਊਟ ਕਰਕੇ ਪਹਿਲੀ ਸਫਲਤਾ ਹਾਸਲ ਕੀਤੀ।
ਹਰਨੂਰ ਸਿੰਘ ਨੇ 29 ਗੇਂਦਾਂ ’ਤੇ 44 ਦੌੜਾਂ ਦੀ ਪਾਰੀ ਖੇਡਦਿਆਂ ਬਠਿੰਡਾ ਦੀ ਪਾਰੀ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਉਦੈ ਸਹਾਰਨ ਨੇ ਜ਼ਿੰਮੇਵਾਰੀ ਸੰਭਾਲਦਿਆਂ ਸ਼ਾਨਦਾਰ ਅਰਧ ਸੈਂਕੜਾ ਜੜਿਆ ਅਤੇ ਟੀਮ ਨੂੰ ਜਿੱਤ ਦੀ ਦੌੜ ਵਿੱਚ ਬਣਾਈ ਰੱਖਿਆ।
ਉਦੈ ਸਹਾਰਨ ਨੂੰ ਸ਼ਾਹਬਾਜ਼ ਸੰਧੂ ਦਾ ਵੀ ਵਧੀਆ ਸਾਥ ਮਿਲਿਆ। ਸੰਧੂ ਨੇ 13 ਗੇਂਦਾਂ ’ਤੇ 26 ਦੌੜਾਂ ਦੀ ਤੇਜ਼ ਪਾਰੀ ਖੇਡਦਿਆਂ ਜਲੰਧਰ ਦੇ ਗੇਂਦਬਾਜ਼ਾਂ ’ਤੇ ਦਬਾਅ ਬਣਾਈ ਰੱਖਿਆ। ਹਾਲਾਂਕਿ, ਲੋੜੀਂਦੀ ਦੌੜਾਂ ਦੀ ਦਰ ਲਗਾਤਾਰ ਵਧਦੀ ਰਹੀ।
ਜਲੰਧਰ ਵਾਰੀਅਰਜ਼ ਨੇ 19ਵੇਂ ਓਵਰ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਬਠਿੰਡਾ ਲਈ ਆਖਰੀ ਓਵਰ ਵਿੱਚ 18 ਦੌੜਾਂ ਦਾ ਟੀਚਾ ਬਚ ਗਿਆ। ਆਖਰੀ ਓਵਰ ਦੀ ਪਹਿਲੀ ਹੀ ਗੇਂਦ ’ਤੇ ਰਣਦੀਪ ਸਿੰਘ ਨੇ ਸ਼ਾਹਬਾਜ਼ ਸੰਧੂ ਨੂੰ ਬੋਲਡ ਕਰ ਦਿੱਤਾ।
ਇਸ ਦੇ ਬਾਵਜੂਦ ਉਦੈ ਸਹਾਰਨ ਨੇ ਹੌਸਲਾ ਨਹੀਂ ਛੱਡਿਆ ਅਤੇ ਲਗਾਤਾਰ ਦੋ ਗੇਂਦਾਂ ’ਤੇ ਛੱਕਾ ਅਤੇ ਚੌਕਾ ਲਗਾ ਕੇ ਬਠਿੰਡਾ ਨੂੰ ਆਖਰੀ ਦੋ ਗੇਂਦਾਂ ’ਤੇ 6 ਦੌੜਾਂ ਦੇ ਟੀਚੇ ਤੱਕ ਪਹੁੰਚਾ ਦਿੱਤਾ।
ਰਣਦੀਪ ਸਿੰਘ ਨੇ ਅਗਲੀ ਗੇਂਦ ’ਤੇ ਉਦੈ ਸਹਾਰਨ ਨੂੰ ਐੱਲ.ਬੀ.ਡਬਲਿਊ. ਆਊਟ ਕਰਕੇ ਜਲੰਧਰ ਦੀ ਜਿੱਤ ਲਗਭਗ ਯਕੀਨੀ ਕਰ ਦਿੱਤੀ। ਉਦੈ ਸਹਾਰਨ ਨੇ 43 ਗੇਂਦਾਂ ’ਤੇ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਆਖਰੀ ਗੇਂਦ ’ਤੇ ਬਠਿੰਡਾ ਨੂੰ 6 ਦੌੜਾਂ ਦੀ ਲੋੜ ਸੀ। ਰਣਦੀਪ ਸਿੰਘ ਦੀ ਗੇਂਦ ਵਾਈਡ ਰਹਿਣ ਕਾਰਨ ਬਠਿੰਡਾ ਨੂੰ ਇੱਕ ਹੋਰ ਮੌਕਾ ਮਿਲਿਆ, ਪਰ ਅਸ਼ਵਨੀ ਕੁਮਾਰ ਆਖਰੀ ਗੇਂਦ ’ਤੇ ਸਿਰਫ਼ 2 ਦੌੜਾਂ ਹੀ ਬਣਾ ਸਕੇ। ਇਸ ਤਰ੍ਹਾਂ ਜਲੰਧਰ ਵਾਰੀਅਰਜ਼ ਨੇ ਆਪਣਾ ਸੰਯਮ ਕਾਇਮ ਰੱਖਦਿਆਂ ਰੋਮਾਂਚਕ ਮੁਕਾਬਲਾ 3 ਦੌੜਾਂ ਨਾਲ ਆਪਣੇ ਨਾਮ ਕਰ ਲਿਆ।