- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੇਰ-ਏ-ਪੰਜਾਬ ਟੀ-20 ਲੀਗ 2026 ਵਿੱਚ ਅੰਮ੍ਰਿਤਸਰ ਸੂਰਮਾਜ਼ ਨੇ ਫ਼ਾਜ਼ਿਲਕਾ ਫਾਲਕਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਹ ਮੁਕਾਬਲਾ ਆਈ.ਐੱਸ. ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਗਿਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਸ਼ੇਰ-ਏ-ਪੰਜਾਬ ਟੀ-20 ਲੀਗ 2026 ਵਿੱਚ ਅੰਮ੍ਰਿਤਸਰ ਸੂਰਮਾਜ਼ ਨੇ ਫ਼ਾਜ਼ਿਲਕਾ ਫਾਲਕਨਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇਹ ਮੁਕਾਬਲਾ ਆਈ.ਐੱਸ. ਬਿੰਦਰਾ ਸਟੇਡੀਅਮ, ਮੋਹਾਲੀ ਵਿਖੇ ਖੇਡਿਆ ਗਿਆ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਫ਼ਾਜ਼ਿਲਕਾ ਫਾਲਕਨਜ਼ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਨਾਲ 182 ਦੌੜਾਂ ਬਣਾਈਆਂ। ਟੀਮ ਦੇ 38 ਦੌੜਾਂ ’ਤੇ 2 ਵਿਕਟਾਂ ਗੁਆਉਣ ਤੋਂ ਬਾਅਦ ਵਿਹਾਨ ਮਲਹੋਤਰਾ ਅਤੇ ਸਨਵੀਰ ਸਿੰਘ ਦੀ 83 ਦੌੜਾਂ ਦੀ ਸਾਂਝੇਦਾਰੀ ਨਾਲ ਪਾਰੀ ਨੂੰ ਸੰਭਾਲਿਆ। ਮਲਹੋਤਰਾ ਨੇ 34 ਗੇਂਦਾਂ ’ਤੇ 60 ਅਤੇ ਸਨਵੀਰ ਸਿੰਘ ਨੇ 35 ਗੇਂਦਾਂ ’ਤੇ 63 ਦੌੜਾਂ ਬਣਾਈਆਂ।
ਅੰਮ੍ਰਿਤਸਰ ਸੂਰਮਾਜ਼ ਵੱਲੋਂ ਆਕਾਸ਼ ਪਾਂਡੇ ਨੇ 4 ਓਵਰਾਂ ਵਿੱਚ 27 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ, ਅਤੇ ਮਯੰਕ ਮਾਰਕੰਡੇ ਨੇ 2 ਓਵਰਾਂ ਵਿੱਚ ਸਿਰਫ਼ 12 ਦੌੜਾਂ ਦੇ ਕੇ 1 ਵਿਕਟ ਹਾਸਿਲ ਕੀਤੀ। ਸੂਰਮਾਜ਼ ਦੀ ਟੀਮ ਨੇ ਮੈਦਾਨ ਵਿੱਚ ਵੀ ਸ਼ਾਨਦਾਰ ਫੀਲਡਿੰਗ ਦਾ ਪ੍ਰਦਰਸ਼ਨ ਕੀਤਾ।
183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅੰਮ੍ਰਿਤਸਰ ਸੂਰਮਾਜ਼ ਦੀ ਸ਼ੁਰੂਆਤ ਮੁਸ਼ਕਲ ਰਹੀ ਅਤੇ ਟੀਮ ਨੇ 39 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਕਪਤਾਨ ਅਭਿਸ਼ੇਕ ਸ਼ਰਮਾ ਨੇ 9 ਗੇਂਦਾਂ ’ਤੇ 21 ਦੌੜਾਂ ਦੀ ਤੇਜ਼ ਪਾਰੀ ਖੇਡੀ।
ਇਸ ਤੋਂ ਬਾਅਦ ਨਮਨ ਧੀਰ ਅਤੇ ਅਭੈ ਚੌਧਰੀ ਨੇ ਮੋਰਚਾ ਸੰਭਾਲਦਿਆਂ ਸ਼ਾਨਦਾਰ ਅਤੇ ਨਿਰਣਾਇਕ ਸਾਂਝੇਦਾਰੀ ਕੀਤੀ। ਨਮਨ ਧੀਰ ਨੇ 48 ਗੇਂਦਾਂ ਵਿਚ 88 ਦੌੜਾਂ, ਜਦਕਿ ਅਭੈ ਚੌਧਰੀ ਨੇ 35 ਗੇਂਦਾਂ ਵਿਚ 58 ਦੌੜਾਂ ਬਣਾਈਆਂ।
ਦੋਵਾਂ ਬੱਲੇਬਾਜ਼ਾਂ ਨੇ ਚੌਥੀ ਵਿਕਟ ਲਈ 147 ਦੌੜਾਂ ਦੀ ਸਾਂਝੇਦਾਰੀ ਕਰਦਿਆਂ ਅੰਮ੍ਰਿਤਸਰ ਸੂਰਮਾਜ਼ ਨੂੰ 18.1 ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ’ਤੇ 183 ਦੌੜਾਂ ਤੱਕ ਪਹੁੰਚਾ ਦਿੱਤਾ। ਇਸ ਤਰ੍ਹਾਂ ਅੰਮ੍ਰਿਤਸਰ ਸੂਰਮਾਜ਼ ਨੇ 11 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।
ਇਸ ਜਿੱਤ ਨਾਲ ਅੰਮ੍ਰਿਤਸਰ ਸੂਰਮਾਜ਼ ਨੇ ਲੀਗ ਵਿੱਚ ਆਪਣਾ ਖਾਤਾ ਖੋਲ੍ਹਦਿਆਂ ਮਹੱਤਵਪੂਰਨ ਅੰਕ ਹਾਸਲ ਕੀਤੇ। ਟੀਮ ਦੀ ਜਿੱਤ ਵਿੱਚ ਗੇਂਦਬਾਜ਼ਾਂ ਅਤੇ ਫੀਲਡਰਾਂ ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਨਮਨ ਧੀਰ ਅਤੇ ਅਭੈ ਚੌਧਰੀ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਅਹਿਮ ਭੂਮਿਕਾ ਨਿਭਾਈ।