IND vs ENG: ਬਚਾ ਲਓ ਸ਼੍ਰੇਅਸ ਅਈਅਰ! ਜੇ ਅੱਜ ਹਾਰੇ ਤਾਂ ਚਲੀ ਜਾਵੇਗੀ ਬਾਦਸ਼ਾਹਤ, ਮੰਡਰਾ ਰਿਹੈ ਵੱਡਾ ਸੰਕਟ
ਟੀ-20 ਵਰਲਡ ਕੱਪ-2026 ਦੀ ਜਿੱਤ ਤੋਂ ਬਾਅਦ ਸ਼੍ਰੇਅਸ ਅਈਅਰ ਦੀ ਕਪਤਾਨੀ ’ਚ ਭਾਰਤ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਸੀ। ਲੱਗ ਰਿਹਾ ਸੀ ਕਿ ਇੱਥੋਂ ਭਾਰਤ ਟੀ-20 ਵਿੱਚ ਅੱਗੇ ਹੀ ਜਾਵੇਗਾ ਪਰ ਹੋਇਆ ਇਸ ਤੋਂ ਉਲਟ। ਛੇ ਮੈਚ ਹੋ ਚੁੱਕੇ ਹਨ ਅਤੇ ਅਈਅਰ ਦੀ ਕਪਤਾਨੀ ’ਚ ਭਾਰਤ ਨੇ ਜਿੱਤ ਦਾ ਸਵਾਦ ਤੱਕ ਨਹੀਂ ਚੱਖਿਆ ਹੈ। ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਆਖਰੀ ਟੀ-20 ਮੈਚ ਵਿੱਚ ਹੈ ਅਤੇ ਸਾਊਥੈਂਪਟਨ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਭਾਰਤ ਦੀ ਬਾਦਸ਼ਾਹਤ ਦਾਅ 'ਤੇ ਲੱਗੀ ਹੋਈ ਹੈ।
Publish Date: Sat, 11 Jul 2026 02:55 PM (IST)
Updated Date: Sat, 11 Jul 2026 02:58 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਟੀ-20 ਵਰਲਡ ਕੱਪ-2026 ਦੀ ਜਿੱਤ ਤੋਂ ਬਾਅਦ ਸ਼੍ਰੇਅਸ ਅਈਅਰ ਦੀ ਕਪਤਾਨੀ ’ਚ ਭਾਰਤ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਸੀ। ਲੱਗ ਰਿਹਾ ਸੀ ਕਿ ਇੱਥੋਂ ਭਾਰਤ ਟੀ-20 ਵਿੱਚ ਅੱਗੇ ਹੀ ਜਾਵੇਗਾ ਪਰ ਹੋਇਆ ਇਸ ਤੋਂ ਉਲਟ। ਛੇ ਮੈਚ ਹੋ ਚੁੱਕੇ ਹਨ ਅਤੇ ਅਈਅਰ ਦੀ ਕਪਤਾਨੀ ’ਚ ਭਾਰਤ ਨੇ ਜਿੱਤ ਦਾ ਸਵਾਦ ਤੱਕ ਨਹੀਂ ਚੱਖਿਆ ਹੈ। ਅੱਜ ਭਾਰਤ ਦਾ ਸਾਹਮਣਾ ਇੰਗਲੈਂਡ ਨਾਲ ਆਖਰੀ ਟੀ-20 ਮੈਚ ਵਿੱਚ ਹੈ ਅਤੇ ਸਾਊਥੈਂਪਟਨ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਭਾਰਤ ਦੀ ਬਾਦਸ਼ਾਹਤ ਦਾਅ 'ਤੇ ਲੱਗੀ ਹੋਈ ਹੈ।
ਇੰਗਲੈਂਡ ਤੋਂ ਪਹਿਲਾਂ ਭਾਰਤ ਨੂੰ ਆਇਰਲੈਂਡ ਨੇ ਆਪਣੇ ਘਰ ’ਚ 2-0 ਨਾਲ ਮਾਤ ਦਿੱਤੀ ਸੀ। ਇਸ ਤੋਂ ਬਾਅਦ ਇੰਗਲੈਂਡ ਨੇ ਚਾਰ ’ਚੋਂ ਤਿੰਨ ਮੈਚਾਂ ਵਿੱਚ ਭਾਰਤ ਨੂੰ ਪਟਖਣੀ ਦਿੱਤੀ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਅੱਜ ਹਾਰੇ ਤਾਂ ਸਭ ਕੁਝ ਲੁੱਟ ਜਾਵੇਗਾ
ਲਗਾਤਾਰ ਛੇ ਮੈਚ ਨਾ ਜਿੱਤਣਾ ਭਾਰਤ ਲਈ ਸ਼ਰਮ ਦੀ ਗੱਲ ਹੈ। ਉਹ ਵੀ ਉਦੋਂ ਜਦੋਂ ਟੀਮ ਇੰਡੀਆ ਟੀ-20 ਦੀ ਵਿਸ਼ਵ ਵਿਜੇਤਾ ਹੈ। ਇੰਗਲੈਂਡ ਲਈ ਅੱਜ ਦਾ ਮੈਚ ਕੋਈ ਬਹੁਤਾ ਖ਼ਾਸ ਮਾਇਨੇ ਨਹੀਂ ਰੱਖਦਾ ਕਿਉਂਕਿ ਉਹ ਪਹਿਲਾਂ ਹੀ ਸੀਰੀਜ਼ ਆਪਣੇ ਨਾਮ ਕਰ ਚੁੱਕਾ ਹੈ ਪਰ ਭਾਰਤ ਲਈ ਇਹ ਮੈਚ ਰੈਂਕਿੰਗ ਦੇ ਹਿਸਾਬ ਨਾਲ ਬਹੁਤ ਅਹਿਮ ਹੈ। ਜੇਕਰ ਭਾਰਤ ਅੱਜ ਹਾਰਦਾ ਹੈ ਤਾਂ ਉਸਦੀ ਟੀ-20 ਰੈਂਕਿੰਗ ਵਿੱਚ ਨੰਬਰ-1 ਪੁਜੀਸ਼ਨ ਵੀ ਚਲੀ ਜਾਵੇਗੀ ਅਤੇ ਇੰਗਲੈਂਡ ਉੱਥੇ ਕਾਬਜ਼ ਹੋ ਜਾਵੇਗਾ।
ਇੰਗਲੈਂਡ ਨੇ ਨਵੇਂ ਕਪਤਾਨ ਹੈਰੀ ਬਰੂਕ ਦੀ ਕਪਤਾਨੀ ਵਿੱਚ ਸ਼ਾਨਦਾਰ ਖੇਡ ਦਿਖਾਈ ਹੈ। ਉਨ੍ਹਾਂ ਦੀ ਕਪਤਾਨੀ ਵਿੱਚ ਇੰਗਲੈਂਡ ਨੇ ਹੁਣ ਤੱਕ ਕੁੱਲ 22 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 19 ਵਿੱਚ ਉਨ੍ਹਾਂ ਨੂੰ ਜਿੱਤ ਮਿਲੀ ਹੈ। ਬ੍ਰੂਕ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਦੀਆਂ ਨਜ਼ਰਾਂ ਨੰਬਰ-1 ਰੈਂਕਿੰਗ 'ਤੇ ਹਨ।
ਅਈਅਰ ਨੂੰ ਕਰਨਾ ਪਵੇਗਾ ਕਮਾਲ
ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਅਈਅਰ ਨੂੰ ਆਪਣੀ ਕਪਤਾਨੀ ਵਿੱਚ ਕਮਾਲ ਕਰਨਾ ਹੋਵੇਗਾ। ਅਈਅਰ ਨੇ ਬੱਲੇ ਨਾਲ ਤਾਂ ਫਿਰ ਵੀ ਪ੍ਰਭਾਵ ਛੱਡਿਆ ਹੈ, ਪਰ ਕਪਤਾਨੀ ਵਿੱਚ ਉਹ ਅਸਰਦਾਰ ਸਾਬਤ ਨਹੀਂ ਹੋਏ ਹਨ। ਪਿਛਲੇ ਮੈਚ ਵਿੱਚ ਉਨ੍ਹਾਂ ਨੇ ਨਾਬਾਦ 80 ਦੌੜਾਂ ਦੀ ਪਾਰੀ ਖੇਡੀ ਸੀ। ਅਈਅਰ ਨੂੰ ਵੀ ਆਪਣੀ ਕਪਤਾਨੀ ਵਿੱਚ ਪਹਿਲੀ ਜਿੱਤ ਦੀ ਤਲਾਸ਼ ਹੈ ਅਤੇ ਉਹ ਚਾਹੁਣਗੇ ਕਿ ਆਖਰੀ ਮੈਚ ਵਿੱਚ ਇਹ ਜਿੱਤ ਉਨ੍ਹਾਂ ਨੂੰ ਨਸੀਬ ਹੋਵੇ ਤਾਂ ਜੋ ਉਨ੍ਹਾਂ ਦਾ ਵੀ ਖਾਤਾ ਖੁੱਲ੍ਹੇ ਅਤੇ ਭਾਰਤ ਦੀ ਨੰਬਰ-1 ਰੈਂਕਿੰਗ ਬਚੀ ਰਹੇ।