ਵੈਭਵ ਸੂਰਿਆਵੰਸ਼ੀ ਨੂੰ ਸਚਿਨ ਤੇਂਦੁਲਕਰ ਵਰਗਾ ਦਿੱਗਜ ਬਣਾਉਣ ਦੀ ਤਿਆਰੀ, BCCI ਨੇ ਬਣਾਇਆ ਮਾਸਟਰ ਪਲਾਨ
ਸਿਰਫ 15 ਸਾਲ ਦੀ ਉਮਰ ’ਚ ਕ੍ਰਿਕਟ ਦੀ ਦੁਨੀਆ ’ਚ ਆਪਣੇ ਹੁਨਰ ਦਾ ਲੋਹਾ ਮੰਨਵਾ ਚੁੱਕੇ ਵੈਭਵ ਸੂਰਿਆਵੰਸ਼ੀ ਦੇ ਭਵਿੱਖ ਨੂੰ ਲੈ ਕੇ ਬੀਸੀਸੀਆਈ ਨੇ ਹੁਣ ਤੋਂ ਹੀ ਲੰਬੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਬੋਰਡ ਨਹੀਂ ਚਾਹੁੰਦਾ ਕਿ ਵੈਭਵ ਦੀ ਚਮਕ ਸਿਰਫ ਇਕ ਸੀਰੀਜ਼ ਜਾਂਇਕ ਸਾਲ ਤੱਕ ਸੀਮਤ ਰਹੇ
Publish Date: Sat, 05 Sep 2026 12:15 PM (IST)
Updated Date: Sat, 05 Sep 2026 12:18 PM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਸਿਰਫ 15 ਸਾਲ ਦੀ ਉਮਰ ’ਚ ਕ੍ਰਿਕਟ ਦੀ ਦੁਨੀਆ ’ਚ ਆਪਣੇ ਹੁਨਰ ਦਾ ਲੋਹਾ ਮੰਨਵਾ ਚੁੱਕੇ ਵੈਭਵ ਸੂਰਿਆਵੰਸ਼ੀ ਦੇ ਭਵਿੱਖ ਨੂੰ ਲੈ ਕੇ ਬੀਸੀਸੀਆਈ ਨੇ ਹੁਣ ਤੋਂ ਹੀ ਲੰਬੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਬੋਰਡ ਨਹੀਂ ਚਾਹੁੰਦਾ ਕਿ ਵੈਭਵ ਦੀ ਚਮਕ ਸਿਰਫ ਇਕ ਸੀਰੀਜ਼ ਜਾਂਇਕ ਸਾਲ ਤੱਕ ਸੀਮਤ ਰਹੇ। ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਕਿਹਾ ਕਿ ਬੋਰਡ ਇਸ ਨੌਜਵਾਨ ਬੱਲੇਬਾਜ਼ ਦੇ ਵਿਕਾਸ ’ਤੇ ਬੇਹੱਦ ਗੰਭੀਰਤਾ ਨਾਲ ਨਜ਼ਰ ਰੱਖ ਰਿਹਾ ਹੈ ਤੇ ਉਸਦਾ ਟੀਚਾ ਉਸ ਨੂੰ ਸਚਿਨ ਤੇਂਦੁਲਕਰ ਵਰਗੇ ਦਿੱਗਜਾਂ ਦੀ ਰਾਹ ’ਤੇ ਲਿਜਾਣਾ ਹੈ ਤਾਂਕਿ ਉਹ ਲੰਬੇ ਸਮੇਂ ਤੱਕ ਭਾਰਤੀ ਕ੍ਰਿਕਟ ਦੀ ਸੇਵਾ ਕਰ ਸਕੇ।
ਬੀਸੀਸੀਆਈ ਦੀ ਵੀਰਵਾਰ ਨੂੰ ਹੋਈ ਸਮੀਖਿਆ ਮੀਟਿੰਗ ’ਚ ਵੈਭਵ ਦੇ ਭਵਿੱਖ ’ਤੇ ਵੀ ਚਰਚਾ ਹੋਈ। ਮੀਟਿੰਗ ਤੋਂ ਬਾਅਦ ਸੈਕੀਆ ਨੇ ਕਿਹਾ ਕਿ ਬੋਰਡ ਵੈਭਵ ਦੀ ਤਰੱਕੀ ਦੇ ਹਰ ਪੱਖ ’ਤੇ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਵੈਭਵ ਸੂਰਿਆਵੰਸ਼ੀ ਜਾਂ ਉਸਦੀ ਸਮਰੱਥਾ ਵਾਲਾ ਕੋਈ ਵੀ ਖਿਡਾਰੀ ਸਚਿਨ ਤੇਂਦੁਲਕਰ ਦੀ ਤਰ੍ਹਾਂ ਦੇਸ਼ ਦੀ ਲੰਬੇ ਸਮੇਂ ਤੱਕ ਸੇਵਾ ਕਰੇ ਤੇ ਦਿੱਗਜ ਬਣੇ। ਇਸ ਲਈ ਅਸੀਂ ਵੈਭਵ ਨੂੰ ਬੇਹੱਦ ਗੰਭੀਰਤਾ ਨਾਲ ਦੇਖ ਰਹੇ ਹਾਂ ਤੇ ਉਸਦੇ ਕਰੀਅਰ ’ਚ ਚੁੱਕੇ ਜਾ ਰਹੇ ਕਦਮ ਦੀ ਨਿਗਰਾਨੀ ਕਰ ਰਹੇ ਹਾਂ। ਸੈਕੀਆ ਨੇ ਸਪੱਸ਼ਟ ਕੀਤਾ ਕਿ ਬੀਸੀਸੀਆਈ ਦਾ ਧਿਆਨ ਵੈਭਵ ਤੋਂ ਤੁਰੰਤ ਨਤੀਜੇ ਹਾਸਲ ਕਰਨ ਦੀ ਬਜਾਏ ਉਸਦੇ ਕਰੀਅਰ ਨੂੰ ਸਹੀ ਦਿਸ਼ਾ ਦੇਣ ’ਤੇ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਚੌਕਸ ਹਾਂ ਕਿ ਉਹ ਹਰ ਸਹੀ ਕਦਮ ਅੱਗੇ ਵਧਾਵੇ ਤਾਂਕਿ ਇਹ ਸਿਰਫ ਇਕ ਸੀਰੀਜ਼ ਜਾਂ ਇਕ ਸਾਲ ਦੀ ਕਹਾਣੀ ਬਣ ਕੇ ਨਾ ਰਹਿ ਜਾਵੇ।
ਆਈਪੀਐੱਲ 2026 ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੈਭਵ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਮਰਦ ਅੰਤਰਰਾਸ਼ਟਰੀ ਡੈਬਿਊ ਕਰਨ ਵਾਲਾ ਖਿਡਾਰੀ ਬਣਿਆ। ਇੰਗਲੈਂਡ ਵਿਰੁੱਧ ਪਹਿਲੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਉਮੀਦ ਮੁਤਾਬਕ ਨਹੀਂ ਰਹੀ ਪਰ ਉਸਨੇ ਜਲਦ ਹੀ ਵਾਪਸੀ ਕੀਤੀ ਤੇ ਜ਼ਿੰਬਾਬਵੇ ਵਿਰੁੱਧ ਤਿੰਨ ਮੈਚਾਂ ’ਚ 151 ਦੌੜਾਂ ਬਣਾਈਆਂ। ਘਰੇਲੂ ਕ੍ਰਿਕਟ ’ਚ ਵੀ ਉਸਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਦਲੀਪ ਟਰਾਫੀ ਸੈਮੀਫਾਈਨਲ ’ਚ ਸੈਂਟਰਲ ਜ਼ੋਨ ਵਿਰੁੱਧ ਵੈਭਵ ਨੇ 81 ਗੇਂਦਾਂ ’ਤੇ 92 ਦੌੜਾਂ ਬਣਾਈਆਂ ਤੇ ਟੂਰਨਾਮੈਂਟ ਦੇ ਇਤਿਹਾਸ ’ਚ ਅਰਧ ਸੈਂਕੜਾ ਲਗਾਉਣ ਵਾਲਾ ਸਭ ਤੋਂ ਨੌਜਵਾਨ ਬੱਲੇਬਾਜ਼ ਬਣਿਆ। ਸੈਕੀਆ ਨੇ ਦੱਸਿਆ ਕਿ ਬੀਸੀਸੀਆਈ ਸਿਰਫ ਵੈਭਵ ਹੀ ਨਹੀਂ, ਬਲਕਿ 10-15 ਉੱਭਰਦੇ ਖਿਡਾਰੀਾਂ ਦੇ ਇਕ ਵਿਸ਼ੇਸ਼ ਸਮੂਹ ’ਤੇ ਵੀ ਨਜ਼ਰ ਰੱਖ ਰਿਹਾ ਹੈ। ਇਨ੍ਹਾਂ ਖਿਡਾਰੀਆਂ ਦੀ ਟ੍ਰੇਨਿੰਗ ਤੇ ਹੁਨਰ ਵਿਕਾਸ ਦੀ ਲਗਾਤਾਰ ਨਿਗਰਾਨੀ ਸੈਂਟਰ ਆਫ ਐਕਸੀਲੈਂਸ (ਸੀਓਈ) ਦੇ ਮੁਖੀ ਵੀਵੀਐੱਸ ਲਕਸ਼ਮਣ ਕਰ ਰਿਹਾ ਹੈ। ਵੈਭਵ ਫਿਲਹਾਲ ਅਫ਼ਗਾਨਿਸਤਾਨ ਵਿਰੁੱਧ 13 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਹਿੱਸਾ ਹੈ। ਇਸ ਤੋਂ ਇਲਾਵਾ ਉਹ ਏਸ਼ਿਆਈ ਖੇਡਾਂ ਦੀ ਟੀਮ ’ਚ ਵੀ ਸ਼ਾਮਲ ਹੈ।