ਪਾਰਥਿਵ ਪਟੇਲ ਨੇ ਨਹੀਂ ਦਿੱਤੀ ਮੁੱਖ ਚੋਣਕਾਰ ਅਹੁਦੇ ਲਈ ਅਰਜ਼ੀ, ਚੋਣ ਪ੍ਰਕਿਰਿਆ ਤੋਂ ਰਹੇ ਦੂਰ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਸੀਨੀਅਰ ਪੁਰਸ਼ ਚੋਣ ਕਮੇਟੀ ’ਚ ਪੱਛਮੀ ਖੇਤਰ ਦੇ ਨੁਮਾਇੰਦੇ ਵਜੋਂ ਅਜੀਤ ਅਗਰਕਰ ਦੀ ਥਾਂ ਲੈਣ ਲਈ ਭਾਰਤ ਦੇ ਸਾਬਕਾ ਵਿਕਟਕੀਪਰ ਪਾਰਥਿਵ ਪਟੇਲ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ
Publish Date: Thu, 15 Oct 2026 10:59 AM (IST)
Updated Date: Thu, 15 Oct 2026 11:02 AM (IST)
ਨਵੀਂ ਦਿੱਲੀ, (ਪੀਟੀਆਈ) : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਸੀਨੀਅਰ ਪੁਰਸ਼ ਚੋਣ ਕਮੇਟੀ ’ਚ ਪੱਛਮੀ ਖੇਤਰ ਦੇ ਨੁਮਾਇੰਦੇ ਵਜੋਂ ਅਜੀਤ ਅਗਰਕਰ ਦੀ ਥਾਂ ਲੈਣ ਲਈ ਭਾਰਤ ਦੇ ਸਾਬਕਾ ਵਿਕਟਕੀਪਰ ਪਾਰਥਿਵ ਪਟੇਲ ਨੂੰ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਉਨ੍ਹਾਂ ਇਸ ਅਹੁਦੇ ਲਈ ਅਰਜ਼ੀ ਨਹੀਂ ਦਿੱਤੀ। ਇਸ ਨਾਲ ਪ੍ਰਗਿਆਨ ਓਝਾ ਲਈ ਆਪਣੇ ਕਾਰਜਕਾਲ ਦੇ ਬਾਕੀ ਬਚੇ ਸਮੇਂ ਦੌਰਾਨ ਮੁੱਖ ਚੋਣਕਾਰ ਬਣੇ ਰਹਿਣ ਦਾ ਰਾਹ ਸਾਫ਼ ਹੋ ਗਿਆ ਹੈ।
ਪੱਛਮੀ ਖੇਤਰ ਦੀ ਖਾਲੀ ਥਾਂ ਭਰਨ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ ਬੁੱਧਵਾਰ ਨੂੰ ਖ਼ਤਮ ਹੋ ਗਈ, ਪਰ ਪਾਰਥਿਵ ਨੇ ਚੋਣ ਪ੍ਰਕਿਰਿਆ ਤੋਂ ਦੂਰ ਰਹਿਣ ਦਾ ਫ਼ੈਸਲਾ ਕੀਤਾ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, “ਮੈਨੂੰ ਨਹੀਂ ਪਤਾ ਕਿ ਬੀਸੀਸੀਆਈ ਅਰਜ਼ੀਆਂ ਦੀ ਮਿਆਦ ਵਧਾਏਗਾ ਜਾਂ ਨਹੀਂ, ਪਰ 14 ਅਕਤੂਬਰ ਨੂੰ ਸ਼ਾਮ ਪੰਜ ਵਜੇ ਤੱਕ ਪਾਰਥਿਵ ਨੇ ਅਰਜ਼ੀ ਨਹੀਂ ਦਿੱਤੀ ਸੀ। ਜੇ ਮਿਆਦ ਵਧਾਈ ਜਾਂਦੀ ਹੈ ਜਾਂ ਉਹ ਆਪਣਾ ਫ਼ੈਸਲਾ ਬਦਲਦੇ ਹਨ ਤਾਂ ਸਥਿਤੀ ਬਦਲ ਸਕਦੀ ਹੈ।”
ਦੱਖਣੀ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਓਝਾ ਦੇ ਆਪਣੇ ਕਾਰਜਕਾਲ ਦੇ ਬਾਕੀ ਸਮੇਂ ਤੱਕ ਮੁੱਖ ਚੋਣਕਾਰ ਬਣੇ ਰਹਿਣ ਦੀ ਸੰਭਾਵਨਾ ਹੈ। ਮੌਜੂਦਾ ਚੋਣਕਾਰਾਂ ’ਚ ਉਨ੍ਹਾਂ ਦੇ ਨਾਂ ਸਭ ਤੋਂ ਵੱਧ ਟੈਸਟ ਮੈਚ ਦਰਜ ਹਨ, ਜਿਸ ਨਾਲ ਉਨ੍ਹਾਂ ਦਾ ਦਾਅਵਾ ਮਜ਼ਬੂਤ ਹੋਇਆ ਹੈ। ਜੂਨੀਅਰ ਪੁਰਸ਼ ਚੋਣ ਕਮੇਟੀ ਦਾ ਮੁਖੀ ਬਣਨ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਰਮੇਸ਼ ਪਵਾਰ ਹੁਣ ਪੱਛਮੀ ਜ਼ੋਨ ਵੱਲੋਂ ਸੀਨੀਅਰ ਚੋਣਕਾਰ ਦੇ ਅਹੁਦੇ ਲਈ ਦਾਅਵੇਦਾਰ ਬਣ ਸਕਦੇ ਹਨ। ਭਾਰਤ ਦੇ ਸਾਬਕਾ ਵਿਕਟਕੀਪਰ ਸਮੀਰ ਦਿਘੇ ਦਾ ਨਾਂ ਵੀ ਚਰਚਾ ’ਚ ਹੈ। ਪਿਛਲੀ ਵਾਰ ਜਦੋਂ ਚੋਣਕਾਰਾਂ ਦੇ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਸਨ, ਤਾਂ ਪਵਾਰ ਤੇ ਦਿਘੇ ਦੋਵਾਂ ਨੇ ਅਰਜ਼ੀ ਦਿੱਤੀ ਸੀ।
ਹਾਲਾਂਕਿ, ਪੱਛਮੀ ਜ਼ੋਨ ਤੋਂ ਇਸ ਅਹੁਦੇ ਲਈ ਯੋਗ ਤੇ ਪ੍ਰਮੁੱਖ ਉਮੀਦਵਾਰਾਂ ਦੀ ਗਿਣਤੀ ਘੱਟ ਦਿਖਾਈ ਦੇ ਰਹੀ ਹੈ। ਇਹ ਸਥਿਤੀ ਤਾਂ ਹੀ ਬਦਲ ਸਕਦੀ ਹੈ, ਜੇ ਬੀਸੀਸੀਆਈ ਅਰਜ਼ੀਆਂ ਦੀ ਮਿਆਦ ਵਧਾ ਕੇ ਪਾਰਥਿਵ ਨੂੰ ਅਰਜ਼ੀ ਦੇਣ ਦਾ ਮੌਕਾ ਦੇਵੇ। ਫਿਲਹਾਲ ਲੱਗਦਾ ਹੈ ਕਿ ਪਾਰਥਿਵ ਸੀਨੀਅਰ ਚੋਣ ਕਮੇਟੀ ’ਚ ਭੂਮਿਕਾ ਨਿਭਾਉਣ ਦੀ ਬਜਾਏ ਗੁਜਰਾਤ ਟਾਈਟਨਜ਼ ਦੇ ਕੋਚਿੰਗ ਸਟਾਫ਼ ਤੇ ਕਮੈਂਟਰੀ ਨਾਲ ਜੁੜੀਆਂ ਆਪਣੀਆਂ ਜ਼ਿੰਮੇਵਾਰੀਆਂ ਜਾਰੀ ਰੱਖਣਗੇ।