ਡੋਪ ਟੈਸਟ 'ਚ ਫੇਲ੍ਹ ਹੋਏ ਪਾਕਿਸਤਾਨੀ ਸਪਿਨਰ ਮੁਹੰਮਦ ਨਵਾਜ਼, ICC ਨੇ ਠੋਕਿਆ 3 ਮਹੀਨਿਆਂ ਦਾ ਬੈਨ; ਖੋਹੇ ਪੁਰਾਣੇ ਰਿਕਾਰਡ! ਪਾਕਿਸਤਾਨੀ ਕ੍ਰਿਕਟ ਟੀਮ ਦੇ ਸਪਿਨਰ ਮੁਹੰਮਦ ਨਵਾਜ਼ ਨੂੰ ਆਪਣੀ ਇੱਕ ਗ਼ਲਤੀ ਕਾਰਨ ਵੱਡਾ ਖ਼ਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਨਵਾਜ਼ ਨੂੰ ਆਈਸੀਸੀ ਦੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ 'ਤੇ ਤਿੰਨ ਮਹੀਨਿਆਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸੇ ਕਾਰਨ ਕ੍ਰਿਕਟ ਦੀ ਸਰਵਉੱਚ ਸੰਸਥਾ ਨੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਸਾਰੇ ਰਿਕਾਰਡ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
Publish Date: Fri, 17 Jul 2026 03:52 PM (IST)
Updated Date: Fri, 17 Jul 2026 03:52 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਪਾਕਿਸਤਾਨੀ ਕ੍ਰਿਕਟ ਟੀਮ ਦੇ ਸਪਿਨਰ ਮੁਹੰਮਦ ਨਵਾਜ਼ ਨੂੰ ਆਪਣੀ ਇੱਕ ਗ਼ਲਤੀ ਕਾਰਨ ਵੱਡਾ ਖ਼ਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਨਵਾਜ਼ ਨੂੰ ਆਈਸੀਸੀ ਦੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ ਅਤੇ ਉਨ੍ਹਾਂ 'ਤੇ ਤਿੰਨ ਮਹੀਨਿਆਂ ਦੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸੇ ਕਾਰਨ ਕ੍ਰਿਕਟ ਦੀ ਸਰਵਉੱਚ ਸੰਸਥਾ ਨੇ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਸਾਰੇ ਰਿਕਾਰਡ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
ਆਈਸੀਸੀ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਗੱਲ ਦਾ ਐਲਾਨ ਕੀਤਾ। ਭਾਰਤ ਅਤੇ ਸ਼੍ਰੀਲੰਕਾ ਦੀ ਸਾਂਝੀ ਮੇਜ਼ਬਾਨੀ 'ਚ ਖੇਡੇ ਗਏ ਟੀ-20 ਵਰਲਡ ਕੱਪ-2026 'ਚ ਪਾਕਿਸਤਾਨ ਦੇ ਨੀਦਰਲੈਂਡਜ਼ ਖ਼ਿਲਾਫ਼ ਹੋਏ ਮੈਚ ਤੋਂ ਬਾਅਦ ਨਵਾਜ਼ ਦਾ ਡੋਪ ਟੈਸਟ ਕੀਤਾ ਗਿਆ ਸੀ, ਜਿਸ 'ਚ ਉਹ ਪ੍ਰਤੀਬੰਧਿਤ ਪਦਾਰਥ ਦੇ ਸੇਵਨ ਦੇ ਦੋਸ਼ੀ ਪਾਏ ਗਏ ਹਨ। ਇਹ ਮੈਚ ਸੱਤ ਫਰਵਰੀ ਨੂੰ ਕੋਲੰਬੋ 'ਚ ਖੇਡਿਆ ਗਿਆ ਸੀ।
ਨਵਾਜ਼ ਨੇ ਕਬੂਲੀ ਸਜ਼ਾ ਆਈਸੀਸੀ ਨੇ ਦੱਸਿਆ ਹੈ ਕਿ ਨਵਾਜ਼ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਨਵਾਜ਼ ਨੇ ਕਿਹਾ ਕਿ ਉਨ੍ਹਾਂ ਨੇ ਜੋ ਪਦਾਰਥ ਲਿਆ ਸੀ, ਉਹ ਖੇਡ 'ਚ ਆਪਣੀ ਕਾਰਗੁਜ਼ਾਰੀ ਵਧਾਉਣ ਲਈ ਨਹੀਂ ਲਿਆ ਸੀ, ਸਗੋਂ ਮੁਕਾਬਲੇ ਤੋਂ ਬਾਹਰ ਲਿਆ ਸੀ। ਇਸੇ ਕਾਰਨ ਉਨ੍ਹਾਂ 'ਤੇ ਤਿੰਨ ਮਹੀਨਿਆਂ ਦਾ ਬੈਨ ਲਗਾਇਆ ਗਿਆ ਹੈ। ਹਾਲਾਂਕਿ, ਜੇਕਰ ਉਹ ਰਿਹੈਬ ਪ੍ਰੋਗਰਾਮ ਪੂਰਾ ਕਰ ਲੈਂਦੇ ਹਨ ਤਾਂ ਉਨ੍ਹਾਂ ਦਾ ਇਹ ਬੈਨ ਸਿਰਫ਼ ਇੱਕ ਮਹੀਨੇ ਦਾ ਰਹਿ ਜਾਵੇਗਾ। ਉਨ੍ਹਾਂ ਦਾ ਇਹ ਬੈਨ 1 ਮਈ 2026 ਤੋਂ ਸ਼ੁਰੂ ਹੋਇਆ ਹੈ ਅਤੇ ਇਸੇ ਤਰੀਕ ਤੋਂ ਉਨ੍ਹਾਂ ਨੇ ਰਿਹੈਬ ਪ੍ਰੋਗਰਾਮ ਸ਼ੁਰੂ ਕੀਤਾ ਸੀ। ਸਜ਼ਾ ਕਬੂਲ ਕਰਨ ਅਤੇ ਪ੍ਰੋਗਰਾਮ 'ਚ ਹਿੱਸਾ ਲੈਣ ਕਾਰਨ ਨਵਾਜ਼ ਦਾ ਅਸਥਾਈ ਬੈਨ ਵੀ ਢਾਈ ਮਹੀਨਿਆਂ ਬਾਅਦ ਹੀ ਹਟਾ ਦਿੱਤਾ ਗਿਆ ਹੈ।
ਹਟਾ ਦਿੱਤੇ ਗਏ ਰਿਕਾਰਡ ਹਾਲਾਂਕਿ, ਆਈਸੀਸੀ ਨੇ ਨਵਾਜ਼ ਨੂੰ ਇੱਕ ਮਾਮਲੇ 'ਚ ਕੋਈ ਰਾਹਤ ਨਹੀਂ ਦਿੱਤੀ ਹੈ। ਆਈਸੀਸੀ ਨੇ ਫ਼ੈਸਲਾ ਕੀਤਾ ਹੈ ਕਿ ਸੱਤ ਫਰਵਰੀ ਤੋਂ ਲੈ ਕੇ 1 ਮਈ 2026 ਤੱਕ ਨਵਾਜ਼ ਦੇ ਸਾਰੇ ਰਿਕਾਰਡ ਅਯੋਗ ਕਰ ਦਿੱਤੇ ਗਏ ਹਨ। ਨਵਾਜ਼ ਪਾਕਿਸਤਾਨੀ ਟੀਮ ਦਾ ਅਹਿਮ ਹਿੱਸਾ ਹਨ। ਟੀਮ ਦੇ ਮੌਜੂਦਾ ਕੋਚ ਮਾਈਕ ਹੈਸਨ ਨੇ ਤਾਂ ਉਨ੍ਹਾਂ ਨੂੰ ਏਸ਼ੀਆ ਕੱਪ-2025 ਦੌਰਾਨ ਦੁਨੀਆ ਦਾ ਸਭ ਤੋਂ ਵਧੀਆ ਸਪਿਨਰ ਦੱਸ ਦਿੱਤਾ ਸੀ।