- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਸੀਸੀ ਟੀ-20 ਵਿਸ਼ਵ ਕੱਪ 2026 ਨੂੰ ਲੈ ਕੇ ਪਾਕਿਸਤਾਨੀ ਟੀਮ ਅਜੇ ਤੱਕ ਇਹ ਤੈਅ ਨਹੀਂ ਕਰ ਸਕੀ ਹੈ ਕਿ ਉਹ ਟੂਰਨਾਮੈਂਟ ਖੇਡੇਗੀ ਜਾਂ ਨਹੀਂ। ਪਾਕਿਸਤਾਨ ਕ੍ਰਿਕਟ ਬੋਰਡ ਨੇ ਖਿਡਾਰੀਆਂ ਦੇ ਜਾਣ ਲਈ ਟਿਕਟਾਂ ਤਾਂ ਬੁੱਕ ਕਰ ਦਿੱਤੀਆਂ ਹਨ, ਪਰ ਸਰਕਾਰ ਅਤੇ ਬੋਰਡ ਵੱਲੋਂ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਆਇਆ ਹੈ। ਪੀਸੀਬੀ ਨੇ ਬੰਗਲਾਦੇਸ਼ ਨੂੰ ਟੂਰਨਾਮੈਂਟ ਤੋਂ ਬਾਹਰ ਕਰਨ ਦੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਫੈਸਲੇ ਵਿਰੁੱਧ ਬਾਈਕਾਟ ਕਰਨ ਦੀ ਧਮਕੀ ਦਿੱਤੀ ਹੈ।

ਜੇਕਰ ਪਾਕਿਸਤਾਨੀ ਟੀਮ ਵਿਸ਼ਵ ਕੱਪ ਨਹੀਂ ਖੇਡਦੀ, ਤਾਂ ਉਸ ਨੂੰ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ ਅਤੇ ICC ਵੀ ਸਖ਼ਤ ਕਾਰਵਾਈ ਕਰ ਸਕਦਾ ਹੈ। ਦੂਜੇ ਪਾਸੇ, ਜੇਕਰ ਟੀਮ ਜਾਂਦੀ ਹੈ, ਤਾਂ ਉਸ ਨੂੰ ਤੈਅ ਕੀਤੇ ਗਏ ਸ਼ਡਿਊਲ ਅਨੁਸਾਰ ਹੀ ਮੈਚ ਖੇਡਣੇ ਪੈਣਗੇ।
ਫਿਲਹਾਲ ਖਿਡਾਰੀ ਤਿਆਰ ਹਨ ਅਤੇ ਟਿਕਟਾਂ ਵੀ ਬੁੱਕ ਹਨ, ਪਰ ਸਾਰਾ ਕੁਝ ਸਰਕਾਰ ਦੇ ਫੈਸਲੇ 'ਤੇ ਟਿਕਿਆ ਹੋਇਆ ਹੈ। ਇਸ ਲਈ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ।
T20 World Cup ਲਈ Pakistan ਟੀਮ ਦੀਆਂ ਟਿਕਟਾਂ ਬੁੱਕ
ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ ਆਪਣੇ ਖਿਡਾਰੀਆਂ ਨੂੰ ਸ਼੍ਰੀਲੰਕਾ (ਕੋਲੰਬੋ) ਭੇਜਣ ਦੀ ਯੋਜਨਾ ਬਣਾ ਰਿਹਾ ਹੈ, ਪਰ ਟੀ-20 ਵਿਸ਼ਵ ਕੱਪ ਵਿੱਚ ਖੇਡਣ ਜਾਂ ਨਾ ਖੇਡਣ ਬਾਰੇ ਅੰਤਿਮ ਫੈਸਲਾ ਆਉਣਾ ਅਜੇ ਬਾਕੀ ਹੈ। ਇਹ ਟੂਰਨਾਮੈਂਟ 7 ਫਰਵਰੀ ਤੋਂ 8 ਮਾਰਚ ਤੱਕ ਖੇਡਿਆ ਜਾਣਾ ਹੈ।
ਇਹ ਸ਼ੰਕਾ ਖ਼ਾਸ ਤੌਰ 'ਤੇ ਇਸ ਲਈ ਬਣੀ ਹੋਈ ਹੈ ਕਿਉਂਕਿ PCB (ਪੀ.ਸੀ.ਬੀ.) ਨੇ ਬੰਗਲਾਦੇਸ਼ ਦੀ ਮੰਗ ਖਾਰਜ ਹੋਣ ਤੋਂ ਬਾਅਦ ਉਨ੍ਹਾਂ ਦਾ ਸਮਰਥਨ ਕੀਤਾ ਹੈ। ਬੰਗਲਾਦੇਸ਼ ਨੇ ਭਾਰਤ ਵਿੱਚ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਮੈਚ ਭਾਰਤ ਤੋਂ ਬਾਹਰ ਸ਼ਿਫਟ ਕਰਨ ਦੀ ਮੰਗ ਕੀਤੀ ਸੀ, ਪਰ ICC ਨੇ ਉਨ੍ਹਾਂ ਦੀ ਇੱਕ ਨਾ ਸੁਣੀ ਅਤੇ ਉਨ੍ਹਾਂ ਦੀ ਜਗ੍ਹਾ ਸਕਾਟਲੈਂਡ ਨੂੰ ਸ਼ਾਮਲ ਕਰ ਲਿਆ। ਪੀ.ਸੀ.ਬੀ. ਦੇ ਚੇਅਰਮੈਨ ਮੋਹਸਿਨ ਨਕਵੀ ਨੇ ਇਸ ਮੁੱਦੇ ਨੂੰ ਲੈ ਕੇ ਆਈ.ਸੀ.ਸੀ. ਦੀ ਸਖ਼ਤ ਆਲੋਚਨਾ ਵੀ ਕੀਤੀ ਹੈ।
ਅੰਤਿਮ ਫੈਸਲਾ ਲਵੇਗੀ ਪਾਕਿਸਤਾਨ ਸਰਕਾਰ
ਸੂਤਰਾਂ ਅਨੁਸਾਰ, ਨਕਵੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਾਲ ਵੀ ਮੁਲਾਕਾਤ ਕੀਤੀ ਹੈ ਤਾਂ ਜੋ ਸਰਕਾਰ ਦੀ ਰਾਏ ਲੈ ਕੇ ਫੈਸਲਾ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਨੇ ਪੀ.ਸੀ.ਬੀ. ਨੂੰ ਇਹ ਸਲਾਹ ਦਿੱਤੀ ਹੈ ਕਿ ਬੰਗਲਾਦੇਸ਼ ਦਾ ਸਮਰਥਨ ਕਰਨਾ ਠੀਕ ਹੈ, ਪਰ ਟੂਰਨਾਮੈਂਟ ਦਾ ਬਾਈਕਾਟ ਕਰਨਾ ਭਾਰੀ ਆਰਥਿਕ ਅਤੇ ਸਿਆਸੀ ਨੁਕਸਾਨ ਪਹੁੰਚਾ ਸਕਦਾ ਹੈ, ਇਸ ਲਈ ਬਾਕੀ ਵਿਕਲਪ ਵੀ ਤਲਾਸ਼ੇ ਜਾਣ।
ਪਾਕਿਸਤਾਨ ਦੇ ਇਸ ਰਵੱਈਏ ਤੋਂ ਕ੍ਰਿਕਟ ਮਾਹਿਰ ਅਤੇ ਸਾਬਕਾ ਖਿਡਾਰੀ ਵੀ ਚਿੰਤਤ ਹਨ। ਜੇਕਰ ਪੀ.ਸੀ.ਬੀ. ਭਾਰਤ ਖ਼ਿਲਾਫ਼ 15 ਫਰਵਰੀ ਨੂੰ ਹੋਣ ਵਾਲੇ ਮਹਾ-ਮੁਕਾਬਲੇ ਦਾ ਬਾਈਕਾਟ ਕਰਦਾ ਹੈ, ਤਾਂ ਉਨ੍ਹਾਂ ਨੂੰ ਭਾਰੀ ਵਿੱਤੀ ਨੁਕਸਾਨ ਅਤੇ ਸੰਭਾਵਿਤ ਕਾਨੂੰਨੀ ਜ਼ਿੰਮੇਵਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬ੍ਰੌਡਕਾਸਟ ਅਤੇ ਸਪਾਂਸਰਸ਼ਿਪ ਦਾ ਵੀ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਵਿਸ਼ਵ ਕੱਪ ਵਿੱਚ ਸ਼ਮੂਲੀਅਤ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਦੇ ਬਾਵਜੂਦ, ਪਾਕਿਸਤਾਨੀ ਟੀਮ ਨੇ ਆਸਟ੍ਰੇਲੀਆਈ ਟੀਮ ਦੇ ਨਾਲ ਲਾਹੌਰ ਤੋਂ 'ਏਅਰ ਲੰਕਾ' ਦੀ ਫਲਾਈਟ ਰਾਹੀਂ ਕੋਲੰਬੋ ਲਈ ਉਡਾਣ ਭਰਨ ਦੀ ਬੁਕਿੰਗ ਕਰਵਾ ਲਈ ਹੈ। ਉਮੀਦ ਹੈ ਕਿ ਸ਼ੁੱਕਰਵਾਰ ਤੱਕ ਪੀ.ਸੀ.ਬੀ. ਮੁਖੀ ਮੋਹਸਿਨ ਨਕਵੀ ਟੀਮ ਦੀ ਵਿਸ਼ਵ ਕੱਪ ਵਿੱਚ ਸ਼ਮੂਲੀਅਤ ਨੂੰ ਮਨਜ਼ੂਰੀ ਦੇ ਦੇਣਗੇ।