ਇਮਰਾਨ ਖ਼ਾਨ ਦੇ ਪੁੱਤਰਾਂ ਦੀ ਇੰਟਰਵਿਊ 'ਤੇ ਭੜਕਿਆ ਪਾਕਿਸਤਾਨ, ਵਿਰੋਧ ਜਤਾ ਕੇ ਖੇਡਣ ਉੱਤਰੀ ਟੀਮ; PCB ਨੇ ਸਕਾਈ ਸਪੋਰਟਸ ਨੂੰ ਭੇਜੀ ਰਸਮੀ ਸ਼ਿਕਾਇਤ
ਸਕਾਈ ਸਪੋਰਟਸ ਨੇ ਇਸ ਟੈਸਟ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਇਸ ਦੌਰਾਨ ਇਮਰਾਨ ਦੇ ਪੁੱਤਰਾਂ ਦੇ ਪ੍ਰੀ-ਰਿਕਾਰਡ ਕੀਤੇ ਇੰਟਰਵਿਊ ਚਲਾਉਣਗੇ। ਪੀਸੀਬੀ ਨੇ ਬੁੱਧਵਾਰ ਨੂੰ ਹੀ ਇਸ ’ਤੇ ਇਤਰਾਜ਼ ਜਤਾਇਆ ਸੀ
Publish Date: Sat, 29 Aug 2026 11:29 AM (IST)
Updated Date: Sat, 29 Aug 2026 11:35 AM (IST)
ਕਰਾਚੀ, ਪੀਟੀਆਈ : ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਲਾਰਡਜ਼ ਟੈਸਟ ਦੇ ਪਹਿਲੇ ਦਿਨ ਸਕਾਈ ਸਪੋਰਟਸ ਦੇ ਇਕ ਫੈਸਲੇ ਤੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨਾਰਾਜ਼ ਹੈ ਤੇ ਦੁਪਹਿਰ ਦੇ ਖਾਣੇ ਤੋਂ ਬਾਅਦ ਆਪਣੇ ਕ੍ਰਿਕਟਰਾਂ ਨੂੰ ਮੈਦਾਨ ’ਤੇ ਨਾ ਭੇਜਣ ਦੇ ਵਿਕਲਪ ’ਤੇ ਵਿਚਾਰ ਕੀਤਾ। ਦਰਅਸਲ, ਇਸ ਟੈਸਟ ਦੇ ਲੰਚ ਟਾਈਮ ਦੌਰਾਨ ਸਕਾਈ ਸਪੋਰਟਸ ਨੇ ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁੱਤਰਾਂ ਕਾਸਿਮ ਤੇ ਸੁਲੇਮਾਨ ਦਾ ਇੰਟਰਵਿਊ ਪ੍ਰਸਾਰਿਤ ਕੀਤਾ ਸੀ ਤੇ ਪੀਸੀਬੀ ਨੇ ਇਸ 'ਤੇ ਸਖ਼ਤ ਨਾਰਾਜ਼ਗੀ ਜਤਾਈ ਸੀ।
ਸੰਪਰਕ ਕਰਨ ’ਤੇ ਪੀਸੀਬੀ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਮਾਮਲੇ ਤੋਂ ਜਾਣੂ ਇਕ ਸੂਤਰ ਨੇ ਕਿਹਾ ਕਿ ਪੀਸੀਬੀ ਨੇ ਇਸ ਮੁੱਦੇ ’ਤੇ ਸਕਾਈ ਸਪੋਰਟਸ ਨੂੰ ਰਸਮੀ ਸ਼ਿਕਾਇਤ ਭੇਜ ਦਿੱਤੀ ਹੈ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕ ਐਥਰਟਨ ਵੱਲੋਂ 18 ਮਿੰਟ ਦੇ ਇਸ ਇੰਟਰਵਿਊ ’ਚ ਇਮਰਾਨ ਦੇ ਦੋਵੇਂ ਪੁੱਤਰਾਂ ਨੇ ਜੇਲ੍ਹ ’ਚ ਬੰਦ ਆਪਣੇ 73 ਸਾਲਾ ਪਿਤਾ ਦੀ ਸਿਹਤ ਬਾਰੇ ਚਿੰਤਾ ਪ੍ਰਗਟਾਈ। ਦਰਅਸਲ ਸਕਾਈ ਸਪੋਰਟਸ ਨੇ ਇਸ ਟੈਸਟ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਇਸ ਦੌਰਾਨ ਇਮਰਾਨ ਦੇ ਪੁੱਤਰਾਂ ਦੇ ਪ੍ਰੀ-ਰਿਕਾਰਡ ਕੀਤੇ ਇੰਟਰਵਿਊ ਚਲਾਉਣਗੇ। ਪੀਸੀਬੀ ਨੇ ਬੁੱਧਵਾਰ ਨੂੰ ਹੀ ਇਸ ’ਤੇ ਇਤਰਾਜ਼ ਜਤਾਇਆ ਸੀ ਤੇ ਇਸ ਗੱਲ ’ਤੇ ਵੀ ਵਿਚਾਰ ਕੀਤਾ ਸੀ ਕਿ ਜੇਕਰ ਸਕਾਈ ਨੇ ਇਹ ਇੰਟਰਵਿਊ ਚਲਾਇਆ ਤਾਂ ਉਹ ਲੰਚ ਬ੍ਰੇਕ ਤੋਂ ਬਾਅਦ ਆਪਣੇ ਖਿਡਾਰੀਆਂ ਨੂੰ ਮੈਦਾਨ ’ਤੇ ਨਹੀਂ ਭੇਜਣਗੇ। ਹਾਲਾਂਕਿ ਮੁਲਾਕਾਤਾਂ ਦੇ ਚੱਲਦਿਆਂ ਵੀ ਪਾਕਿਸਤਾਨੀ ਟੀਮ ਲੰਚ ਬ੍ਰੇਕ ਤੋਂ ਬਾਅਦ ਮੈਦਾਨ ’ਤੇ ਉਤਰੀ ਤੇ ਪਹਿਲੇ ਦਿਨ ਦੀ ਖੇਡ ਬਿਨਾਂ ਕਿਸੇ ਵਿਵਾਦ ਦੇ ਸਮਾਪਤ ਹੋ ਗਈ।
ਇਮਰਾਨ ਦੇ ਸਮਰਥਨ 'ਚ ਆਏ ਕ੍ਰਿਕਟਰ ਇਮਰਾਨ ਖਾਨ ਨਾਲ ਪਾਕਿਸਤਾਨੀ ਸਰਕਾਰ ਦੇ ਵਤੀਰੇ ਦੀ ਅੰਤਰਰਾਸ਼ਟਰੀ ਪੱਧਰ ’ਤੇ ਲਗਾਤਾਰ ਆਲੋਚਨਾ ਹੋ ਰਹੀ ਹੈ। ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਪੈਟ ਕਮਿੰਸ ਨੇ ਵੀ ਇਸ ਮਾਮਲੇ ’ਤੇ ਐਕਸ 'ਤੇ ਪੋਸਟ ਕੀਤਾ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਗ੍ਰੇਗ ਚੈਪਲ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, ‘‘ਮੈਂ ਇਮਰਾਨ ਦਾ ਸਮਰਥਨ ਕਰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਜਾ ਰਹੀ ਡਾਕਟਰੀ ਜਾਂਚ ਉਸ ਦੀ ਪ੍ਰਕਿਰਿਆ ਅਨੁਸਾਰ ਪੂਰੀ ਹੋਵੇਗੀ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਰਹੇਗਾ। ਮੈਨੂੰ ਉਮੀਦ ਹੈ ਕਿ ਇਮਰਾਨ ਖਾਨ ਨੂੰ ਉਹ ਸਨਮਾਨ ਦਿੱਤਾ ਜਾਵੇਗਾ, ਜਿਸ ਦਾ ਉਹ ਹੱਕਦਾਰ ਹੈ।’’ ਐਥਰਟਨ, ਚੈਪਲ ਤੇ ਸੁਨੀਲ ਗਾਵਸਕਰ ਸਮੇਤ 20 ਹੋਰ ਸਾਬਕਾ ਕਪਤਾਨਾਂ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਪੱਤਰ ਭੇਜ ਕੇ ਇਮਰਾਨ ਲਈ ਢੁੱਕਵੀਂ ਡਾਕਟਰੀ ਦੇਖਭਾਲ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ।