- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੁੱਧਵਾਰ ਨੂੰ ‘ਜਾਗਰਣ ਗਰੁੱਪ’ ਨਾਲ ਗੱਲਬਾਤ ਕਰਦਿਆਂ ਸੈਂਟਨਰ ਨੇ ਕਿਹਾ ਕਿ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੀਮਤ ਓਵਰਾਂ ਦੇ 10 ਮੁਕਾਬਲੇ 20 ਦਿਨਾਂ ਅੰਦਰ ਹੋਣਗੇ। ਇਸ ਲਈ ਖਿਡਾਰੀਆਂ ਨੂੰ ਤਰੋਤਾਜ਼ਾ ਰੱਖਣਾ ਤੇ ਲੋੜ ਮੁਤਾਬਕ ਬਦਲਾਅ ਕਰਨਾ ਜ਼ਰੂਰੀ ਹੋਵੇਗਾ।

ਨਿਤਿਨ ਨਾਗਰ, ਜਾਗਰਣ, ਨਵੀਂ ਦਿੱਲੀ : ਭਾਰਤੀ ਟੀਮ 22 ਅਕਤੂਬਰ ਤੋਂ ਨਿਊਜ਼ੀਲੈਂਡ ਦੌਰੇ ਦੀ ਸ਼ੁਰੂਆਤ ਕਰੇਗੀ। ਦੌਰੇ ਦੀ ਸ਼ੁਰੂਆਤ ਪੰਜ ਮੈਚਾਂ ਦੀ ਟੀ-20 ਸੀਰੀਜ਼ ਨਾਲ ਹੋਵੇਗੀ। ਇਸ ਤੋਂ ਬਾਅਦ ਪੰਜ ਵਨਡੇ ਤੇ ਦੋ ਟੈਸਟ ਮੈਚ ਵੀ ਖੇਡੇ ਜਾਣਗੇ।
ਨਿਊਜ਼ੀਲੈਂਡ ਦੇ ਕਪਤਾਨ ਮਿਸ਼ੇਲ ਸੈਂਟਨਰ ਨੇ ਮੰਨਿਆ ਕਿ ਇੰਨੇ ਲੰਬੇ ਦੌਰੇ ਦੌਰਾਨ ਨਾ ਸਿਰਫ ਭਾਰਤ ਬਲਕਿ ਨਿਊਜ਼ੀਲੈਂਡ ਲਈ ਵੀ ਖਿਡਾਰੀਆਂ ਦਾ ਵਰਕਲੋਡ ਮੈਨੇਜਮੈਂਟ ਵੱਡੀ ਚੁਣੌਤੀ ਹੋਵੇਗਾ, ਅਜਿਹੇ ’ਚ ਖਿਡਾਰੀਆਂ ਨੂੰ ਫਿੱਟ ਰੱਖਣਾ ਅਹਿਮ ਹੋਵੇਗਾ।
ਸੈਂਟਨਰ ਨੇ ਮੰਨਿਆ ਕਿ ਭਾਰਤ ਆਪਣੇ ਘਰੇਲੂ ਹਾਲਾਤ ’ਚ ਬੇਹੱਦ ਮਜ਼ਬੂਤ ਹੈ, ਪਰ ਨਿਊਜ਼ੀਲੈਂਡ ਵੀ ਆਪਣੇ ਮੈਦਾਨਾਂ ਤੇ ਉੱਥੋਂ ਦੇ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਨ੍ਹਾਂ ਕਿਹਾ, “ਅਸੀਂ ਇਸ ਦਾ ਲਾਹਾ ਲੈ ਕੇ ਮੇਜ਼ਬਾਨ ਟੀਮ ਨੂੰ ਸਖ਼ਤ ਚੁਣੌਤੀ ਦੇਵਾਂਗੇ।”
ਬੁੱਧਵਾਰ ਨੂੰ ‘ਜਾਗਰਣ ਗਰੁੱਪ’ ਨਾਲ ਗੱਲਬਾਤ ਕਰਦਿਆਂ ਸੈਂਟਨਰ ਨੇ ਕਿਹਾ ਕਿ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੀਮਤ ਓਵਰਾਂ ਦੇ 10 ਮੁਕਾਬਲੇ 20 ਦਿਨਾਂ ਅੰਦਰ ਹੋਣਗੇ। ਇਸ ਲਈ ਖਿਡਾਰੀਆਂ ਨੂੰ ਤਰੋਤਾਜ਼ਾ ਰੱਖਣਾ ਤੇ ਲੋੜ ਮੁਤਾਬਕ ਬਦਲਾਅ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ, “ਅਸੀਂ ਸੀਰੀਜ਼ ਦੀ ਸ਼ੁਰੂਆਤ ਜ਼ੋਰਦਾਰ ਢੰਗ ਨਾਲ ਕਰਨਾ ਚਾਹੁੰਦੇ ਹਾਂ, ਪਰ ਖਿਡਾਰੀਆਂ ਦੀ ਹਾਲਤ ’ਤੇ ਨਜ਼ਰ ਰੱਖਣੀ ਪਵੇਗੀ। ਜੇਕਰ ਥਕਾਵਟ ਮਹਿਸੂਸ ਹੋਈ ਤਾਂ ਛੁੱਟੀ ਦੇ ਦਿਨ ਅਹਿਮ ਹੋ ਜਾਣਗੇ। ਵਨਡੇ ਮੈਚਾਂ ਦੌਰਾਨ ਸਫ਼ਰ ਤੇ ਅਭਿਆਸ ਕਾਰਨ ਵੀ ਥਕਾਵਟ ਵਧ ਸਕਦੀ ਹੈ।”
ਸੈਂਟਨਰ ਨੇ ਦੱਸਿਆ ਕਿ ਨਿਊਜ਼ੀਲੈਂਡ ਨੇ ਆਖ਼ਰੀ ਦੋ ਵਨਡੇ ਮੈਚਾਂ ਲਈ ਟੀਮ ’ਚ ਬਦਲਾਅ ਕੀਤੇ ਹਨ ਤਾਂ ਜੋ ਖਿਡਾਰੀਆਂ ਨੂੰ ਦੋ ਟੈਸਟ ਮੈਚਾਂ ਦੀ ਤਿਆਰੀ ਲਈ ਕਾਫ਼ੀ ਸਮਾਂ ਮਿਲ ਸਕੇ। ਉਨ੍ਹਾਂ ਕਿਹਾ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਅੰਕ ਦੋਵਾਂ ਟੀਮਾਂ ਲਈ ਅਹਿਮ ਹਨ।
ਭੁਵਨੇਸ਼ਵਰ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੋਵੇਗਾ
ਚਾਰ ਸਾਲ ਬਾਅਦ ਟੀ-20 ਕ੍ਰਿਕਟ ’ਚ ਵਾਪਸੀ ਕਰ ਰਹੇ ਭੁਵਨੇਸ਼ਵਰ ਕੁਮਾਰ ਬਾਰੇ ਸੈਂਟਨਰ ਨੇ ਕਿਹਾ ਕਿ ਇਹ ਭਾਰਤੀ ਟੀਮ ਲਈ ਚੰਗੀ ਚੋਣ ਹੈ। ਉਨ੍ਹਾਂ ਕਿਹਾ, “ਮੈਂ ਪਿਛਲੇ ਕੁਝ ਸਾਲਾਂ ਦੌਰਾਨ ਆਈਪੀਐੱਲ ’ਚ ਉਨ੍ਹਾਂ ਨੂੰ ਸ਼ਾਨਦਾਰ ਗੇਂਦਬਾਜ਼ੀ ਕਰਦੇ ਦੇਖਿਆ ਹੈ। ਉਨ੍ਹਾਂ ਦੀ ਗੇਂਦ ਸਵਿੰਗ ਕਰਦੀ ਹੈ ਅਤੇ ਸੀਮ ਮੂਵਮੈਂਟ ਵੀ ਹਾਸਲ ਕਰਦੀ ਹੈ। ਜੇਕਰ ਸ਼ੁਰੂਆਤ ’ਚ ਗੇਂਦ ਹਿਲਦੀ ਹੈ ਤਾਂ ਉਹ ਸਾਡੇ ਬੱਲੇਬਾਜ਼ਾਂ ਲਈ ਚੁਣੌਤੀ ਬਣ ਸਕਦੇ ਹਨ।”
ਸੈਂਟਨਰ ਮੁਤਾਬਕ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਤੈਅ ਕਰਨਾ ਪਵੇਗਾ ਕਿ ਭੁਵਨੇਸ਼ਵਰ ਦੀਆਂ ਗੇਂਦਾਂ ਨੂੰ ਸੰਭਲ ਕੇ ਖੇਡਣਾ ਹੈ ਜਾਂ ਹਮਲਾਵਰ ਰੁਖ਼ ਅਪਣਾ ਕੇ ਉਨ੍ਹਾਂ ’ਤੇ ਦਬਾਅ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕ੍ਰਾਈਸਟਚਰਚ ’ਚ ਗੇਂਦ ਨੂੰ ਮੂਵਮੈਂਟ ਮਿਲ ਸਕਦੀ ਹੈ, ਜਦਕਿ ਆਕਲੈਂਡ ਦੇ ਈਡਨ ਪਾਰਕ ’ਚ ਉਛਾਲ ਅਤੇ ਸੀਮ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਹੋਰ ਮੈਦਾਨਾਂ ’ਤੇ ਵੀ ਹਾਲਾਤ ਮੁਤਾਬਕ ਰਣਨੀਤੀ ਬਣਾਉਣੀ ਪਵੇਗੀ।
ਰੋਹਿਤ-ਕੋਹਲੀ ਲਈ ਪ੍ਰਸ਼ੰਸਕ ਹੋਣਗੇ ਉਤਸ਼ਾਹਿਤ
ਇਹ ਪੁੱਛੇ ਜਾਣ ’ਤੇ ਕਿ ਕੀ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਸੰਭਾਵੀ ਆਖ਼ਰੀ ਨਿਊਜ਼ੀਲੈਂਡ ਦੌਰੇ ਨੂੰ ਲੈ ਕੇ ਪ੍ਰਸ਼ੰਸਕਾਂ ’ਚ ਖ਼ਾਸ ਉਤਸ਼ਾਹ ਹੈ, ਸੈਂਟਨਰ ਨੇ ਕਿਹਾ ਕਿ ਦੋਵਾਂ ਖਿਡਾਰੀਆਂ ਨੇ ਲੰਬੇ ਸਮੇਂ ਤੱਕ ਭਾਰਤੀ ਕ੍ਰਿਕਟ ’ਚ ਸ਼ਾਨਦਾਰ ਯੋਗਦਾਨ ਪਾਇਆ ਹੈ। ਇਸ ਲਈ ਪ੍ਰਸ਼ੰਸਕਾਂ ਲਈ ਉਨ੍ਹਾਂ ਨੂੰ ਨਿਊਜ਼ੀਲੈਂਡ ’ਚ ਖੇਡਦਿਆਂ ਦੇਖਣਾ ਖ਼ਾਸ ਹੋਵੇਗਾ। ਉਨ੍ਹਾਂ ਕਿਹਾ, “ਭਾਰਤ ਵਿਰੁੱਧ ਖੇਡਣਾ ਹਮੇਸ਼ਾ ਚੰਗਾ ਤਜਰਬਾ ਰਿਹਾ ਹੈ। ਪ੍ਰਸ਼ੰਸਕ ਇਨ੍ਹਾਂ ਮੁਕਾਬਲਿਆਂ ਦਾ ਆਨੰਦ ਮਾਣਦੇ ਹਨ। ਹਰ ਖਿਡਾਰੀ ਸਰਬੋਤਮ ਟੀਮਾਂ ਵਿਰੁੱਧ ਆਪਣੀ ਸਮਰੱਥਾ ਪਰਖਣਾ ਚਾਹੁੰਦਾ ਹੈ। ਭਾਰਤ ਵਰਗੀ ਮਜ਼ਬੂਤ ਟੀਮ ਵਿਰੁੱਧ ਤਿੰਨਾਂ ਫਾਰਮੈਟਾਂ ’ਚ ਖੇਡਣਾ ਸਾਡੇ ਲਈ ਸ਼ਾਨਦਾਰ ਮੌਕਾ ਹੈ।” ਭਾਰਤ ਤੇ ਨਿਊਜ਼ੀਲੈਂਡ ਸੀਰੀਜ਼ ਦਾ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ ’ਤੇ ਹੋਵੇਗਾ।