ਪਾਕਿਸਤਾਨੀ ਕ੍ਰਿਕੇਟ 'ਚ ਨਵਾਂ ਵਿਵਾਦ : PCB ਨੇ ਕੁਝ ਖਿਡਾਰੀਆਂ ਦੇ ਫ਼ੋਨ ਲਏ ਕਬਜ਼ੇ 'ਚ; ਮਾਮਲੇ ਦੀ ਜਾਂਚ ਜਾਰੀ
ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿਚਕਾਰ ਪਾਕਿਸਤਾਨ ਕ੍ਰਿਕਟ ’ਚ ਇੱਕ ਹੋਰ ਵੱਡਾ ਵਿਵਾਦ ਸਾਹਮਣੇ ਆਇਆ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪੁਰਸ਼ ਟੀਮ ਦੇ ਕੁਝ ਖਿਡਾਰੀਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ
Publish Date: Sun, 06 Sep 2026 11:13 AM (IST)
Updated Date: Sun, 06 Sep 2026 11:19 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਿਚਕਾਰ ਪਾਕਿਸਤਾਨ ਕ੍ਰਿਕਟ ’ਚ ਇੱਕ ਹੋਰ ਵੱਡਾ ਵਿਵਾਦ ਸਾਹਮਣੇ ਆਇਆ ਹੈ। ਇਕ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪੁਰਸ਼ ਟੀਮ ਦੇ ਕੁਝ ਖਿਡਾਰੀਆਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ। ਪਾਕਿਸਤਾਨੀ ਨਿਊਜ਼ ਚੈਨਲ 365 ਨਿਊਜ਼ ਮੁਤਾਬਕ ਬੋਰਡ ਕਿਸੇ ਮਾਮਲੇ ਦੀ ਜਾਂਚ ਕਰ ਰਿਹਾ ਹੈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਜਾਂਚ ਕਿਸ ਵਿਸ਼ੇ ’ਤੇ ਕੀਤੀ ਜਾ ਰਹੀ ਹੈ।
ਪੀਸੀਬੀ ਤੇ ਆਈਸੀਸੀ ਨੂੰ ਵਿਸ਼ੇਸ਼ ਸਥਿਤੀਆਂ ’ਚ ਖਿਡਾਰੀਆਂ ਦੇ ਫੋਨ ਜ਼ਬਤ ਕਰਨ ਦਾ ਅਧਿਕਾਰ ਹੈ। ਇਹ ਆਮ ਤੌਰ ’ਤੇ ਭ੍ਰਿਸ਼ਟਾਚਾਰ ਵਿਰੋਧੀ ਜਾਂਚਾਂ ਦੌਰਾਨ ਕੀਤਾ ਜਾਂਦਾ ਹੈ, ਜਿਸ ’ਚ ਡਿਲੀਟ ਕੀਤੇ ਸੁਨੇਹਿਆਂ ਜਾਂ ਸੱਟੇਬਾਜ਼ਾਂ ਨਾਲ ਸੰਭਾਵਿਤ ਸੰਪਰਕਾਂ ਦੀ ਜਾਂਚ ਕਰਨ ਲਈ ਫ਼ੋਨਾਂ ਤੋਂ ਡਾਟਾ ਕੱਢਿਆ ਜਾਂਦਾ ਹੈ। ਹਾਲਾਂਕਿ ਰਿਪੋਰਟ 'ਚ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕਿਸੇ ਖਿਡਾਰੀ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ। ਆਈਸੀਸੀ ਦੇ ਨਿਯਮਾਂ ਤਹਿਤ ਜਾਂਚ ’ਚ ਸਹਿਯੋਗ ਕਰਨਾ ਜ਼ਰੂਰੀ ਹੈ ਤੇ ਫ਼ੋਨ ਸੌਂਪਣ ਤੋਂ ਇਨਕਾਰ ਕਰਨਾ ਵੀ ਅਪਰਾਧ ਮੰਨਿਆ ਜਾ ਸਕਦਾ ਹੈ।
ਇੱਥੋਂ ਤੱਕ ਕਿ ਨਿਯਮਤ ਮੈਚਾਂ ’ਚ ਖਿਡਾਰੀਆਂ ਤੇ ਕੋਚਿੰਗ ਸਟਾਫ ਨੂੰ ਡਰੈਸਿੰਗ ਰੂਮ ਜਾਂ ਡਗਆਊਟ ’ਚ ਨਿੱਜੀ ਫੋਨ ਲੈ ਕੇ ਜਾਣ ਦੀ ਮਨਾਹੀ ਹੈ। ਐਮਰਜੈਂਸੀ ਦੀ ਸਥਿਤੀ ’ਚ ਟੀਮ ਡਾਕਟਰ ਜਾਂ ਮੈਨੇਜਰ ਵਰਗੇ ਕੁਝ ਅਧਿਕਾਰਤ ਲੋਕਾਂ ਨੂੰ ਹੀ ਫ਼ੋਨ ਰੱਖਣ ਦੀ ਇਜਾਜ਼ਤ ਹੈ। ਇਹ ਘਟਨਾ ਪਾਕਿਸਤਾਨ ਦੀ ਟੈਸਟ ਟੀਮ ’ਚ ਵੱਡੇ ਬਦਲਾਅ ਤੋਂ ਬਾਅਦ ਸਾਹਮਣੇ ਆਈ ਹੈ। ਪਹਿਲੇ 2 ਟੈਸਟ ਮੈਚਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਇਮਾਮ-ਉਲ-ਹੱਕ, ਮੁਹੰਮਦ ਰਿਜ਼ਵਾਨ, ਸਲਮਾਨ ਅਲੀ ਆਗਾ, ਅਲੀ ਉਸਮਾਨ, ਖੁਰਰਮ ਸ਼ਹਿਜ਼ਾਦ, ਆਮਿਰ ਜਮਾਲ ਅਤੇ ਮੁਹੰਮਦ ਅਵੈਸ ਜ਼ਫਰ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਰਿਪੋਰਟ ’'ਚ ਇਮਾਮ ਦੀ ਪਿੰਡਲੀ ਦੀ ਸੱਟ ’ਤੇ ਪੀਸੀਬੀ ਦੇ ਸ਼ੱਕ ਤੇ ਜਾਂਚ ਦਾ ਵੀ ਜ਼ਿਕਰ ਹੈ। ਇਸ ਦੇ ਨਾਲ ਹੀ ਡ੍ਰੈਸਿੰਗ ਰੂਮ ’ਚ ਰਿਜ਼ਵਾਨ ’ਤੇ ਕਥਿਤ ਪ੍ਰਭਾਵ ਨੂੰ ਲੈ ਕੇ ਬੋਰਡ ਦੀ ਨਾਰਾਜ਼ਗੀ ਸਾਹਮਣੇ ਆਈ ਹੈ। ਮੁੱਖ ਕੋਚ ਸਰਫਰਾਜ਼ ਅਹਿਮਦ ਤੇ ਗੇਂਦਬਾਜ਼ੀ ਕੋਚ ਉਮਰ ਗੁਲ ਨੂੰ ਵੀ ਵਾਪਸ ਭੇਜ ਦਿੱਤਾ ਗਿਆ ਹੈ, ਜਦਕਿ ਸਫੈਦ ਗੇਂਦ ਵਾਲੇ ਕੋਚ ਮਾਈਕ ਹੇਸਨ ਨੂੰ ਅੰਤਿਮ ਟੈਸਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।