- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰੀਦਕੋਟ ਦੇ ਨਿਊ ਕੈਂਟ ਰੋਡ ਵਾਸੀ ਨੌਜਵਾਨ ਆਲਰਾਊਂਡਰ ਨਮਨ ਧੀਰ ਨੇ ਕ੍ਰਿਕਟ ਦੀ ਦੁਨੀਆ 'ਚ ਇੱਕ ਹੋਰ ਵੱਡੀ ਪੁਲਾਂਘ ਪੁੱਟੀ ਹੈ। 26 ਸਾਲਾ ਨਮਨ ਧੀਰ ਨੂੰ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੀ ਘਰੇਲੂ ਵਨਡੇ ਸੀਰੀਜ਼ ਲਈ ਐਲਾਨੀ ਗਈ ਟੀਮ ਵਿੱਚ ਨਮਨ ਦਾ ਨਾਮ ਸ਼ਾਮਲ ਕੀਤਾ ਗਿਆ ਹੈ।

ਸ਼ਿਵ ਕੁਮਾਰ ਸ਼ਰਮਾ, ਫਰੀਦਕੋਟ : ਫਰੀਦਕੋਟ ਦੇ ਨਿਊ ਕੈਂਟ ਰੋਡ ਵਾਸੀ ਨੌਜਵਾਨ ਆਲਰਾਊਂਡਰ ਨਮਨ ਧੀਰ ਨੇ ਕ੍ਰਿਕਟ ਦੀ ਦੁਨੀਆ 'ਚ ਇੱਕ ਹੋਰ ਵੱਡੀ ਪੁਲਾਂਘ ਪੁੱਟੀ ਹੈ। 26 ਸਾਲਾ ਨਮਨ ਧੀਰ ਨੂੰ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੀ ਘਰੇਲੂ ਵਨਡੇ ਸੀਰੀਜ਼ ਲਈ ਐਲਾਨੀ ਗਈ ਟੀਮ ਵਿੱਚ ਨਮਨ ਦਾ ਨਾਮ ਸ਼ਾਮਲ ਕੀਤਾ ਗਿਆ ਹੈ। ਹਮਲਾਵਰ ਬੱਲੇਬਾਜ਼ੀ ਦੇ ਨਾਲ ਆਫ਼-ਬ੍ਰੇਕ ਗੇਂਦਬਾਜ਼ੀ ਕਰਨ ਵਾਲੇ ਨਮਨ ਲੰਬੇ ਸਮੇਂ ਤੋਂ ਇੰਡੀਆ-ਏ ਦਾ ਹਿੱਸਾ ਰਹੇ ਹਨ ਅਤੇ ਆਈਪੀਐਲ ਵਿੱਚ ਮੁੰਬਈ ਇੰਡੀਅਨਜ਼ ਵੱਲੋਂ ਵੀ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕੇ ਹਨ।
37 ਗੇਂਦਾਂ 'ਚ ਜੜਿਆ ਸੈਂਕੜਾ
ਨਮਨ ਧੀਰ ਨੇ ਹਾਲ ਹੀ ਵਿੱਚ ਸਮਾਪਤ ਹੋਏ ਸ਼ੇਰ-ਏ-ਪੰਜਾਬ ਟੀ-20 ਟੂਰਨਾਮੈਂਟ ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਭ ਦਾ ਧਿਆਨ ਖਿੱਚਿਆ। ਅੰਮ੍ਰਿਤਸਰ ਸੂਰਮਾਜ਼ ਵੱਲੋਂ ਖੇਡਦਿਆਂ 8 ਸਤੰਬਰ 2026 ਨੂੰ ਮੋਹਾਲੀ ਕਿੰਗਜ਼ ਖ਼ਿਲਾਫ਼ ਉਨ੍ਹਾਂ ਨੇ ਸਿਰਫ਼ 64 ਗੇਂਦਾਂ 'ਤੇ 173 ਦੌੜਾਂ ਦੀ ਯਾਦਗਾਰ ਪਾਰੀ ਖੇਡੀ। ਨਮਨ ਨੇ ਮਹਿਜ਼ 37 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਸ ਪਾਰੀ ਦੌਰਾਨ ਉਨ੍ਹਾਂ ਨੇ 16 ਚੌਕੇ ਅਤੇ 12 ਛੱਕੇ ਲਗਾਏ। ਉਨ੍ਹਾਂ ਦਾ ਸਟ੍ਰਾਈਕ ਰੇਟ 270.31 ਰਿਹਾ।
ਇਸ ਸ਼ਾਨਦਾਰ ਪ੍ਰਦਰਸ਼ਨ ਲਈ ਨਮਨ ਧੀਰ ਨੂੰ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਵੀ ਚੁਣਿਆ ਗਿਆ। ਇਸ ਧਮਾਕੇਦਾਰ ਪ੍ਰਦਰਸ਼ਨ ਤੋਂ ਬਾਅਦ ਟੀਮ ਇੰਡੀਆ ਵਿੱਚ ਉਨ੍ਹਾਂ ਦੀ ਚੋਣ ਨੂੰ ਉਨ੍ਹਾਂ ਦੇ ਕਰੀਅਰ ਦੀ ਵੱਡੀ ਉਪਲਬਧੀ ਮੰਨਿਆ ਜਾ ਰਿਹਾ ਹੈ।
ਪੰਜਾਬ ਨੂੰ ਸਈਦ ਮੁਸ਼ਤਾਕ ਅਲੀ ਟਰਾਫੀ ਜਿਤਾਉਣ 'ਚ ਨਿਭਾਈ ਅਹਿਮ ਭੂਮਿਕਾ
ਨਮਨ ਦੇ ਪਿਤਾ ਨਰੇਸ਼ ਧੀਰ ਅਤੇ ਸਹਾਇਕ ਕੋਚ ਅਰੁਣ ਦੇਵਗਨ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਨਮਨ ਦੀ ਮਿਹਨਤ ਨੂੰ ਹੁਣ ਵੱਡਾ ਮੰਚ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਨਮਨ ਪੰਜਾਬ ਦੇ ਉਨ੍ਹਾਂ ਪ੍ਰਮੁੱਖ ਆਲਰਾਊਂਡਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ 2023-24 ਵਿੱਚ ਪੰਜਾਬ ਨੂੰ ਸਈਦ ਮੁਸ਼ਤਾਕ ਅਲੀ ਟਰਾਫੀ ਜਿਤਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਇਸ ਤੋਂ ਬਾਅਦ ਵੀ ਨਮਨ ਨੇ ਘਰੇਲੂ ਕ੍ਰਿਕਟ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ।
20 ਲੱਖ ਤੋਂ 5.25 ਕਰੋੜ ਤੱਕ ਪਹੁੰਚਿਆ ਆਈਪੀਐਲ ਸਫ਼ਰ
ਨਮਨ ਧੀਰ ਦਾ ਆਈਪੀਐਲ ਸਫ਼ਰ ਵੀ ਕਾਫ਼ੀ ਦਿਲਚਸਪ ਰਿਹਾ ਹੈ। 2024 ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਨਾ ਕਰ ਸਕਣ ਤੋਂ ਬਾਅਦ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਸੀ। ਪਰ 2025 ਦੀ ਨੀਲਾਮੀ ਵਿੱਚ ਫ੍ਰੈਂਚਾਈਜ਼ੀ ਨੇ ਰਾਈਟ ਟੂ ਮੈਚ ਦੇ ਜ਼ਰੀਏ 5.25 ਕਰੋੜ ਰੁਪਏ ਵਿੱਚ ਉਨ੍ਹਾਂ ਨੂੰ ਮੁੜ ਟੀਮ ਵਿੱਚ ਸ਼ਾਮਲ ਕਰ ਲਿਆ।
20 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ਤੋਂ 5.25 ਕਰੋੜ ਰੁਪਏ ਤੱਕ ਦਾ ਸਫ਼ਰ ਨਮਨ ਦੀ ਵਧਦੀ ਪਛਾਣ ਨੂੰ ਦਰਸਾਉਂਦਾ ਹੈ। 2025 ਵਿੱਚ ਮੁੰਬਈ ਇੰਡੀਅਨਜ਼ ਨੇ ਉਨ੍ਹਾਂ ਨੂੰ ਸਾਰੇ 16 ਮੈਚਾਂ ਵਿੱਚ ਮੌਕਾ ਦਿੱਤਾ ਅਤੇ ਉਹ ਟੀਮ ਵੱਲੋਂ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ।
ਬਚਪਨ ਤੋਂ ਹੀ ਸੀ ਕ੍ਰਿਕਟ ਦਾ ਜਨੂੰਨ
ਨਮਨ ਦੇ ਪਿਤਾ ਨਰੇਸ਼ ਧੀਰ ਨੇ ਦੱਸਿਆ ਕਿ ਨਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਖੇਡਣ ਦਾ ਸ਼ੌਕ ਸੀ। ਅੱਜ ਪੁੱਤਰ ਦੇ ਟੀਮ ਇੰਡੀਆ ਵਿੱਚ ਚੁਣੇ ਜਾਣ 'ਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਹਾਲਾਂਕਿ ਇਸ ਮੌਕੇ ਪਰਿਵਾਰ ਨੂੰ ਨਮਨ ਦੇ ਸ਼ੁਰੂਆਤੀ ਕੋਚ ਗਗਨ ਸੰਧੂ ਦੀ ਯਾਦ ਵੀ ਆ ਰਹੀ ਹੈ, ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ।
ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਗਗਨ ਸੰਧੂ ਅੱਜ ਉਨ੍ਹਾਂ ਦੇ ਵਿਚਕਾਰ ਹੁੰਦੇ ਤਾਂ ਆਪਣੇ ਸ਼ਾਗਿਰਦ ਨੂੰ ਭਾਰਤੀ ਟੀਮ ਦੀ ਜਰਸੀ ਪਹਿਨਦੇ ਦੇਖ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਹੁੰਦਾ। ਨਮਨ ਦੀ ਟੀਮ ਇੰਡੀਆ ਵਿੱਚ ਐਂਟਰੀ ਨੇ ਨਾ ਸਿਰਫ਼ ਉਨ੍ਹਾਂ ਦੇ ਪਰਿਵਾਰ, ਸਗੋਂ ਫਰੀਦਕੋਟ ਅਤੇ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਵਿੱਚ ਵੀ ਖੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਹੈ।