ਇਰਾਨੀ ਕੱਪ 'ਚ ਮੁਕੇਸ਼ ਕੁਮਾਰ ਤੇ ਆਕਾਸ਼ਦੀਪ ਦੀ ਸ਼ਾਨਦਾਰ ਗੇਂਦਬਾਜ਼ੀ, ਨਿਊਜ਼ੀਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਟੀਮ ਨੂੰ ਮਿਲੀ ਰਾਹਤ
ਉਸ ਨੇ ਦੂਜੀ ਪਾਰੀ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 33 ਦੌੜਾਂ ਦੇ ਕੇ 6 ਵਿਕਟਾਂ ਲੈ ਕੇ ਜੰਮੂ-ਕਸ਼ਮੀਰ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਲੰਬੇ ਸਮੇਂ ਬਾਅਦ ਪ੍ਰਤੀਯੋਗੀ ਕ੍ਰਿਕਟ 'ਚ ਵਾਪਸੀ ਕਰ ਰਹੇ ਆਕਾਸ਼ਦੀਪ (3/25) ਨੇ ਉਸ ਨੂੰ ਸ਼ਾਨਦਾਰ ਸਹਿਯੋਗ ਦਿੱਤਾ
Publish Date: Mon, 05 Oct 2026 11:13 AM (IST)
Updated Date: Mon, 05 Oct 2026 11:18 AM (IST)
ਅਭਿਸ਼ੇਕ ਤ੍ਰਿਪਾਠੀ, ਜਾਗਰਣ, ਨਵੀਂ ਦਿੱਲੀ : ਤੇਜ਼ ਗੇਂਦਬਾਜ਼ਾਂ ਦੀ ਸੱਟ ਤੇ ਫਿਟਨੈੱਸ ਨਾਲ ਜੂਝ ਰਹੀ ਭਾਰਤੀ ਟੈਸਟ ਟੀਮ ਲਈ ਇਰਾਨੀ ਕੱਪ ਤੋਂ ਚੰਗੀ ਖਬਰ ਆਈ ਹੈ। ਜੰਮੂ-ਕਸ਼ਮੀਰ ਖਿਲਾਫ ਖਿਤਾਬੀ ਮੈਚ 'ਚ ਮੁਕੇਸ਼ ਕੁਮਾਰ ਤੇ ਆਕਾਸ਼ਦੀਪ ਦੀ ਤਿੱਖੀ ਗੇਂਦਬਾਜ਼ੀ ਨੇ ਨਾ ਸਿਰਫ ਰੈਸਟ ਆਫ ਇੰਡੀਆ ਨੂੰ 167 ਦੌੜਾਂ ਨਾਲ ਹਰਾਇਆ ਸਗੋਂ ਨਿਊਜ਼ੀਲੈਂਡ ਖਿਲਾਫ ਆਗਾਮੀ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦੇ ਚੋਣਕਾਰਾਂ ਤੇ ਟੀਮ ਪ੍ਰਬੰਧਨ ਨੂੰ ਵੀ ਸੁੱਖ ਦਾ ਸਾਹ ਦਿੱਤਾ। ਦੋਵਾਂ ਤੇਜ਼ ਗੇਂਦਬਾਜ਼ਾਂ ਨੇ ਮਿਲ ਕੇ ਦੂਜੀ ਪਾਰੀ ’ਚ 9 ਵਿਕਟਾਂ ਲਈਆਂ, ਜਦਕਿ ਪੂਰੇ ਮੈਚ 'ਚ ਉਨ੍ਹਾਂ ਨੇ ਕੁੱਲ 14 ਵਿਕਟਾਂ ਝਟਕਾਈਆਂ।
ਮੁਕੇਸ਼ ਇਸ ਮੈਚ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਸ ਨੇ ਦੂਜੀ ਪਾਰੀ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ 33 ਦੌੜਾਂ ਦੇ ਕੇ 6 ਵਿਕਟਾਂ ਲੈ ਕੇ ਜੰਮੂ-ਕਸ਼ਮੀਰ ਦੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਲੰਬੇ ਸਮੇਂ ਬਾਅਦ ਪ੍ਰਤੀਯੋਗੀ ਕ੍ਰਿਕਟ 'ਚ ਵਾਪਸੀ ਕਰ ਰਹੇ ਆਕਾਸ਼ਦੀਪ (3/25) ਨੇ ਉਸ ਨੂੰ ਸ਼ਾਨਦਾਰ ਸਹਿਯੋਗ ਦਿੱਤਾ। ਆਕਾਸ਼ ਨੇ ਪੂਰੇ ਮੈਚ ’ਚ 6 ਵਿਕਟਾਂ ਲਈਆਂ ਤੇ 23.3 ਓਵਰਾਂ ਦੀ ਗੇਂਦਬਾਜ਼ੀ ਕੀਤੀ, ਜਿਸ ਨਾਲ ਉਸ ਦੀ ਫਿਟਨੈੱਸ ਤੇ ਮੈਚ ਦੇ ਕੰਮ ਦੇ ਬੋਝ ਬਾਰੇ ਸਾਕਾਰਾਤਮਕ ਸੰਕੇਤ ਮਿਲੇ। ਭਾਰਤੀ ਟੀਮ ਨੂੰ ਵੈਸਟਇੰਡੀਜ਼ ਸੀਰੀਜ਼ ਤੋਂ ਬਾਅਦ ਨਿਊਜ਼ੀਲੈਂਡ ਦਾ ਦੌਰਾ ਕਰਨਾ ਹੈ, ਜਿੱਥੇ ਟੀਮ ਨੂੰ ਪੰਜ ਟੀ-20, 5 ਵਨਡੇ ਤੇ 2 ਟੈਸਟ ਮੈਚ ਖੇਡਣੇ ਹਨ। ਅਜਿਹੇ 'ਚ ਟੈਸਟ ਟੀਮ ਲਈ ਤੇਜ਼ ਗੇਂਦਬਾਜ਼ੀ ਵਿਭਾਗ ਬਹੁਤ ਮਹੱਤਵਪੂਰਨ ਹੋਵੇਗਾ। ਭਾਰਤੀ ਟੀਮ ਪ੍ਰਬੰਧਨ ਨੇ ਇਰਾਨੀ ਕੱਪ 'ਚ ਦੋਵਾਂ ਗੇਂਦਬਾਜ਼ਾਂ ਦੇ ਪ੍ਰਦਰਸ਼ਨ ’ਤੇ ਨਜ਼ਰ ਰੱਖੀ ਸੀ, ਕਿਉਂਕਿ ਹਾਲ ਹੀ ਦੇ ਮਹੀਨਿਆਂ ’ਚ ਤੇਜ਼ ਗੇਂਦਬਾਜ਼ਾਂ ਦੀਆਂ ਸੱਟਾਂ ਟੀਮ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨਿਊਜ਼ੀਲੈਂਡ ਦੇ ਹਾਲਾਤਾਂ ’ਚ ਸਵਿੰਗ ਤੇ ਸੀਮ ਗੇਂਦਬਾਜ਼ੀ ਦੀ ਲੋੜ ਨੂੰ ਦੇਖਦੇ ਹੋਏ ਦੋਵਾਂ ਦਾ ਪ੍ਰਦਰਸ਼ਨ ਟੀਮ ਇੰਡੀਆ ਲਈ ਕਾਫੀ ਅਹਿਮ ਸਾਬਤ ਹੋ ਸਕਦਾ ਹੈ।
ਆਕਾਸ਼ਦੀਪ ਇੰਗਲੈਂਡ ਦੌਰੇ ’ਤੇ ਟੈਸਟ ਸੀਰੀਜ਼ ਖੇਡਣ ਤੋਂ ਬਾਅਦ ਸੱਟ ਕਾਰਨ ਮੈਦਾਨ ਤੋਂ ਦੂਰ ਸੀ। ਲਗਭਗ 7 ਮਹੀਨਿਆਂ ਦੇ ਲੰਬੇ ਵਕਫੇ ਤੋਂ ਬਾਅਦ ਉਹ ਪ੍ਰਤੀਯੋਗੀ ਕ੍ਰਿਕਟ ’ਚ ਵਾਪਸ ਪਰਤਿਆ ਤੇ ਇਰਾਨੀ ਕੱਪ ’ਚ ਉਸ ਨੇ ਆਪਣੀ ਫਿਟਨੈੱਸ ਦੇ ਨਾਲ-ਨਾਲ ਆਪਣੀ ਲੈਅ ਦਾ ਮਜ਼ਬੂਤ ਸਬੂਤ ਦਿੱਤਾ। ਦੂਜੇ ਪਾਸੇ ਬੰਗਾਲ ਦੇ ਮੁਕੇਸ਼ ਕੁਮਾਰ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੈਸਟ ਟੀਮ ਦਾ ਦਰਵਾਜ਼ਾ ਖੜਕਾਇਆ ਹੈ। ਜਸਪ੍ਰੀਤ ਬੁਮਰਾਹ ਵੀ ਸੱਟ ਤੋਂ ਉਭਰਨ ਤੋਂ ਬਾਅਦ ਵਾਪਸੀ ਕਰ ਚੁੱਕੇ ਹਨ ਪਰ ਫਿਲਹਾਲ ਉਨ੍ਹਾਂ ਦਾ ਇਸਤੇਮਾਲ ਸੀਮਤ ਫਾਰਮੈਟ 'ਚ ਕੀਤਾ ਜਾ ਰਿਹਾ ਹੈ। ਸੱਟ ਕਾਰਨ ਉਹ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ 'ਚ ਵੀ ਨਹੀਂ ਖੇਡ ਸਕੇ ਸਨ। ਹਰਸ਼ਿਤ ਰਾਣਾ ਇਸ ਸਮੇਂ ਸੈਂਟਰ ਆਫ ਐਕਸੀਲੈਂਸ 'ਚ ਰੀਹੈਬ ਕਰ ਰਿਹਾ ਹੈ, ਜਦਕਿ ਪ੍ਰਸਿਧ ਕ੍ਰਿਸ਼ਨ ਨੂੰ ਵੈਸਟਇੰਡੀਜ਼ ਖਿਲਾਫ ਦੂਜੇ ਵਨਡੇ 'ਚ ਸੱਟ ਲੱਗ ਗਈ ਸੀ ਤੇ ਉਨ੍ਹਾਂ ਦੀ ਹਾਲਤ 'ਤੇ ਫਿਲਹਾਲ ਸਪੱਸ਼ਟ ਅਪਡੇਟ ਦੀ ਉਡੀਕ ਕੀਤੀ ਜਾ ਰਹੀ ਹੈ।
ਅਜਿਹੇ 'ਚ ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਲਈ ਬੁਮਰਾਹ ਤੇ ਮੁਹੰਮਦ ਸਿਰਾਜ ਦੇ ਨਾਲ ਮੁਕੇਸ਼ ਕੁਮਾਰ ਤੇ ਆਕਾਸ਼ਦੀਪ ਮਜ਼ਬੂਤ ਬਦਲਾਅ ਬਣ ਕੇ ਸਾਹਮਣੇ ਆਏ ਹਨ। ਪ੍ਰਸਿਧ ਦੀ ਫਿਟਨੈੱਸ ਨੂੰ ਲੈ ਕੇ ਸਥਿਤੀ ਸਪੱਸ਼ਟ ਹੋਣ 'ਤੇ ਤਸਵੀਰ ਹੋਰ ਸਪੱਸ਼ਟ ਹੋ ਜਾਵੇਗੀ।