- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਨੇ ਸਈਦ ਮੁਸ਼ਤਾਕ ਅਲੀ ਟਰਾਫੀ ਐਲੀਟ 2026-27 ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਹਰਿਆਣਾ ਨੂੰ 4 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ਾਨਦਾਰ ਜੇਤੂ ਸ਼ੁਰੂਆਤ ਕੀਤੀ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਨੇ ਸਈਦ ਮੁਸ਼ਤਾਕ ਅਲੀ ਟਰਾਫੀ ਐਲੀਟ 2026-27 ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਹਰਿਆਣਾ ਨੂੰ 4 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਦੀ ਸ਼ਾਨਦਾਰ ਜੇਤੂ ਸ਼ੁਰੂਆਤ ਕੀਤੀ। ਡੇਲੀ ਕਾਲਜ, ਇੰਦੌਰ ਵਿਖੇ ਖੇਡੇ ਗਏ ਇਸ ਮੁਕਾਬਲੇ ਵਿੱਚ ਪੰਜਾਬ ਦੀ ਟੀਮ ਨੇ ਕਪਤਾਨ ਰਮਨਦੀਪ ਸਿੰਘ ਦੀ ਅਗਵਾਈ ਹੇਠ 191 ਦੌੜਾਂ ਦੇ ਟੀਚੇ ਨੂੰ 19.1 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪੰਜਾਬ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹਰਿਆਣਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਬਣਾਈਆਂ। ਹਰਿਆਣਾ ਵੱਲੋਂ ਦਿਨੇਸ਼ ਬਾਨਾ ਨੇ 20 ਗੇਂਦਾਂ ਵਿੱਚ 42 ਦੌੜਾਂ ਦੀ ਤੇਜ਼ ਪਾਰੀ ਖੇਡੀ, ਜਦਕਿ ਰਾਹੁਲ ਤੇਵਤੀਆ ਨੇ ਨਾਬਾਦ 35 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅੰਕਿਤ ਕੁਮਾਰ ਨੇ 28, ਯਸ਼ਵਰਧਨ ਦਲਾਲ ਨੇ 25 ਅਤੇ ਸਮੰਤ ਜਾਖੜ ਨੇ 24 ਦੌੜਾਂ ਦਾ ਯੋਗਦਾਨ ਪਾਇਆ।
ਪੰਜਾਬ ਵੱਲੋਂ ਹਰਪ੍ਰੀਤ ਬਰਾੜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 34 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਸੁਖਦੀਪ ਬਾਜਵਾ, ਸਨਵੀਰ ਸਿੰਘ, ਰਘੂ ਸ਼ਰਮਾ ਅਤੇ ਕਪਤਾਨ ਰਮਨਦੀਪ ਸਿੰਘ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।
ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਵੱਲੋਂ ਨੌਜਵਾਨ ਬੱਲੇਬਾਜ਼ ਵਿਹਾਨ ਮਲਹੋਤਰਾ ਨੇ 50 ਗੇਂਦਾਂ ਵਿੱਚ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿੱਚ 8 ਚੌਕੇ ਅਤੇ 5 ਛੱਕੇ ਸ਼ਾਮਲ ਸਨ। ਪ੍ਰਭਸਿਮਰਨ ਸਿੰਘ ਨੇ 22 ਦੌੜਾਂ ਅਤੇ ਸਨਵੀਰ ਸਿੰਘ ਨੇ 14 ਗੇਂਦਾਂ ਵਿੱਚ 21 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਉਦੈ ਸਹਾਰਨ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਮਹਿਜ਼ 18 ਗੇਂਦਾਂ ਵਿੱਚ ਨਾਬਾਦ 42 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 2 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਇਸ ਤਰ੍ਹਾਂ ਪੰਜਾਬ ਨੇ 5 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕਰ ਲਈ। ਸ਼ਾਨਦਾਰ ਬੱਲੇਬਾਜ਼ੀ ਲਈ ਵਿਹਾਨ ਮਲਹੋਤਰਾ ਨੂੰ ਮੈਨ ਆਫ਼ ਦ ਮੈਚ ਐਲਾਨਿਆ ਗਿਆ।
ਇਸ ਮੁਕਾਬਲੇ ਦੌਰਾਨ ਪੰਜਾਬ ਦੀ ਸੀਨੀਅਰ ਟੀਮ ਵੱਲੋਂ ਚਾਰ ਖਿਡਾਰੀਆਂ ਨੇ ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਆਪਣਾ ਡੈਬਿਊ ਕੀਤਾ। ਇਨ੍ਹਾਂ ਵਿੱਚ ਵਿਹਾਨ ਮਲਹੋਤਰਾ, ਉਦੈ ਸਹਾਰਨ, ਸੁਖਦੀਪ ਬਾਜਵਾ ਅਤੇ ਸਾਹਿਲ ਭਾਸਕਰ ਸ਼ਾਮਲ ਹਨ। ਇਨ੍ਹਾਂ ਚਾਰਾਂ ਖਿਡਾਰੀਆਂ ਲਈ ਇਹ ਟੂਰਨਾਮੈਂਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨ ਦਾ ਖਾਸ ਮੌਕਾ ਰਿਹਾ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਚਾਰਾਂ ਡੈਬਿਊ ਕਰਨ ਵਾਲੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਪੰਜਾਬ ਦੀ ਪੂਰੀ ਟੀਮ, ਕਪਤਾਨ ਰਮਨਦੀਪ ਸਿੰਘ ਅਤੇ ਸਹਿਯੋਗੀ ਸਟਾਫ਼ ਨੂੰ ਵੀ ਟੂਰਨਾਮੈਂਟ ਦੀ ਜੇਤੂ ਸ਼ੁਰੂਆਤ ਲਈ ਵਧਾਈ ਦਿੱਤੀ ਅਤੇ ਆਉਣ ਵਾਲੇ ਮੈਚਾਂ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣ ਦੀ ਕਾਮਨਾ ਕੀਤੀ।
ਦੋਵਾਂ ਪੀ.ਸੀ.ਏ. ਸਟੇਡੀਅਮਾਂ ਵਿੱਚ ਦਰਸ਼ਕਾਂ ਲਈ ਮੁਫ਼ਤ ਦਾਖਲਾ
ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਦਰਸ਼ਕਾਂ ਨੂੰ ਮੈਦਾਨ ਵਿੱਚ ਆ ਕੇ ਮੈਚਾਂ ਦਾ ਆਨੰਦ ਮਾਣਨ ਦਾ ਮੌਕਾ ਦੇਣ ਲਈ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਈਦ ਮੁਸ਼ਤਾਕ ਅਲੀ ਟਰਾਫੀ ਦੇ ਦੋਵਾਂ ਪੀ.ਸੀ.ਏ. (ਨਿਊ ਚੰਡੀਗੜ੍ਹ ਮੁੱਲਾਂਪੁਰ ਅਤੇ ਮੁਹਾਲੀ) ਸਟੇਡੀਅਮਾਂ ਵਿੱਚ ਹੋਣ ਵਾਲੇ ਮੈਚਾਂ ਲਈ ਆਮ ਲੋਕਾਂ ਦੀ ਦਾਖਲਾ ਮੁਫ਼ਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਸਈਦ ਮੁਸ਼ਤਾਕ ਅਲੀ ਟਰਾਫੀ ਭਾਰਤੀ ਘਰੇਲੂ ਟੀ-20 ਕ੍ਰਿਕਟ ਦਾ ਇੱਕ ਪ੍ਰਮੁੱਖ ਟੂਰਨਾਮੈਂਟ ਹੈ, ਜਿਸ ਵਿੱਚ ਕਈ ਨਾਮੀ ਕ੍ਰਿਕਟਰ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਚੁੱਕੇ ਹਨ ਅਤੇ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਵੀ ਬਣੇ ਹਨ। ਇਸ ਟੂਰਨਾਮੈਂਟ ਨੇ ਕਈ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ ਹੈ।
ਦਰਸ਼ਕ ਦੋਵਾਂ ਸਟੇਡੀਅਮਾਂ ਵਿੱਚ ਗੇਟ ਨੰਬਰ 1 ਰਾਹੀਂ ਮੁਫ਼ਤ ਐਂਟਰੀ ਕਰ ਸਕਦੇ ਹਨ।