ਯਸ਼ਸਵੀ ਜੈਸਵਾਲ ਦਾ ਸ਼ਾਨਦਾਰ ਕਮਬੈਕ, ਨਿਊਜ਼ੀਲੈਂਡ ‘ਏ’ ਵਿਰੁੱਧ ਜੜਿਆ ਤੂਫ਼ਾਨੀ ਸੈਂਕੜਾ, ਬਣਾਈਆਂ 155 ਦੌੜਾਂ
ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਨਿਊਜ਼ੀਲੈਂਡ ‘ਏ’ ਵਿਰੁੱਧ ਭਾਰਤ ‘ਏ’ ਲਈ ਸ਼ਾਨਦਾਰ ਸੈਂਕੜਾ ਲਗਾਇਆ ਹੈ। ਡਰਾਅ 'ਤੇ ਸਮਾਪਤ ਹੋਏ ਇਸ ਗੈਰ-ਅਧਿਕਾਰਤ ਟੈਸਟ ਦੇ ਆਖਰੀ ਦਿਨ ਜੈਸਵਾਲ ਨੇ ਮੇਜ਼ਬਾਨ ਟੀਮ ਦੀ ਗੇਂਦਬਾਜ਼ੀ ਦੀ ਖੂਬ ਖਬਰ ਲਈ ਤੇ 162 ਗੇਂਦਾਂ 'ਤੇ 155 ਦੌੜਾਂ ਬਣਾਈਆਂ
Publish Date: Wed, 04 Nov 2026 11:58 AM (IST)
Updated Date: Wed, 04 Nov 2026 12:02 PM (IST)
ਕ੍ਰਾਈਸਟਚਰਚ, ਪੀਟੀਆਈ : ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਨਿਊਜ਼ੀਲੈਂਡ ‘ਏ’ ਵਿਰੁੱਧ ਭਾਰਤ ‘ਏ’ ਲਈ ਸ਼ਾਨਦਾਰ ਸੈਂਕੜਾ ਲਗਾਇਆ ਹੈ। ਡਰਾਅ 'ਤੇ ਸਮਾਪਤ ਹੋਏ ਇਸ ਗੈਰ-ਅਧਿਕਾਰਤ ਟੈਸਟ ਦੇ ਆਖਰੀ ਦਿਨ ਜੈਸਵਾਲ ਨੇ ਮੇਜ਼ਬਾਨ ਟੀਮ ਦੀ ਗੇਂਦਬਾਜ਼ੀ ਦੀ ਖੂਬ ਖਬਰ ਲਈ ਤੇ 162 ਗੇਂਦਾਂ 'ਤੇ 155 ਦੌੜਾਂ ਬਣਾਈਆਂ। ਇਸ ਪਾਰੀ ’ਚ 15 ਚੌਕੇ ਤੇ ਪੰਜ ਛੱਕੇ ਸ਼ਾਮਲ ਸਨ। ਵਿਦਰਭ ਦੇ ਖੱਬੇ ਹੱਥ ਦੇ ਬੱਲੇਬਾਜ਼ ਯਸ਼ ਰਾਠੌੜ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 100 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤ ‘ਏ’ ਨੇ ਆਪਣੀ ਦੂਜੀ ਪਾਰੀ ’ਚ ਦੋ ਵਿਕਟਾਂ ਦੇ ਨੁਕਸਾਨ ’ਤੇ 282 ਦੌੜਾਂ ਬਣਾ ਲਈਆਂ ਸਨ, ਜਦੋਂ ਦੋਵਾਂ ਟੀਮਾਂ ਦੇ ਕਪਤਾਨਾਂ ਨੇ ਮੈਚ ਖਤਮ ਕਰਨ ਦਾ ਫੈਸਲਾ ਕੀਤਾ।
ਇਸ ਤੋਂ ਪਹਿਲਾਂ ਭਾਰਤ ਦੀ ਪਹਿਲੀ ਪਾਰੀ ਦੇ 346 ਦੌੜਾਂ ਦੇ ਜਵਾਬ ’ਚ ਨਿਊਜ਼ੀਲੈਂਡ ਨੇ 424 ਦੌੜਾਂ ਬਣਾਈਆਂ ਸਨ। ਭਾਰਤ ਦੀ ਦੂਜੀ ਪਾਰੀ ’ਚ ਰਾਠੌੜ ਤੇ ਜੈਸਵਾਲ ਵਿਚਾਲੇ 247 ਦੌੜਾਂ ਦੀ ਅਟੁੱਟ ਭਾਈਵਾਲੀ ਹੋਈ। ਇਸ ਪਾਰੀ ਤੋਂ ਪਹਿਲਾਂ, ਜੈਸਵਾਲ ਦੇ ਹਾਲੀਆ ਸਕੋਰ 17, 5 ਅਤੇ 0 ਸਨ। ਇੱਥੋਂ ਤੱਕ ਕਿ ਨਿਊਜ਼ੀਲੈਂਡ ਦੌਰੇ ਲਈ ਭਾਰਤ ‘ਏ’ ਟੀਮ ’ਚ ਸ਼ਾਮਲ ਹੋਣ ਤੋਂ ਪਹਿਲਾਂ, ਚੰਡੀਗੜ੍ਹ ਲਈ ਖੇਡੇ ਗਏ ਆਪਣੇ ਇਕਲੌਤੇ ਰਣਜੀ ਟਰਾਫੀ ਮੈਚ ’ਚ ਵੀ ਉਹ ਆਪਣਾ ਖਾਤਾ ਖੋਲ੍ਹਣ ’ਚ ਅਸਫਲ ਰਹੇ ਸਨ।
ਸਿਰਫ਼ ਪ੍ਰਕਿਰਿਆ, ਰੁਟੀਨ ਤੇ ਅਨੁਸ਼ਾਸਨ ’ਤੇ ਧਿਆਨ : ਯਸ਼ਸਵੀ ਕ੍ਰਾਈਸਟਚਰਚ, ਪੀਟੀਆਈ : ਖਰਾਬ ਫਾਰਮ ਤੋਂ ਉਭਰ ਕੇ ਵਾਪਸੀ ਕਰਨ ਵਾਲੇ ਨੌਜਵਾਨ ਭਾਰਤੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦਾ ਕਹਿਣਾ ਹੈ ਕਿ ਉਹ ਵਧੀਆ ਪ੍ਰਦਰਸ਼ਨ ਕਰਨ ਲਈ ਆਪਣੀ ਪ੍ਰਕਿਰਿਆ, ਰੁਟੀਨ ਤੇ ਅਨੁਸ਼ਾਸਨ ’ਤੇ ਭਰੋਸਾ ਕਰਦੇ ਹਨ। ਮੈਚ ਤੋਂ ਬਾਅਦ ਗੱਲ ਕਰਦਿਆਂ, ਜੈਸਵਾਲ ਨੇ ਦੱਸਿਆ ਕਿ ਇੱਥੇ ਬਹੁਤ ਠੰਡ ਹੈ। ਸ਼ੁਰੂਆਤ ’ਚ ਗੇਂਦ ਕਾਫ਼ੀ ਹਿੱਲਦੀ ਹੈ। ਇਸ ਤੋਂ ਇਲਾਵਾ ਵਿਰੋਧੀ ਟੀਮ ਕੋਲ ਵਧੀਆ ਗੇਂਦਬਾਜ਼ ਹਨ ਜੋ ਲਗਾਤਾਰ ਸਹੀ ਥਾਵਾਂ 'ਤੇ ਗੇਂਦ ਸੁੱਟਦੇ ਹਨ, ਜਿਸਦਾ ਮਤਲਬ ਹੈ ਕਿ ਪਾਰੀ ਦੀ ਸ਼ੁਰੂਆਤ ਵਿੱਚ ਦੌੜਾਂ ਬਣਾਉਣ ਲਈ ਧੀਰਜ ਨਾਲ ਇੰਤਜ਼ਾਰ ਕਰਨਾ ਪੈਂਦਾ ਹੈ। ਆਪਣੇ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਜੈਸਵਾਲ ਨੇ ਕਿਹਾ, ‘ਮੈਂ ਇਹ ਨਹੀਂ ਕਹਾਂਗਾ ਕਿ ਇਹ ਬਹੁਤ ਆਸਾਨ ਹੈ ਪਰ ਤੁਸੀਂ ਚੰਗੇ ਸ਼ਾਟ ਖੇਡ ਸਕਦੇ ਹੋ।’ ਇਹ ਇੰਨਾ ਵੀ ਸੌਖਾ ਨਹੀਂ ਹੈ... ਤੁਹਾਨੂੰ ਬਸ ਆਪਣੀ ਪ੍ਰਕਿਰਿਆ, ਰੁਟੀਨ ਅਤੇ ਅਨੁਸ਼ਾਸਨ 'ਤੇ ਧਿਆਨ ਦੇਣਾ ਪਵੇਗਾ। ਮੈਨੂੰ ਲੱਗਦਾ ਹੈ ਕਿ ਇੱਥੇ ਤੁਹਾਨੂੰ ਬਹੁਤ ਅਨੁਸ਼ਾਸਿਤ ਰਹਿਣਾ ਪਵੇਗਾ।