ਮੈਦਾਨ 'ਚ ਮੁੜ ਗਰਜੇਗਾ ਜਸਪ੍ਰੀਤ ਬੁਮਰਾਹ, ਨਿਤੀਸ਼ ਨੇ ਵੀ ਦਿਖਾਇਆ ਦਮ; ਪਰ ਮੀਂਹ ਨੇ ਪ੍ਰੈਕਟਿਸ 'ਚ ਪਾਇਆ ਖਲਲ
ਇੰਗਲੈਂਡ ਦੇ ਦੌਰੇ ਤੋਂ ਬਾਅਦ ਪਹਿਲੀ ਵਾਰ ਨੈੱਟਸ ’ਚ ਗੇਂਦਬਾਜ਼ੀ ਕਰਦੇ ਹੋਏ ਬੁਮਰਾਹ ਨੂੰ ਦੇਖਣਾ ਭਾਰਤੀ ਟੀਮ ਲਈ ਇਹ ਸੈਸ਼ਨ ਮਹੱਤਵਪੂਰਨ ਸੀ। ਉਸਨੇ ਨੈੱਟਸ ’ਚ ਬੱਲੇਬਾਜ਼ਾਂ ਨੂੰ ਗੇਂਦਾਂ ਸੁੱਟੀਆਂ ਤੇ ਆਪਣੀ ਲੈਅ ਦਾ ਸੰਕੇਤ ਦਿੱਤਾ। ਨੌਜਵਾਨ ਵੈਭਵ ਸੂਰਿਆਵੰਸ਼ੀ ਨੂੰ ਵੀ ਬੁਮਰਾਹ ਦੀਆਂ ਗੇਂਦਾਂ ਦਾ ਸਾਹਮਣਾ ਕਰਨਾ ਪਿਆ
Publish Date: Sat, 12 Sep 2026 12:00 PM (IST)
Updated Date: Sat, 12 Sep 2026 12:19 PM (IST)
ਲੋਕੇਸ਼ ਸ਼ਰਮਾ, ਜਾਗਰਣ, ਨਵੀਂ ਦਿੱਲੀ : ਦਿੱਲੀ ’ਚ ਮੀਂਹ ਦੀਆਂ ਬੂੰਦਾਂ ਵਿਚਾਲੇ ਸ਼ੁੱਕਰਵਾਰ ਨੂੰ ਅਰੁਣ ਜੇਤਲੀ ਸਟੇਡੀਅਮ ’ਚ ਭਾਰਤੀ ਟੀਮ ਨੇ ਅਫ਼ਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਪਸੀਨਾ ਵਹਾਇਆ ਪਰ ਇਸ ਅਭਿਆਸ ਸੈਸ਼ਨ ਦਾ ਸਭ ਤੋਂ ਵੱਡਾ ਆਕਰਸ਼ਣ ਮੀਂਹ ਨਹੀਂ, ਸਗੋਂ ਜਸਪ੍ਰੀਤ ਬੁਮਰਾਹ ਤੇ ਨਿਤੀਸ਼ ਕੁਮਾਰ ਰੈੱਡੀ ਦੀ ਮੈਦਾਨ ’ਤੇ ਵਾਪਸੀ ਸੀ। ਦੋਵਾਂ ਖਿਡਾਰੀਆਂ 'ਤੇ ਫਿਟਨੈੱਸ ਨੂੰ ਲੈ ਕੇ ਨਜ਼ਰਾਂ ਟਿਕੀਆਂ ਹੋਈਆਂ ਸਨ। ਬੁਮਰਾਹ ਨੇ ਗੇਂਦਬਾਜ਼ੀ ਕੀਤੀ, ਜਦਕਿ ਨਿਤੀਸ਼ ਨੇ ਗੇਂਦ ਦੇ ਨਾਲ-ਨਾਲ ਬੱਲੇ ’ਤੇ ਵੀ ਹੱਥ ਅਜ਼ਮਾਇਆ।
ਇੰਗਲੈਂਡ ਦੇ ਦੌਰੇ ਤੋਂ ਬਾਅਦ ਪਹਿਲੀ ਵਾਰ ਨੈੱਟਸ ’ਚ ਗੇਂਦਬਾਜ਼ੀ ਕਰਦੇ ਹੋਏ ਬੁਮਰਾਹ ਨੂੰ ਦੇਖਣਾ ਭਾਰਤੀ ਟੀਮ ਲਈ ਇਹ ਸੈਸ਼ਨ ਮਹੱਤਵਪੂਰਨ ਸੀ। ਉਸਨੇ ਨੈੱਟਸ ’ਚ ਬੱਲੇਬਾਜ਼ਾਂ ਨੂੰ ਗੇਂਦਾਂ ਸੁੱਟੀਆਂ ਤੇ ਆਪਣੀ ਲੈਅ ਦਾ ਸੰਕੇਤ ਦਿੱਤਾ। ਨੌਜਵਾਨ ਵੈਭਵ ਸੂਰਿਆਵੰਸ਼ੀ ਨੂੰ ਵੀ ਬੁਮਰਾਹ ਦੀਆਂ ਗੇਂਦਾਂ ਦਾ ਸਾਹਮਣਾ ਕਰਨਾ ਪਿਆ। ਬੁਮਰਾਹ ਨੇ ਵੈਭਵ ਨੂੰ ਕਈ ਵਾਰ ਬੀਟ ਕੀਤਾ। ਲਗਪਗ 40 ਮਿੰਟਾਂ ਦੀ ਦੇਰੀ ਨਾਲ ਸ਼ੁਰੂ ਹੋਈ ਭਾਰਤੀ ਟੀਮ ਦੀ ਪ੍ਰੈਕਟਿਸ ’ਚ ਬੁਮਰਾਹ ਨੇ ਗੇਂਦਬਾਜ਼ੀ ਕਰਦਿਆਂ ਆਪਣੀ ਫਿਟਨੈੱਸ ਤੇ ਲੈਅ ਦੋਹਾਂ ਨੂੰ ਪਰਖਿਆ।
ਦੂਜੇ ਪਾਸੇ, ਨਿਤੀਸ਼ ਕੁਮਾਰ ਰੈੱਡੀ ਦੀ ਮੌਜੂਦਗੀ ਟੀਮ ਲਈ ਦੂਜਾ ਵੱਡਾ ਸਕਾਰਾਤਮਕ ਸੰਕੇਤ ਸੀ। ਸ਼ੁੱਕਰਵਾਰ ਨੂੰ ਟੀਮ ਨਾਲ ਜੁੜਨ ਤੋਂ ਬਾਅਦ ਉਸਨੇ ਫੀਲਡਿੰਗ ਡਰਿੱਲ ’ਚ ਹਿੱਸਾ ਲਿਆ ਤੇ ਇਸ ਤੋਂ ਬਾਅਦ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵੀ ਕੀਤੀ। ਫੀਲਡਿੰਗ ਡਰਿੱਲ ਲਗਪਗ 45 ਮਿੰਟ ਚੱਲੀ। ਇਸ ਦੌਰਾਨ ਬੁਮਰਾਹ ਤੇ ਨਿਤੀਸ਼ ਦੋਵੇਂ ਪੂਰੀ ਤਰ੍ਹਾਂ ਸਰਗਰਮ ਦਿਖਾਈ ਦਿੱਤੇ। ਦੋਵਾਂ ਦੇ ਮੈਦਾਨ 'ਤੇ ਆਰਾਮਦਾਇਕ ਦਿਖਾਈ ਦੇਣ ਨਾਲ ਭਾਰਤੀ ਟੀਮ ਮੈਨੇਜਮੈਂਟ ਨੂੰ ਰਾਹਤ ਮਿਲੀ ਹੋਵੇਗੀ ਕਿਉਂਕਿ ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਦੀ ਫਿਟਨੈੱਸ ਸਭ ਤੋਂ ਮਹੱਤਵਪੂਰਨ ਸਵਾਲਾਂ ’ਚ ਸ਼ਾਮਲ ਸੀ। ਭਾਰਤੀ ਟੀਮ ਦੇ ਬਾਕੀ ਖਿਡਾਰੀ ਵੀ ਸ਼ੁੱਕਰਵਾਰ ਨੂੰ ਜੁੜ ਗਏ। ਤਿਲਕ ਵਰਮਾ, ਵੈਭਵ ਸੂਰਿਆਵੰਸ਼ੀ ਤੇ ਈਸ਼ਾਨ ਕਿਸ਼ਨ ਨੇ ਟੀਮ ਦੇ ਨਾਲ ਅਭਿਆਸ ਕੀਤਾ। ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਸਮੇਤ ਹੋਰ ਬੱਲੇਬਾਜ਼ਾਂ ਨੇ ਨੈੱਟਸ ’ਚ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ। ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ ਤੇ ਰਵੀ ਬਿਸ਼ਨੋਈ ਵਰਗੇ ਸਪਿਨਰਾਂ ਦੇ ਸਾਹਮਣੇ ਈਸ਼ਾਨ ਕਿਸ਼ਨ ਤੇ ਸ਼੍ਰੇਅਸ ਅਈਅਰ ਨੇ ਬੱਲੇਬਾਜ਼ੀ ਦਾ ਅਭਿਆਸ ਕੀਤਾ।
ਅਫ਼ਗਾਨ ਟੀਮ ਨੇ ਮੀਂਹ ਕਾਰਨ ਇਕ ਘੰਟਾ ਦੇਰੀ ਨਾਲ ਕੀਤਾ ਅਭਿਆਸ ਉਧਰ, ਅਫ਼ਗਾਨਿਸਤਾਨ ਨੇ ਵੀ ਮੀਂਹ ਕਾਰਨ ਲਗਪਗ ਚਾਰ ਵਜੇ ਅਭਿਆਸ ਇਕ ਘੰਟੇ ਦੀ ਦੇਰੀ ਨਾਲ ਸ਼ੁਰੂ ਕੀਤਾ। ਸਵੇਰੇ ਤੇਜ਼ ਮੀਂਹ ਕਾਰਨ ਸੈਸ਼ਨ ’ਚ ਦੇਰੀ ਹੋਈ। ਕਪਤਾਨ ਇਬ੍ਰਾਹੀਮ ਜ਼ਾਦਰਾਨ ਤੇ ਕੋਚਿੰਗ ਸਟਾਫ ਨੇ ਕਾਫੀ ਦੇਰ ਤੱਕ ਮੈਦਾਨ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਅਭਿਆਸ ਸ਼ੁਰੂ ਹੋਣ 'ਤੇ ਖਿਡਾਰੀਆਂ ਨੇ ਵਾਰਮ-ਅਪ ਤੇ ਫੁੱਟਬਾਲ ਨਾਲ ਸ਼ੁਰੂਆਤ ਕੀਤੀ। ਨੂਰ ਅਹਿਮਦ, ਫਜ਼ਲਹਕ ਫਾਰੂਕੀ, ਮੁਜੀਬ ਉਰ ਰਹਿਮਾਨ ਤੇ ਗੁਲਬਦਿਨ ਨਾਇਬ ਫੁੱਟਬਾਲ ਖੇਡਦੇ ਦਿਖਾਈ ਦਿੱਤੇ। ਰਹਿਮਾਨੁੱਲਾਹ ਗੁਰਬਾਜ਼ ਨੇ ਨੈੱਟਸ ’ਚ ਲੰਬਾ ਬੱਲੇਬਾਜ਼ੀ ਸੈਸ਼ਨ ਕੀਤਾ, ਜਦਕਿ ਮੁਹੰਮਦ ਨਬੀ, ਰਾਸ਼ਿਦ ਖਾਨ, ਅਜ਼ਮਤੁੱਲਾਹ ਉਮਰਜ਼ਈ ਤੇ ਨਵੀਨ-ਉਲ-ਹਕ ਨੇ ਗੇਂਦਬਾਜ਼ੀ ਕੀਤੀ। ਰਾਸ਼ਿਦ ਤੇ ਨੂਰ ਅਹਿਮਦ ਨੇ ਵੀ ਨੈੱਟਸ ’ਚ ਕਾਫੀ ਸਮਾਂ ਬਿਤਾਇਆ। ਵਿਕਟਕੀਪਰ ਦੇ ਤੌਰ 'ਤੇ ਨੂਰ-ਉਲ-ਹਕ ਨੇ ਅਲੱਗ ਤੋਂ ਅਭਿਆਸ ਕੀਤਾ। ਮੀਂਹ ਦੁਬਾਰਾ ਪੈਣ ਕਾਰਨ ਅਫਗਾਨਿਸਤਾਨ ਦਾ ਸੈਸ਼ਨ ਵੀ ਕਵਰ ਲਗਾਉਣ ਨਾਲ ਖ਼ਤਮ ਹੋ ਗਿਆ।