IPL 2026 : ਇਨ੍ਹਾਂ 5 'ਪਾਂਡਵਾਂ' ਨੇ ਮਚਾਇਆ ਤਾਂਡਵ, ਤਦ ਜਾ ਕੇ ਖ਼ਿਤਾਬ ਬਚਾ ਸਕੀ RCB
ਆਪਣੀ ਸਵਿੰਗ ਲਈ ਮਸ਼ਹੂਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇਸ ਸੀਜ਼ਨ ਆਪਣੀ ਪੁਰਾਣੀ ਕਲਾਸ ਦਿਖਾਈ। ਪਾਵਰਪਲੇਅ ਵਿੱਚ ਉਨ੍ਹਾਂ ਨੇ ਦੂਜੀ ਟੀਮ ਦੇ ਬੱਲੇਬਾਜ਼ਾਂ ਦਾ ਪਿੱਚ 'ਤੇ ਟਿਕਣਾ ਮੁਸ਼ਕਲ ਕਰ ਦਿੱਤਾ। ਉਹ ਇਸ ਸੀਜ਼ਨ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਰਹੇ ਅਤੇ ਸਿਰਫ਼ ਇੱਕ ਵਿਕਟ ਨਾਲ ਪਰਪਲ ਕੈਪ ਲੈਣ ਤੋਂ ਖੁੰਝ ਗਏ
Publish Date: Mon, 01 Jun 2026 12:30 PM (IST)
Updated Date: Mon, 01 Jun 2026 12:38 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨੂੰ ਮਾਤ ਦੇ ਕੇ ਆਈ.ਪੀ.ਐੱਲ.-2026 ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਦੇ ਨਾਲ ਹੀ RCB ਲੀਗ ਦੇ ਇਤਿਹਾਸ ਦੀ ਤੀਜੀ ਅਜਿਹੀ ਟੀਮ ਬਣ ਗਈ ਹੈ ਜਿਸ ਨੇ ਲਗਾਤਾਰ ਦੂਜੀ ਵਾਰ ਇਹ ਖ਼ਿਤਾਬ ਜਿੱਤਿਆ ਹੈ।
ਕ੍ਰਿਕਟ ਵਿੱਚ ਜਦੋਂ ਕੋਈ ਟੀਮ ਖ਼ਿਤਾਬ ਜਿੱਤਦੀ ਹੈ ਤਾਂ ਉਹ ਕਿਸੇ ਇੱਕ ਖਿਡਾਰੀ ਦੇ ਦਮ 'ਤੇ ਨਹੀਂ ਜਿੱਤਦੀ। ਇਸ ਦੇ ਲਈ ਪੂਰੀ ਟੀਮ ਦੇ ਸਾਥ ਦੀ ਲੋੜ ਹੁੰਦੀ ਹੈ। ਹਾਲਾਂਕਿ ਕੁਝ ਖਿਡਾਰੀ ਅਜਿਹੇ ਹੁੰਦੇ ਹਨ ਜੋ ਆਪਣੇ ਪ੍ਰਦਰਸ਼ਨ ਨਾਲ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਸੀਂ ਤੁਹਾਨੂੰ ਇਸ ਸੀਜ਼ਨ ਵਿੱਚ ਆਰ.ਸੀ.ਬੀ. ਦੀ ਜਿੱਤ ਦੇ ਅਜਿਹੇ ਹੀ ਪੰਜ ਹੀਰੋਜ਼ ਬਾਰੇ ਦੱਸਣ ਜਾ ਰਹੇ ਹਾਂ।
RCB ਦੀ ਜਿੱਤ ਦੇ ਅਹਿਮ ਕਿਰਦਾਰ
1. ਵਿਰਾਟ ਕੋਹਲੀ
ਆਈ.ਪੀ.ਐੱਲ. ਦੀ ਸ਼ੁਰੂਆਤ ਤੋਂ ਹੀ ਵਿਰਾਟ ਕੋਹਲੀ ਰਾਇਲ ਚੈਲੇਂਜਰਜ਼ ਬੈਂਗਲੁਰੂ ਵੱਲੋਂ ਖੇਡ ਰਹੇ ਹਨ। ਉਨ੍ਹਾਂ ਨੇ ਇਸ ਟੀਮ ਦੀ ਕਪਤਾਨੀ ਵੀ ਕੀਤੀ ਪਰ ਬਤੌਰ ਕਪਤਾਨ ਖ਼ਿਤਾਬ ਨਹੀਂ ਦਿਵਾ ਸਕੇ ਸਨ। ਪਿਛਲੇ ਸਾਲ ਇਸ ਟੀਮ ਦਾ ਖ਼ਿਤਾਬੀ ਸੂਕਾ ਖ਼ਤਮ ਹੋਇਆ ਅਤੇ ਇਸ ਸੀਜ਼ਨ ਵੀ ਆਰ.ਸੀ.ਬੀ. ਨੇ ਕਮਾਲ ਕਰ ਦਿੱਤਾ। ਪਿਛਲੇ ਸਾਲ ਵੀ ਕੋਹਲੀ ਦਾ ਬੱਲਾ ਚੱਲਿਆ ਸੀ ਅਤੇ ਇਸ ਸੀਜ਼ਨ ਵੀ ਕੋਹਲੀ ਨੇ ਬੱਲੇ ਨਾਲ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਰੋਲ ਨਿਭਾਇਆ।
ਗੁਜਰਾਤ ਖ਼ਿਲਾਫ਼ ਫਾਈਨਲ ਵਿੱਚ ਵਿਰਾਟ ਕੋਹਲੀ ਨੇ 42 ਗੇਂਦਾਂ 'ਤੇ 75 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਵਿੱਚ ਉਨ੍ਹਾਂ ਨੇ 9 ਚੌਕੇ ਅਤੇ 3 ਛੱਕੇ ਲਗਾਏ। ਇਸ ਸੀਜ਼ਨ ਕੋਹਲੀ ਆਰ.ਸੀ.ਬੀ. ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਰਹੇ। ਉਨ੍ਹਾਂ ਨੇ 16 ਮੈਚਾਂ ਵਿੱਚ 675 ਦੌੜਾਂ ਬਣਾਈਆਂ, ਜਿਸ ਵਿੱਚ 5 ਅਰਧ-ਸੈਂਕੜੇ ਅਤੇ 1 ਸੈਂਕੜਾ ਸ਼ਾਮਲ ਰਿਹਾ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਈਕ ਰੇਟ 165.84 ਦਾ ਅਤੇ ਔਸਤ 56.25 ਦੀ ਰਹੀ।
2. ਰਜਤ ਪਾਟੀਦਾਰ
ਆਰ.ਸੀ.ਬੀ. ਦੀ ਜਿੱਤ ਵਿੱਚ ਕਪਤਾਨ ਰਜਤ ਪਾਟੀਦਾਰ ਦੇ ਯੋਗਦਾਨ ਨੂੰ ਕੋਈ ਨਕਾਰ ਨਹੀਂ ਸਕਦਾ। ਉਨ੍ਹਾਂ ਨੇ ਬੱਲੇ ਨਾਲ ਤਾਂ ਦਮਦਾਰ ਖੇਡ ਦਿਖਾਈ ਹੀ ਨਾਲ ਹੀ ਆਪਣੀ ਕਪਤਾਨੀ ਨਾਲ ਵੀ ਟੀਮ ਨੂੰ ਹਮੇਸ਼ਾ ਅੱਗੇ ਰੱਖਿਆ। ਮੈਦਾਨ 'ਤੇ ਉਨ੍ਹਾਂ ਦੀ ਰਣਨੀਤੀ ਦਾ ਹੀ ਨਤੀਜਾ ਰਿਹਾ ਕਿ ਆਰ.ਸੀ.ਬੀ. ਆਪਣਾ ਖ਼ਿਤਾਬ ਬਚਾਉਣ ਵਿੱਚ ਸਫ਼ਲ ਰਹੀ। ਜਿੱਥੋਂ ਤੱਕ ਉਨ੍ਹਾਂ ਦੇ ਪ੍ਰਦਰਸ਼ਨ ਦਾ ਸਵਾਲ ਹੈ, ਉਹ ਇਸ ਸੀਜ਼ਨ ਆਪਣੀ ਟੀਮ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੂਜੇ ਨੰਬਰ 'ਤੇ ਰਹੇ। ਰਜਤ ਨੇ 15 ਮੈਚਾਂ ਵਿੱਚ 501 ਦੌੜਾਂ ਬਣਾਈਆਂ। ਇਸ ਸੀਜ਼ਨ ਉਨ੍ਹਾਂ ਦੇ ਬੱਲੇ ਤੋਂ 5 ਅਰਧ-ਸੈਂਕੜੇ ਨਿਕਲੇ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 192.69 ਦਾ ਰਿਹਾ।
3. ਭੁਵਨੇਸ਼ਵਰ ਕੁਮਾਰ
ਆਪਣੀ ਸਵਿੰਗ ਲਈ ਮਸ਼ਹੂਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਇਸ ਸੀਜ਼ਨ ਆਪਣੀ ਪੁਰਾਣੀ ਕਲਾਸ ਦਿਖਾਈ। ਪਾਵਰਪਲੇਅ ਵਿੱਚ ਉਨ੍ਹਾਂ ਨੇ ਦੂਜੀ ਟੀਮ ਦੇ ਬੱਲੇਬਾਜ਼ਾਂ ਦਾ ਪਿੱਚ 'ਤੇ ਟਿਕਣਾ ਮੁਸ਼ਕਲ ਕਰ ਦਿੱਤਾ। ਉਹ ਇਸ ਸੀਜ਼ਨ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਰਹੇ ਅਤੇ ਸਿਰਫ਼ ਇੱਕ ਵਿਕਟ ਨਾਲ ਪਰਪਲ ਕੈਪ ਲੈਣ ਤੋਂ ਖੁੰਝ ਗਏ। ਭੁਵਨੇਸ਼ਵਰ ਨੇ ਇਸ ਸੀਜ਼ਨ 16 ਮੈਚਾਂ ਵਿੱਚ 28 ਵਿਕਟਾਂ ਆਪਣੇ ਨਾਮ ਕੀਤੀਆਂ। ਫਾਈਨਲ ਵਿੱਚ ਵੀ ਉਨ੍ਹਾਂ ਨੇ ਦੋ ਵਿਕਟਾਂ ਲੈ ਕੇ ਗੁਜਰਾਤ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।
4. ਕ੍ਰੁਣਾਲ ਪਾਂਡਿਆ
ਆਲਰਾਊਂਡਰ ਕ੍ਰੁਣਾਲ ਪਾਂਡਿਆ ਦੇ ਯੋਗਦਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਨਾਲ ਉਨ੍ਹਾਂ ਨੇ ਕਮਾਲ ਕੀਤਾ। ਜਦੋਂ ਟੀਮ ਨੂੰ ਲੋੜ ਸੀ, ਉਦੋਂ ਉਨ੍ਹਾਂ ਦਾ ਬੱਲਾ ਚੱਲਿਆ ਅਤੇ ਗੇਂਦਬਾਜ਼ੀ ਵਿੱਚ ਵੀ ਉਨ੍ਹਾਂ ਨੇ ਅਹਿਮ ਮੌਕਿਆਂ 'ਤੇ ਵਿਕਟਾਂ ਦਿਵਾਈਆਂ। 16 ਮੈਚਾਂ ਵਿੱਚ ਉਨ੍ਹਾਂ ਦੇ ਬੱਲੇ ਤੋਂ 226 ਦੌੜਾਂ ਨਿਕਲੀਆਂ, ਜਿਸ ਵਿੱਚ ਇੱਕ ਅਰਧ-ਸੈਂਕੜਾ ਸ਼ਾਮਲ ਹੈ। ਇਹ ਅਰਧ-ਸੈਂਕੜਾ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਲਗਾਇਆ ਸੀ। ਇਸ ਤੋਂ ਇਲਾਵਾ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਆਖਰੀ ਲੀਗ ਮੈਚ ਵਿੱਚ ਉਨ੍ਹਾਂ ਦੀ ਨਾਬਾਦ 41 ਦੌੜਾਂ ਦੀ ਪਾਰੀ ਅਤੇ ਪਹਿਲੇ ਕੁਆਲੀਫਾਇਰ ਵਿੱਚ ਗੁਜਰਾਤ ਖ਼ਿਲਾਫ਼ 43 ਦੌੜਾਂ ਦੀ ਪਾਰੀ ਇਸ ਸੀਜ਼ਨ ਬੇਹੱਦ ਅਹਿਮ ਰਹੀ। ਜਿੱਥੋਂ ਤੱਕ ਗੇਂਦਬਾਜ਼ੀ ਦੀ ਗੱਲ ਹੈ, ਪਾਂਡਿਆ ਨੇ ਇਸ ਸੀਜ਼ਨ 16 ਮੈਚਾਂ ਵਿੱਚ 14 ਵਿਕਟਾਂ ਲਈਆਂ ਹਨ।
5. ਰਾਸਿਖ ਡਾਰ
ਭੁਵਨੇਸ਼ਵਰ ਕੁਮਾਰ ਅਤੇ ਜੋਸ਼ ਹੇਜ਼ਲਵੁੱਡ ਵਰਗੇ ਵਿਸ਼ਵ ਪੱਧਰੀ ਗੇਂਦਬਾਜ਼ਾਂ ਦੇ ਹੁੰਦਿਆਂ ਜੇਕਰ ਕੋਈ ਨੌਜਵਾਨ ਗੇਂਦਬਾਜ਼ ਆਪਣੀ ਛਾਪ ਛੱਡ ਜਾਵੇ, ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਆਰ.ਸੀ.ਬੀ. ਦੇ ਰਾਸਿਖ ਸਲਾਮ ਡਾਰ ਨੇ ਕੁਝ ਅਜਿਹਾ ਹੀ ਕਰ ਦਿਖਾਇਆ ਹੈ। ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਨਾਲ ਫਾਈਨਲ ਵਿੱਚ ਕਮਾਲ ਕੀਤਾ ਅਤੇ 4 ਓਵਰਾਂ ਵਿੱਚ 27 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ। ਪੂਰੇ ਸੀਜ਼ਨ ਵਿੱਚ ਉਨ੍ਹਾਂ ਨੇ 12 ਮੈਚ ਖੇਡੇ ਅਤੇ 19 ਵਿਕਟਾਂ ਹਾਸਲ ਕੀਤੀਆਂ।