ਏਸ਼ਿਆਈ ਖੇਡਾਂ 'ਚ ਅੱਜ ਭਾਰਤ ਦਾ ਪਹਿਲਾ ਮੁਕਾਬਲਾ : ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਅਫ਼ਗਾਨਿਸਤਾਨ ਨਾਲ ਭਿੜੇਗੀ ਭਾਰਤੀ ਟੀਮ; ਗੋਲਡ ਮੈਡਲ 'ਤੇ ਨਜ਼ਰਾਂ
ਸ਼੍ਰੇਅਸ ਅਈਅਰ (ਕਪਤਾਨ), ਵੈਭਵ ਸੂਰਿਆਵੰਸ਼ੀ, ਤਿਲਕ ਵਰਮਾ, ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਜਸਪ੍ਰੀਤ ਬੁਮਰਾਹ, ਸੰਜੂ ਸੈਮਸਨ, ਅਕਸ਼ਰ ਪਟੇਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੁਬੇ, ਵਿਪ੍ਰਜ ਨਿਗਮ, ਯਸ਼ ਠਾਕੁਰ
Publish Date: Mon, 28 Sep 2026 11:37 AM (IST)
Updated Date: Mon, 28 Sep 2026 11:44 AM (IST)
ਨਿਸ਼ਿਨ (ਪੀਟੀਆਈ) : ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਮਰਦ ਟੀਮ ਦਾ ਸਾਹਮਣਾ ਏਸ਼ਿਆਈ ਖੇਡਾਂ ਦੇ ਪਹਿਲੇ ਮੈਚ ’ਚ ਸੋਮਵਾਰ ਨੂੰ ਅਫ਼ਗਾਨਿਸਤਾਨ ਨਾਲ ਹੋਵੇਗਾ ਤੇ ਜਾਪਾਨ ਦੇ ਹਾਲਾਤ ’ਚ ਜਲਦੀ ਢਲਣ ਦੀ ਚੁਣੌਤੀ ਟੀਮਾਂ ਦੇ ਸਾਹਮਣੇ ਹੋਵੇਗੀ।
ਕੋਰੋਗੀ ਸਪੋਰਟਸ ਪਾਰਕ ’ਤੇ ਹੀ ਮਹਿਲਾ ਵਰਗ ਦਾ ਮੁਕਾਬਲਾ ਹੋਇਆ ਸੀ, ਜਿਸ ਵਿਚ ਭਾਰਤ ਨੇ ਗੋਲਡ ਮੈਡਲ ਜਿੱਤਿਆ ਸੀ। ਮਹਿਲਾਵਾਂ ਦੇ ਮੁਕਾਬਲਿਆਂ ’ਚ ਵੱਡੇ ਸਕੋਰ ਬਣੇ ਪਰ ਹਾਲੇ ਤੱਕ ਮਰਦ ਟੀਮ ਦੇ ਮੈਚਾਂ ’ਚ ਵੱਡੇ ਸਕੋਰ ਨਹੀਂ ਦੇਖੇ ਗਏ। ਜਾਪਾਨ ਵਿਰੁੱਧ ਮੰਗਲਵਾਰ ਨੂੰ ਸਾਨੋ ’ਚ ਹੋਏ ਮੁਕਾਬਲੇ ’ਚ ਟਰਨਿੰਗ ਪਿੱਚ ’ਤੇ ਭਾਰਤੀ ਟੀਮ ਨੂੰ ਸਖ਼ਤ ਚੁਣੌਤੀ ਮਿਲੀ ਸੀ। ਭਾਰਤੀ ਕ੍ਰਿਕਟਰ ਟੋਕੀਓ ਤੋਂ ਨਾਗੋਯਾ ਬੁਲੇਟ ਟ੍ਰੇਨ ’ਤੇ ਪਹੁੰਚੇ ਹਨ ਤੇ ਸਫਰ ਦਾ ਪੂਰਾ ਮਜ਼ਾ ਲਿਆ। ਕ੍ਰਿਕਟ ਨਾ ਖੇਡਣ ਵਾਲੇ ਦੇਸ਼ ’ਚ ਪਹਿਲੀ ਵਾਰ ਖੇਡਣਾ ਜ਼ਿਆਦਾਤਰ ਕ੍ਰਿਕਟਰਾਂ ਲਈ ਨਵਾਂ ਤਜਰਬਾ ਹੋਵੇਗਾ। ਅਈਅਰ ਨੇ ਨਾਗੋਯਾ ਦੇ ਸਫਰ ਦੌਰਾਨ ਬੀਸੀਸੀਆਈ ਦੀ ਵੈੱਬਸਾਈਟ ’ਤੇ ਕਿਹਾ ਕਿ ਇਹ ਖ਼ੂਬਸੂਰਤ ਹੈ।
ਭਾਰਤ ਦੀ ਮਜ਼ਬੂਤ ਟੀਮ ਭਾਰਤ ਇਥੇ ਪੂਰੀ ਮਜ਼ਬੂਤ ਟੀਮ ਲੈ ਕੇ ਆਇਆ ਹੈ, ਜਿਸ ਵਿਚ ਅਈਅਰ ਤੋਂ ਇਲਾਵਾ ਜਸਪ੍ਰੀਤ ਬੁਮਰਾਹ, ਈਸ਼ਾਨ ਕਿਸ਼ਨ, ਅਭਿਸ਼ੇਕ ਸ਼ਰਮਾ ਤੇ ਅਕਸ਼ਰ ਪਟੇਲ ਹਨ। ਇਸ ਫਾਰਮੈਟ ’ਚ ਭਾਰਤੀ ਕ੍ਰਿਕਟ ਦੀ ਡੂੰਘਾਈ ਨੂੰ ਦੇਖਦੇ ਹੋਏ ਇਸ ਫ਼ੈਸਲੇ ’ਤੇ ਸਵਾਲ ਵੀ ਉੱਠੇ ਸਨ ਕਿਉਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਫੋਕਸ 2027 ਵਨਡੇ ਵਿਸ਼ਵ ਕੱਪ ’ਤੇ ਹੋਣਾ ਚਾਹੀਦਾ ਹੈ। ਭਾਰਤੀ ਟੀਮ ਲਈ ਗੋਲਡ ਤੋਂ ਇਲਾਵਾ ਕੋਈ ਵੀ ਮੈਡਲ ਨਿਰਾਸ਼ਾਜਨਕ ਹੋਵੇਗਾ। ਹਾਲ ਹੀ ਵਿਚ ਦਿੱਲੀ ’ਚ ਭਾਰਤ ਹੱਥੋਂ ਸੀਰੀਜ਼ ’ਚ ਬੁਰੀ ਤਰ੍ਹਾਂ ਹਾਰੀ ਅਫ਼ਗਾਨਿਸਤਾਨ ਦੀ ਟੀਮ ਦਾਰਵਿਸ਼ ਰਸੂਲੀ ਦੀ ਕਪਤਾਨੀ ’ਚ ਨਵੇਂ ਖਿਡਾਰੀਆਂ ਨੂੰ ਲੈ ਕੇ ਆਈ ਹੈ। ਟੀਮ ’ਚ ਛੇ ਖਿਡਾਰੀ ਅਜਿਹੇ ਹਨ, ਜੋ ਪਹਿਲੀ ਵਾਰ ਖੇਡਣਗੇ।
ਕੁਆਰਟਰ ਫਾਈਨਲ ਨਾਲ ਭਾਰਤੀ ਟੀਮ ਦੀ ਸ਼ੁਰੂਆਤ ਭਾਰਤ ਮੁਹਿੰਮ ਦੀ ਸ਼ੁਰੂਆਤ ਕੁਆਰਟਰ ਫਾਈਨਲ ਨਾਲ ਕਰੇਗਾ, ਜਦਕਿ ਅਫ਼ਗਾਨਿਸਤਾਨ ਨੇਪਾਲ ਵਿਰੁੱਧ ਇਕ ਮੈਚ ਖੇਡ ਚੁੱਕਾ ਹੈ, ਜਿਸ ਵਿਚ ਉਸ ਨੂੰ ਹਾਰ ਮਿਲੀ। ਪਹਿਲੇ ਮੈਚ ’ਚ ਉਸਨੇ ਜਾਪਾਨ ਨੂੰ ਹਰਾਇਆ ਸੀ। ਹੋਰਨਾਂ ਖਿਡਾਰੀਆਂ ਦੀ ਤਰ੍ਹਾਂ ਕ੍ਰਿਕਟਰਾਂ ਨੂੰ ਹੋਟਲ ਦੀ ਦਿੱਕਤ ਨਹੀਂ ਹੋਈ ਕਿਉਂਕਿ ਬੀਸੀਸੀਆਈ ਨੇ ਸਾਰਾ ਇੰਤਜ਼ਾਮ ਖ਼ੁਦ ਕੀਤਾ ਹੈ। ਖਿਡਾਰੀ ਨਾਗੋਯਾ ’ਚ ਪੰਜ ਸਿਤਾਰਾ ਹੋਟਲ ’ਚ ਰੁਕੇ ਹਨ। ਸਾਰਿਆਂ ਦੀਆਂ ਨਜ਼ਰਾਂ 15 ਸਾਲ ਦੇ ਵੈਭਵ ਸੂਰਿਆਵੰਸ਼ੀ ’ਤੇ ਹਨ ਪਰ ਅਭਿਸ਼ੇਕ ਤੇ ਸੰਜੂ ਸੈਮਸਨ ਦੀ ਫਾਰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਮੌਕਾ ਮਿਲਣ ਦੀ ਉਮੀਦ ਘੱਟ ਹੀ ਹੈ। ਭਾਰਤ ਨੂੰ ਗੋਲਡ ਜਿੱਤਣ ਲਈ ਸਿਰਫ ਤਿੰਨ ਜਿੱਤਾਂ ਦੀ ਲੋੜ ਹੈ।
ਇਸ ਤਰ੍ਹਾਂ ਹਨ ਟੀਮਾਂ ਭਾਰਤ : ਸ਼੍ਰੇਅਸ ਅਈਅਰ (ਕਪਤਾਨ), ਵੈਭਵ ਸੂਰਿਆਵੰਸ਼ੀ, ਤਿਲਕ ਵਰਮਾ, ਰਵੀ ਬਿਸ਼ਨੋਈ, ਅਭਿਸ਼ੇਕ ਸ਼ਰਮਾ, ਨਿਤੀਸ਼ ਕੁਮਾਰ ਰੈੱਡੀ, ਜਸਪ੍ਰੀਤ ਬੁਮਰਾਹ, ਸੰਜੂ ਸੈਮਸਨ, ਅਕਸ਼ਰ ਪਟੇਲ, ਈਸ਼ਾਨ ਕਿਸ਼ਨ, ਵਾਸ਼ਿੰਗਟਨ ਸੁੰਦਰ, ਅਰਸ਼ਦੀਪ ਸਿੰਘ, ਸ਼ਿਵਮ ਦੁਬੇ, ਵਿਪ੍ਰਜ ਨਿਗਮ, ਯਸ਼ ਠਾਕੁਰ।
ਅਫ਼ਗਾਨਿਸਤਾਨ : ਦਾਰਵਿਸ਼ ਰਸੂਲੀ (ਕਪਤਾਨ), ਮੁਹੰਮਦ ਇਸ਼ਾਕ, ਇਮਰਾਨ ਮੀਰ, ਨਜੀਬੁੱਲਾਹ ਜ਼ਾਦਰਾਨ, ਇਸਮਤ ਆਲਮ, ਕਰੀਮ ਜਨਤ, ਨਾਂਗੇਯਾਲੀਆ ਖਰੋਟੀ, ਅਬਦੁੱਲਾਹ ਅਹਿਮਦਜ਼ਈ, ਖਾਲਿਦ ਤਾਨੀਵਾਲ, ਮੁਹੰਮਦ ਅਕਰਮ, ਫਰੀਦੂਨ ਦਾਊਦਜ਼ਈ, ਫਰਮਾਨੁੱਲਾਹ ਸਫੀ, ਹਸਨ ਇਸਾਖਿਲ, ਫੈਜ਼ਲ ਸ਼ਿਨੋਜ਼ਾਦਾ, ਅਰਬ ਗੁਲ ਮੋਮਾਂਦ।
ਭਾਰਤ ਬਨਾਮ ਅਫ਼ਗਾਨਿਸਤਾਨ
ਸਥਾਨ : ਨਿਸ਼ਿਨ
ਸਮਾਂ : ਸਵੇਰੇ 10.30 ਵਜੇ ਤੋਂ
ਪ੍ਰਸਾਰਣ : ਸੋਨੀ ਸਪੋਰਟਸ ਨੈੱਟਵਰਕ/ਸੋਨੀ ਲਿਵ