ਸਲੀਮਾ ਟੇਟੇ ਦੀ ਕਪਤਾਨੀ ਹੇਠ ਮੈਦਾਨ 'ਚ ਉਤਰੇਗੀ ਭਾਰਤੀ ਮਹਿਲਾ ਹਾਕੀ ਟੀਮ, ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਸਕੁਐਡ ਦਾ ਐਲਾਨ
ਡਿਫੈਂਡਿੰਗ ਚੈਂਪੀਅਨ ਵਜੋਂ ਮੈਦਾਨ ਵਿੱਚ ਉਤਰ ਰਹੀ ਭਾਰਤੀ ਟੀਮ ਇਸ ਤੋਂ ਪਹਿਲਾਂ 2016, 2023 ਅਤੇ 2024 ਵਿੱਚ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ। ਭਾਰਤ ਕੋਲ ਇਸ ਵਾਰ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਖਿਤਾਬੀ ਹੈਟ੍ਰਿਕ ਬਣਾਉਣ ਅਤੇ ਕੁੱਲ ਚੌਥੀ ਵਾਰ ਚੈਂਪੀਅਨ ਬਣਨ ਦਾ ਸੁਨਹਿਰੀ ਮੌਕਾ ਹੈ।
Publish Date: Tue, 10 Nov 2026 01:41 PM (IST)
Updated Date: Tue, 10 Nov 2026 01:49 PM (IST)
ਸੀਨੀਅਰ ਰਿਪੋਰਟਰ, ਜਲੰਧਰ : ਜਾਪਾਨ ਵਿਖੇ ਖੇਡੀਆਂ ਗਈਆਂ ਏਸ਼ੀਅਨ ਗੇਮਜ਼ ਵਿੱਚ ਇਤਿਹਾਸਕ ਸੋਨ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਹੁਣ ਆਪਣੇ ਪਹਿਲੇ ਅੰਤਰਰਾਸ਼ਟਰੀ ਟੂਰਨਾਮੈਂਟ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਕੀ ਇੰਡੀਆ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਹੋਣ ਵਾਲੀ 'ਮੱਧ ਪ੍ਰਦੇਸ਼ ਮਹਿਲਾ ਏਸ਼ੀਅਨ ਚੈਂਪੀਅਨਜ਼ ਟਰਾਫੀ 2026' ਲਈ 20-ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਹਾਈ-ਵੋਲਟੇਜ ਟੂਰਨਾਮੈਂਟ ਵਿੱਚ ਸਟਾਰ ਮਿਡਫੀਲਡਰ ਸਲੀਮਾ ਟੇਟੇ ਭਾਰਤੀ ਟੀਮ ਦੀ ਕਪਤਾਨੀ ਜਾਰੀ ਰੱਖੇਗੀ।
ਇਹ ਵੱਕਾਰੀ ਟੂਰਨਾਮੈਂਟ 19 ਤੋਂ 28 ਨਵੰਬਰ ਤੱਕ ਭੋਪਾਲ ਦੇ ਨਵੇਂ ਬਣੇ ਨਾਥੂ ਬਰਖੇੜਾ ਅੰਤਰਰਾਸ਼ਟਰੀ ਖੇਡ ਕੰਪਲੈਕਸ ਵਿਖੇ ਖੇਡਿਆ ਜਾਵੇਗਾ।
ਹੈਟ੍ਰਿਕ ਤੇ ਚੌਥੇ ਖਿਤਾਬ 'ਤੇ ਭਾਰਤ ਦੀਆਂ ਨਜ਼ਰਾਂ ਡਿਫੈਂਡਿੰਗ ਚੈਂਪੀਅਨ ਵਜੋਂ ਮੈਦਾਨ ਵਿੱਚ ਉਤਰ ਰਹੀ ਭਾਰਤੀ ਟੀਮ ਇਸ ਤੋਂ ਪਹਿਲਾਂ 2016, 2023 ਅਤੇ 2024 ਵਿੱਚ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ। ਭਾਰਤ ਕੋਲ ਇਸ ਵਾਰ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਖਿਤਾਬੀ ਹੈਟ੍ਰਿਕ ਬਣਾਉਣ ਅਤੇ ਕੁੱਲ ਚੌਥੀ ਵਾਰ ਚੈਂਪੀਅਨ ਬਣਨ ਦਾ ਸੁਨਹਿਰੀ ਮੌਕਾ ਹੈ।
ਇਸ ਛੇ ਟੀਮਾਂ ਦੇ ਮੁਕਾਬਲੇ ਵਿੱਚ ਭਾਰਤ ਤੋਂ ਇਲਾਵਾ ਚੀਨ, ਜਾਪਾਨ, ਮਲੇਸ਼ੀਆ, ਥਾਈਲੈਂਡ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ। ਦੱਖਣੀ ਕੋਰੀਆ ਵੀ ਭਾਰਤ ਵਾਂਗ ਤਿੰਨ ਵਾਰ ਇਹ ਖਿਤਾਬ ਜਿੱਤ ਚੁੱਕਾ ਹੈ, ਜਿਸ ਨਾਲ ਦੋਵਾਂ ਟੀਮਾਂ ਵਿਚਾਲੇ ਕੜਾ ਮੁਕਾਬਲਾ ਦੇਖਣ ਨੂੰ ਮਿਲੇਗਾ।
ਟੂਰਨਾਮੈਂਟ ਦਾ ਫਾਰਮੈਟ ਤੇ ਭਾਰਤ ਦਾ ਸ਼ਡਿਊਲ ਟੂਰਨਾਮੈਂਟ ਰਾਊਂਡ-ਰੋਬਿਨ ਫਾਰਮੈਟ ਦੇ ਆਧਾਰ 'ਤੇ ਖੇਡਿਆ ਜਾਵੇਗਾ, ਜਿੱਥੇ ਹਰੇਕ ਟੀਮ ਬਾਕੀ ਪੰਜ ਟੀਮਾਂ ਨਾਲ ਇੱਕ-ਇੱਕ ਮੈਚ ਖੇਡੇਗੀ। ਲੀਗ ਗੇੜ ਦੇ ਅੰਤ ਵਿੱਚ ਸਿਖਰਲੀਆਂ ਚਾਰ ਟੀਮਾਂ ਸੈਮੀਫਾਈਨਲ ਵਿੱਚ ਜਗ੍ਹਾ ਬਣਾਉਣਗੀਆਂ।
- 19 ਨਵੰਬਰ ਨੂੰ ਉਦਘਾਟਨੀ ਮੈਚ ਵਿੱਚ ਚੀਨ ਦਾ ਸਾਹਮਣਾ ਥਾਈਲੈਂਡ ਨਾਲ ਹੋਵੇਗਾ। ਇਸੇ ਦਿਨ ਉਦਘਾਟਨੀ ਸਮਾਰੋਹ ਤੋਂ ਬਾਅਦ ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਮਲੇਸ਼ੀਆ ਵਿਰੁੱਧ ਕਰੇਗਾ।
- 21 ਨਵੰਬਰ : ਭਾਰਤ ਬਨਾਮ ਦੱਖਣੀ ਕੋਰੀਆ
- 22 ਨਵੰਬਰ: ਭਾਰਤ ਬਨਾਮ ਥਾਈਲੈਂਡ
- 24 ਨਵੰਬਰ: ਭਾਰਤ ਬਨਾਮ ਚੀਨ
- 25 ਨਵੰਬਰ: ਭਾਰਤ ਬਨਾਮ ਜਾਪਾਨ
- 27 ਨਵੰਬਰ: ਸੈਮੀਫਾਈਨਲ ਮੁਕਾਬਲੇ
- 28 ਨਵੰਬਰ: ਫਾਈਨਲ ਅਤੇ ਮੈਡਲ ਮੈਚ
ਕੋਚ ਅਤੇ ਅਹੁਦੇਦਾਰਾਂ ਦੇ ਬਿਆਨ ਚੀਫ ਕੋਚ ਸ਼ੋਰਡ ਮਾਰਿਨ ਇਹ ਹੋਰ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਮੰਚ 'ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਬਿਹਤਰੀਨ ਮੌਕਾ ਹੈ। ਕੁਝ ਖਿਡਾਰੀ ਵੱਖ-ਵੱਖ ਪੋਜ਼ੀਸ਼ਨਾਂ 'ਤੇ ਖੇਡਣਗੇ ਤਾਂ ਜੋ ਅਸੀਂ ਵੱਖ-ਵੱਖ ਭੂਮਿਕਾਵਾਂ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਦਾ ਪਰਖ ਕਰ ਸਕੀਏ। ਅਸੀਂ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣ ਅਤੇ ਸਾਲ ਦਾ ਅੰਤ ਜਿੱਤ ਨਾਲ ਕਰਨ ਲਈ ਉਤਸ਼ਾਹਿਤ ਹਾਂ।"
ਡਾ. ਦਿਲੀਪ ਤਿਰਕੀ (ਪ੍ਰਧਾਨ, ਹਾਕੀ ਇੰਡੀਆ) ਨੇ ਕਿਹਾ ਕਿ ਇਹ ਟੂਰਨਾਮੈਂਟ ਸਾਡੀ ਟੀਮ ਲਈ ਏਸ਼ੀਅਨ ਗੇਮਜ਼ ਦੀ ਇਤਿਹਾਸਕ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਣ ਦਾ ਵੱਡਾ ਮੌਕਾ ਹੈ। ਘਰੇਲੂ ਪ੍ਰਸ਼ੰਸਕਾਂ ਦਾ ਸਮਰਥਨ ਖਿਡਾਰੀਆਂ ਲਈ ਵੱਡੀ ਪ੍ਰੇਰਨਾ ਹੋਵੇਗਾ ਅਤੇ ਮੈਨੂੰ ਉਮੀਦ ਹੈ ਕਿ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂ ਰੋਸ਼ਨ ਕਰੇਗੀ। ਸ਼੍ਰੀ ਭੋਲਾ ਨਾਥ ਸਿੰਘ (ਜਨਰਲ ਸਕੱਤਰ, ਹਾਕੀ ਇੰਡੀਆ) ਨੇ ਕਿਹਾ ਕਿ ਮੱਧ ਪ੍ਰਦੇਸ਼ ਏਸ਼ੀਆ ਦੀਆਂ ਬਿਹਤਰੀਨ ਟੀਮਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਸਾਡੀ ਮਹਿਲਾ ਟੀਮ ਲਈ ਇਹ ਸਾਲ ਯਾਦਗਾਰ ਰਿਹਾ ਹੈ। ਡਿਫੈਂਡਿੰਗ ਚੈਂਪੀਅਨ ਹੋਣ ਦੇ ਨਾਤੇ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਪੂਰਾ ਜ਼ੋਰ ਲਗਾਏਗੀ।
ਚੁਣੀ ਗਈ ਭਾਰਤੀ ਟੀਮ - ਗੋਲਕੀਪਰ: ਬੰਸਰੀ ਸੋਲੰਕੀ, ਬਿਛੂ ਦੇਵੀ ਖਾਰੀਬਾਮ।
- ਡਿਫੈਂਡਰ: ਨਿੱਕੀ ਪ੍ਰਧਾਨ, ਜਯੋਤੀ, ਜਯੋਤੀ ਸਿੰਘ, ਸੁਸ਼ੀਲਾ ਚਾਨੂ, ਲਾਲਥਾਨਤਲੁਆਂਗੀ, ਪੂਜਾ ਸਾਹੂ।
- ਮਿਡਫੀਲਡਰ: ਰੁਤੁਜਾ ਦਾਦਾਸੋ ਪਿਸਾਲ, ਸੁਨੇਲਿਤਾ ਟੋਪੋ, ਸਲੀਮਾ ਟੇਟੇ (ਕਪਤਾਨ), ਨੇਹਾ, ਸਾਕਸ਼ੀ ਰਾਣਾ, ਬਲਜੀਤ ਕੌਰ, ਇਸ਼ਿਕਾ।
- ਫਾਰਵਰਡ: ਨਵਨੀਤ ਕੌਰ, ਦੀਪਿਕਾ, ਬਿਊਟੀ ਡੁੰਗਡੁੰਗ, ਲਾਲਰੇਮਸਿਆਮੀ, ਮੁਮਤਾਜ਼ ਖਾਨ